
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਬੀੜ ਦੁਸਾਂਝ ਸਥਿਤ ਕੇਂਦਰੀ ਮੱਝ ਖੋਜ ਕੇਂਦਰ.............
ਨਾਭਾ : ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਬੀੜ ਦੁਸਾਂਝ ਸਥਿਤ ਕੇਂਦਰੀ ਮੱਝ ਖੋਜ ਕੇਂਦਰ (ਨੀਲੀ ਰਾਵੀ ਫ਼ਾਰਮ ਹਾਊਸ) ਦਾ ਦੌਰਾ ਕਰਦਿਆਂ ਕਿਹਾ ਕਿ ਦੇਸੀ ਨਸਲਾਂ ਬਚਾਉਣਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ। ਉਹ ਇਥੇ ਕਰਵਾਏ ਗਏ ਨੀਲੀ ਰਾਵੀ ਕਿਸਾਨ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸੰਸਥਾ ਵਲੋਂ ਤਿਆਰ ਕੀਤੀਆਂ ਜਾ ਰਹੀਆਂ ਨਵੀਂ ਨਸਲ ਦੀਆਂ ਨੀਲੀ ਰਾਵੀ ਮੱਝਾਂ ਅਤੇ ਵਧੀਆ ਕਿਸਮ ਦੇ ਝੋਟਿਆਂ ਦੀਆਂ ਕਿਸਮਾਂ ਸਮੇਤ ਨਸਲ ਸੁਧਾਰ ਦੇ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।
ਸ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਾਤਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ 'ਚ ਨੀਲੀ ਰਾਵੀ ਨਸਲ ਦੀਆਂ ਮੱਝਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਮੱਝਾਂ ਦੀ ਮੁੱਖ ਨਸਲ ਮੁਰ੍ਹਾ ਤੋਂ ਕਿਸੇ ਵੀ ਤਰੀਕੇ ਘੱਟ ਨਹੀਂ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦੇਸੀ ਨਸਲਾਂ ਸਮੇਤ ਨੀਲੀ ਰਾਵੀ ਨੂੰ ਬਚਾਉਣਾਂ ਸਰਕਾਰ ਦਾ ਕਰਤੱਵ ਹੈ ਪਰੰਤੂ ਇਹ ਵੀ ਧਿਆਨ ਰੱਖਣਾਂ ਪੈਣਾ ਹੈ ਕਿ ਕਿਸਾਨਾਂ ਦੀ ਆਮਦਨ ਨਾ ਘਟੇ। ਇਸ ਤੋਂ ਮਗਰੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਇਸ ਕਿਸਾਨ ਸੰਮੇਲਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਤੀ ਲਾਗਤਾਂ ਵੱਧਣ ਕਾਰਨ ਕਿਸਾਨੀ ਇਕ ਲਾਹੇਵੰਦ ਧੰਦਾ ਨਹੀਂ ਰਹੀ
ਜਿਸ ਕਾਰਨ ਕਿਸਾਨਾਂ ਨੂੰ ਆਰਥਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਦੇ ਸਹਾਇਕ ਧੰਦੇ ਅਪਣਾਉਣ ਲਈ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਪਸ਼ੂ ਪਾਲਕਾਂ ਦੀ ਖ਼ੁਦ ਬਣਾਈ ਐਸੋਸੀਏਸ਼ਨ ਬਣਾਕੇ ਨੀਲੀ ਰਾਵੀ ਮੱਝ ਦੇ ਗੁਣਾਂ ਨੂੰ ਨਿਰਧਾਰਤ ਕਰਦਿਆਂ ਪਸ਼ੂ ਮੇਲੇ ਕਰਵਾਉਣ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਨੀਲੀ ਰਾਵੀ ਬ੍ਰੀਡਰ ਐਸੋਸੀਏਸ਼ਨ ਬਣਾਉਣ ਦੀ ਵਧਾਈ ਵੀ ਦਿਤੀ।