
ਨਵੀਂ
ਦਿੱਲੀ, 7 ਸਤੰਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਤੇ ਮੈਂਬਰ
ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ
ਕਮੇਟੀ ਦੇ ਜਨਰਲ ਸਕੱਤਰ ਤੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨੀਂ ਕੇਂਦਰੀ
ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸ੍ਰੀ ਰਾਜਿਆਵਰਧਨ ਸਿੰਘ ਰਾਠੌਰ ਨਾਲ ਮੁਲਾਕਾਤ ਕੀਤੀ
ਤੇ ਉਨ੍ਹਾਂ ਤੋਂ ਦਿੱਲੀ ਦੂਰਦਰਸ਼ਨ ਦੇ ਨੈਸ਼ਨਲ ਚੈਨਲ 'ਤੇ ਹਫਤਾਵਾਰੀ ਪ੍ਰੋਗਰਾਮ 'ਪੰਜਾਬੀ
ਦਰਪਣ' ਚਲਦਾ ਰੱਖਣ ਦੀ ਮੰਗ ਕੀਤੀ। ਦੋਹਾਂ ਆਗੂਆਂ ਨੇ ਇਸ ਮਾਮਲੇ 'ਤੇ ਇਕ ਲਿਖਤੀ ਮੰਗ
ਪੱਤਰ ਵੀ ਮੰਤਰੀ ਨੂੰ ਸੌਂਪਿਆ।
ਇਸ ਮਾਮਲੇ 'ਤੇ ਸ੍ਰੀ ਰਾਠੌਰ ਨੇ ਤੁਰਤ ਨੋਟਿਸ
ਲੈਂਦਿਆਂ ਇਸ ਦੀ ਵਿਸਥਾਰਿਤ ਰਿਪੋਰਟ ਤਲਬ ਕਰ ਲਈ ਹੈ। ਮੰਤਰੀ ਨੇ ਦੋਹਾਂ ਆਗੂਆਂ ਨੂੰ
ਭਰੋਸਾ ਦੁਆਇਆ ਕਿ ਉਹ ਵਿਅਕਤੀਗਤ ਤੌਰ 'ਤੇ ਇਹ ਯਕੀਨੀ ਬਣਾਉਣਗੇ ਕਿ ਪ੍ਰੋਗਰਾਮ ਚਲਦਾ
ਰਹੇ। ਪ੍ਰੋ. ਚੰਦੂਮਾਜਰਾ ਤੇ ਸ. ਸਿਰਸਾ ਨੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਦਿੱਲੀ
ਦੂਰਦਰਸ਼ਨ ਦੇ ਨੈਸ਼ਨਲ ਚੈਨਲ ਨੇ ਹਫਤਾਵਾਰੀ ਪ੍ਰੋਗਰਾਮ 'ਪੰਜਾਬੀ ਦਰਪਣ' ਦਾ ਪ੍ਰਸਾਰਣ ਬੰਦ
ਕਰ ਦਿੱਤਾ ਹੈ। ਇਹ ਪ੍ਰੋਗਰਾਮ ਹਰ ਮੰਗਲਵਾਰ ਡੀ.ਡੀ. ਨੈਸ਼ਨਲ 'ਤੇ ਸ਼ਾਮ 6 ਵਜੇਂ ਤੋਂ 6.30
ਵਜੇਂ ਦਰਮਿਆਨ ਵਿਖਾਇਆ ਜਾਂਦਾ ਸੀ ਜਿਸ ਵਿਚ ਪੰਜਾਬੀ ਸਭਿਆਚਾਰ, ਇਤਿਹਾਸ, ਭਾਸ਼ਾ, ਸਾਹਿਤ
ਤੇ ਪੰਜਾਬ ਵਿਚਲੇ ਮੇਲਿਆਂ ਦੇ ਨਾਲ ਨਾਲ ਪੰਜਾਬੀ ਦੇ ਚਲੰਤ ਮਾਮਲਿਆਂ ਦੇ ਵੱਖ-ਵੱਖ
ਮੁੱਦਿਆਂ 'ਤੇ ਪ੍ਰੋਗਰਾਮ ਵਿਚ ਚਰਚਾ ਹੁੰਦੀ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ 10
ਵਰ੍ਹਿਆ ਤੋਂ ਚਲ ਰਿਹਾ ਇਹ ਪ੍ਰੋਗਰਾਮ ਅਚਨਚੇਤ ਬੰਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਬੰਦ
ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਪ੍ਰੋਗਰਾਮ ਬੰਦ ਹੋਣ ਨਾਲ
ਪੰਜਾਬੀ ਭਾਈਚਾਰੇ ਦਾ ਵੱਡਾ ਵਰਗ ਤੇ ਪੰਜਾਬੀ ਭਾਸ਼ਾ ਦੇ ਚਹੇਤਿਆਂ ਦੇ ਵੱਡੇ ਵਰਗ ਦੇ
ਮਨਾਂ ਨੂੰ ਠੇਸ ਪਹੁੰਚੀ ਹੈ ਅਤੇ ਉਹ ਦੂਰਦਰਸ਼ਨ ਨੈਸ਼ਨਲ 'ਤੇ ਇਹ ਪ੍ਰੋਗਰਾਮ ਬੰਦ ਕਰਨ ਦੇ
ਫੈਸਲੇ ਤੋਂ ਨਾਖੁਸ਼ ਹਨ। ਇਹ ਪ੍ਰੋਗਰਾਮ ਦੇਸ਼ ਦੇ ਪੰਜਾਬੀ ਬੋਲਦੇ ਲੋਕਾਂ ਵਿਚ ਹਰਮਨ ਪਿਆਰਾ
ਸੀ। ਦੋਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਦੁਨੀਆਂ ਭਰ ਤੋਂ ਪੰਜਾਬੀ ਬੋਲਦੇ ਲੋਕਾਂ
ਦੇ ਰੋਜ਼ਾਨਾ ਸੈਂਕੜੇ ਫੋਨ ਆ ਰਹੇ ਹਨ ਜੋ ਅਪੀਲ ਕਰ ਰਹੇ ਹਨ ਕਿ ਮੰਤਰੀ ਨੂੰ ਪ੍ਰੋਗਰਾਮ
ਚਲਦਾ ਰੱਖਣ ਲਈ ਅਪੀਲ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ
ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਉਹ ਖੁਦ ਇਹ ਪ੍ਰੋਗਰਾਮ ਚਾਲੂ
ਰੱਖਣ ਦੇ ਹੁਕਮ ਬਿਨ੍ਹਾਂ ਦੇਰੀ ਦੇ ਜਾਰੀ ਕਰਨਗੇ। ਸ. ਸਿਰਸਾ ਨੇ ਮੰਤਰੀ ਦਾ ਇਸ ਗੱਲ ਲਈ
ਧੰਨਵਾਦ ਕੀਤਾ।