
ਚੰਡੀਗੜ੍ਹ, 22 ਅਕਤੂਬਰ (ਨੀਲ ਭਲਿੰਦਰ ਸਿਂੰਘ): ਹਰਿਆਣਾ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਕਲ (ਸੋਮਵਾਰ 23 ਅਕਤੂਬਰ) ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਹੰਗਾਮੇਦਾਰ ਰਹਿਣ ਦੀ ਉਮੀਦ ਹੈ। ਵਿਰੋਧੀ ਦਲ-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਕਾਂਗਰਸ ਸਰਕਾਰ ਨੂੰ ਪੰਚਕੂਲਾ ਵਿਚ ਸਿਰਸਾ ਡੇਰੇ ਦੇ ਸਮਰੱਥਕਾਂ ਦੀ ਹਿੰਸਾ ਅਤੇ ਇਸ ਵਿਚ ਵੱਡੇ ਪੈਮਾਨੇ ਉੱਤੇ ਜਾਨ ਮਾਲ ਦੇ ਨੁਕਸਾਨ, ਸਰਕਾਰ ਦੇ ਦਾਦੂਪੁਰ-ਨਲਵੀ ਨਹਿਰ ਉਸਾਰੀ ਨੂੰ ਰੱਦ ਕਰਨ, ਸੂਬੇ 'ਚ ਬਦਤਰ ਕਾਨੂੰਨ ਵਿਵਸਥਾ, ਮੰਡੀਆਂ ਵਿਚ ਨਮੀ ਦੀ ਆੜ ਵਿਚ ਝੋਨੇ ਦੀ ਕੀਮਤ ਵਿਚ ਕਟੌਤੀ ਅਤੇ ਚੋਣ ਵਾਅਦੇ ਪੂਰੇ ਨਾ ਕੀਤੇ ਜਾਣ ਜਿਹੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੇ ਸੰਕੇਤ ਦੇ ਚੁੱਕੇ ਹਨ।
ਸੂਬੇ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਅਤੇ ਇਨੈਲੋ ਨੇਤਾ ਅਤੇ ਨੇਤਾ ਵਿਰੋਧੀ ਧਿਰ ਅਭੈ ਸਿੰਘਚੌਟਾਲਾ ਤਾਂ ਪਹਿਲਾਂ ਹੀ ਇਨ੍ਹਾਂ ਪ੍ਰਮੁੱਖ ਮੁੱਦਿਆਂ 'ਤੇ ਸਦਨ ਨਾ ਚਲਣ ਦੇਣ ਦਾ ਖੁਲ੍ਹੇਆਮ ਐਲਾਨ ਕਰ ਚੁੱਕੇ ਹਨ। ਉਧਰ ਖੱਟੜ ਸਰਕਾਰ ਨੇ ਵੀ ਵਿਰੋਧੀ ਪੱਖ ਦੇ ਹਮਲਿਆਂ ਦੇ ਮੁਕਾਬਲੇ ਲਈ ਅਪਣੀ ਰਣਨੀਤੀ ਤੈਅ ਕਰ ਲਈ ਹੈ। ਸਰਕਾਰ ਇਸ ਸੈਸ਼ਨ ਵਿਚ ਵਿਰੋਧੀਆਂ ਹਮਲਿਆਂ ਦਾ ਜਵਾਬ ਪਿਛਲੇ ਤਿੰਨ ਸਾਲਾਂ ਵਿਚ ਕੀਤੇ ਵਿਕਾਸ ਕੰਮਾਂ, ਸੂਬੇ ਦੇ ਸਾਰੇ ਖੇਤਰਾਂ ਦੇ ਸਮਾਨ ਵਿਕਾਸ ਅਤੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੌਰਾਨ ਵਿਕਾਸ ਕੰਮਾਂ ਵਿਚ ਖੇਤਰੀ ਭੇਦਭਾਵ 'ਤੇ ਅਪਣੀ ਆਵਾਜ਼ ਬੁਲੰਦ ਕਰ ਵਿਰੋਧੀ ਪੱਖ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਪੂਰਾ ਸੈਸ਼ਨ ਕਾਫ਼ੀ ਹੰਗਾਮਾ ਭਰਪੂਰ ਰਹੇਗਾ।