ਨਵੀਂ 
ਦਿੱਲੀ, 28 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ 
ਗਠਜੋੜ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ 
ਕੇਜਰੀਵਾਲ ਵਲੋਂ ਗੈਸਟ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਝੂਠਾ ਐਲਾਨ ਕਰਨ ਦੀ 
ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਅਧਿਆਪਕਾਂ ਲਈ ਜੀਵਨ ਰੇਖਾ ਸਾਬਤ ਹੋ
 ਰਹੇ ਮਾਮਲੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਸ. ਸਿਰਸਾ ਨੇ ਕਿਹਾ ਕਿ ਕੇਜਰੀਵਾਲ
 ਨੂੰ ਗੰਦੀ ਤੇ ਘਟੀਆ ਰਾਜਨੀਤੀ ਕਰਨ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ 
ਪਹਿਲਾਂ ਪਾਸ ਕੀਤੇ 14 ਬਿੱਲ ਹਾਲੇ ਮਨਜ਼ੂਰੀ ਵਾਸਤੇ ਲਟਕ ਰਹੇ ਹਨ ਕਿਉਂਕਿ ਇਹ ਪੂਰੇ 
ਵਿਧੀਵਤ ਤਰੀਕੇ ਨਾਲ ਪਾਸ ਨਹੀਂ ਕੀਤੇ ਗਏ ਤੇ ਇਨ੍ਹਾਂ ਨੂੰ ਪਾਸ ਕਰਨ ਵਿਚ ਹੀ ਆਪ ਸਰਕਾਰ 
ਦੀ ਨੀਤੀ ਮਾੜੀ ਸੀ ਜੋ ਚਾਹੁੰਦੀ ਸੀ ਕਿ ਇਹ ਲਟਕਦੇ ਰਹਿਣ ਤੇ ਉਹ ਦੋਸ਼ ਕੇਂਦਰ ਸਰਕਾਰ 'ਤੇ
 ਦੋਸ਼ ਮੜ੍ਹ ਸਕੇ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਗੈਸਟ ਅਧਿਆਪਕਾਂ ਤੇ ਸਰਵ ਸਿੱਖਿਆ
 ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਦੇ ਮਾਮਲੇ ਵਿਚ ਵੀ ਇਹੀ ਗੰਦੀ ਰਾਜਨੀਤੀ ਖੇਡ ਰਹੇ 
ਹਨ।
ਸ. ਸਿਰਸਾ ਨੇ ਕਿਹਾ ਕਿ  ਇਸ ਮਾਮਲੇ ਵਿਚ ਵੀ ਆਪ ਸਰਕਾਰ ਤੇ ਕੇਜਰੀਵਾਲ ਦੇ 
ਮਨਸੂਬੇ ਮਾੜੇ ਹਨ  ਜੋ ਇਸ ਤੱਥ ਤੋਂ ਵੀ ਸਾਬਤ ਹੋ ਜਾਂਦਾ ਹੈ ਕਿ ਅਧਿਆਪਕਾਂ ਦੀਆਂ 
ਸੇਵਾਵਾਂ ਰੈਗੂਲਰ ਕਰਨ ਦੇ ਐਲਾਨ ਵਿਚ ਕੋਈ ਪ੍ਰਬੰਧਕੀ, ਵਿੱਤੀ ਅਤੇ ਕਾਨੂੰਨੀ ਪ੍ਰਵਾਨਗੀ 
ਦੀ ਗੱਲ ਨਹੀਂ ਕੀਤੀ ਗਈ। ਸ. ਸਿਰਸਾ ਨੇ ਕਿਹਾ ਕਿ ਇਸ ਐਲਾਨ ਦੀ ਆੜ ਵਿਚ ਕੇਜਰੀਵਾਲ 
ਅਧਿਆਪਕਾਂ ਨੂੰ ਇਹ ਆਖਣਾ ਚਾਹੁੰਦੇ ਹਨ ਕਿ ਆਪ ਸਰਕਾਰ ਤਾਂ ਉਨ੍ਹਾਂ ਦੇ ਨਾਲ ਹੈ ਪਰ ਜਦੋਂ
 ਫਾਈਲ ਕਾਨੂੰਨੀ ਅੜਿਕਿਆਂ ਕਾਰਨ ਕਲੀਅਰ ਨਹੀਂ ਹੋਵੇਗੀ ਤਾਂ ਉਹ ਦੋਸ਼ ਲਾਉਣਗੇ ਕੇਂਦਰ 
ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਫਾਈਲ ਕਲੀਅਰ ਨਹੀਂ ਕਰ ਰਹੀ।
ਵਿਧਾਇਕ
 ਨੇ ਕਿਹਾ ਕਿ ਕੇਜਰੀਵਾਲ ਵਲੋਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸ਼ੈਲੀ ਦਿੱਲੀ
 ਦੇ ਲੋਕਾਂ ਸਾਹਮਣੇ ਬੇਨਕਾਬ ਹੋ ਚੁੱਕੀ ਹੈ ਅਤੇ ਹੁਣ ਉਹ ਲੋਕਾਂ ਨੂੰ ਹੋਰ ਮੂਰਖ ਨਹੀਂ 
ਬਣਾ ਸਕਦਾ।ਸ. ਸਿਰਸਾ ਨੇ ਸ੍ਰੀ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਵਿਚ
 ਗੰਦੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ।ਉਨ੍ਹਾਂ ਕਿਹਾ ਕਿ ਜੇਕਰ ਉਹ ਸਚਮੁੱਚ ਅਧਿਆਪਕਾਂ 
ਨੂੰ ਰੈਗੂਲਰ ਕਰਨ ਦੇ ਇੱਛੁਕ ਹਨ ਤਾਂ ਉਹ ਪੂਰੇ ਤਰੀਕੇ ਨਾਲ ਕੰਮ ਕਰਨ ਤੇ ਇਸ ਕੇਸ ਵਿਚ 
ਕਾਨੂੰਨੀ, ਪ੍ਰਸ਼ਾਸਕੀ ਤੇ ਵਿੱਤੀ ਪੱਖ ਬਾਰੇ ਸਲਾਹ ਲੈ ਕੇ ਅਧਿਆਪਕਾਂ ਦੀਆਂ ਸੇਵਾਵਾਂ 
ਰੈਗੂਲਰ ਕਰਵਾਉਣ।
                    
                