
ਕਾਸਨੀ ਆਮ ਤੌਰ ਤੇ ਬਰਸੀਨ ਵਿਚ ਪਾਈ ਜਾਂਦੀ ਹੈ ਜੋ ਪਸ਼ੂਆਂ ਦੇ ਚਾਰੇ ਵਿਚ ਹੁੰਦੀ ਹੈ। ਇਹ ਪਾਲਕ ਵਰਗੀ ਹੀ ਲਗਦੀ ਹੈ। ਇਹ ਵੀ ਕੁਦਰਤੀ ਰੂਪ ਵਿਚ ਸਾਨੂੰ ਤੋਹਫ਼ਾ ਮਿਲਿਆ...
ਕਾਸਨੀ ਆਮ ਤੌਰ ਤੇ ਬਰਸੀਨ ਵਿਚ ਪਾਈ ਜਾਂਦੀ ਹੈ ਜੋ ਪਸ਼ੂਆਂ ਦੇ ਚਾਰੇ ਵਿਚ ਹੁੰਦੀ ਹੈ। ਇਹ ਪਾਲਕ ਵਰਗੀ ਹੀ ਲਗਦੀ ਹੈ। ਇਹ ਵੀ ਕੁਦਰਤੀ ਰੂਪ ਵਿਚ ਸਾਨੂੰ ਤੋਹਫ਼ਾ ਮਿਲਿਆ ਹੈ। ਇਸ ਦੇ ਫ਼ਾਇਦੇ ਦੱਸਾਂ ਤਾਂ ਤੁਹਾਡੀਆਂ ਉਂਗਲਾਂ ਮੂੰਹ ਵਿਚ ਪੈ ਜਾਣਗੀਆਂ। ਜੇ ਬੂਟੇ ਦੀ ਸ਼ਕਲ ਵੇਖਣੀ ਹੈ ਤਾਂ ਗੂਗਲ ਉਤੇ ਜਾ ਕੇ ਭਾਲ ਲਵੋ। ਆਪਾਂ ਇਸ ਦੇ ਫ਼ਾਇਦਿਆਂ ਉਤੇ ਨਜ਼ਰ ਮਾਰੀਏ। ਇਹ ਗੁਰਦੇ ਲਈ ਬਹੁਤ ਫ਼ਾਇਦੇਮੰਦ ਹੈ। ਜਦ ਖ਼ੂਨ ਵਿਚ ਯੂਰੀਆ, ਕਰੀਏਟੀਨਾਇਟ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਡਾਇਲਾਸਿਸ ਤਕ ਦੀ ਨੌਬਤ ਆ ਜਾਂਦੀ ਹੈ। ਯੂਰਿਕ ਐਸਿਡ ਨਾਲ ਗਠੀਆ ਅਤੇ ਜੋੜਾਂ ਦਾ ਦਰਦ ਹੁੰਦਾ ਹੈ।
ਉਸ ਲਈ ਵੀ ਇਹ ਬਹੁਤ ਲਾਭਦਾਇਕ ਹੈ। ਪੇਸ਼ਾਬ ਰਾਹੀਂ ਯੂਰਿਕ ਐਸਿਡ ਬਾਹਰ ਹੁੰਦਾ ਹੈ। ਗੁਰਦੇ ਅਤੇ ਯੂਰਿਕ ਐਸਿਡ ਵਿਚ 600 ਐਮ.ਐਲ. ਰਸ ਰੋਜ਼ ਸੇਵਨ ਕਰੋ।ਕਾਸਨੀ ਹਰ ਤਰ੍ਹਾਂ ਦੀ ਅਸ਼ੁੱਧਤਾ ਜਿਵੇਂ ਖ਼ੂਨ, ਪਿੱਤ, ਬਲਗਮ ਆਦਿ ਨੂੰ ਬਾਹਰ ਕੱਢ ਦਿੰਦੀ ਹੈ। ਅੰਦਰੂਨੀ ਅੰਗਾਂ ਜਿਵੇਂ ਕਾਲਜਾ, ਤਿੱਲੀ, ਪਿੱਤੇ ਦਾ ਦਰਦ ਹੋਰ ਨੁਕਸ ਵੀ ਠੀਕ ਕਰਦੀ ਹੈ। ਕਬਜ਼ ਅਤੇ ਬਵਾਸੀਰ ਵਿਚ ਇਸ ਦਾ ਪਾਊਡਰ ਬਣਾ ਕੇ 1 ਚਮਚ ਤਿੰਨ ਵਾਰ ਖਾਉ। ਕਾਸਨੀ ਲਿਵਰ ਨੂੰ ਠੀਕ ਰੱਖਣ ਵਿਚ ਬਹੁਤ ਸਹਾਇਕ ਹੈ। ਕਾਸਨੀ ਦੇ ਪੱਤੇ ਅਤੇ ਜੜ੍ਹ ਪੀਲੀਆ ਅਤੇ ਹੈਪੇਟਾਇਟਸ ਵਿਚ ਭੁੱਖ ਵਧਾਉਂਦੇ ਹਨ।
ਇਸ ਦੇ ਬੀਜ ਅਤੇ ਜੜ੍ਹ ਵਿਚ ਤੇਲ, ਨਾਇਟਰੇਟ ਤੇ ਸਲਫ਼ੇਟ ਪੋਟਾਸ਼ ਹੁੰਦਾ ਹੈ। ਕਾਸਨੀ ਦੇ 7 ਗ੍ਰਾਮ ਬੀਜ ਦਾ ਕਾੜ੍ਹਾ ਬਣਾ ਕੇ ਲੈਣ ਨਾਲ ਪੇਸ਼ਾਬ ਦੀ ਰੁਕਾਵਟ, ਪੀਲੀਆ ਅਤੇ ਤਿੱਲੀ ਦੀ ਬੀਮਾਰੀ ਦੂਰ ਹੁੰਦੀ ਹੈ। ਜਦ ਲਿਵਰ ਦਾ ਆਕਾਰ ਵੱਧ ਜਾਂਦਾ ਹੈ ਜਾਂ ਪੇਸ਼ਾਬ ਵਿਚ ਰੁਕਾਵਟ ਹੁੰਦੀ ਹੈ ਤਾਂ ਕਾਸਨੀ ਸੰਕਟ ਮੋਚਨ ਦਾ ਕੰਮ ਕਰਦੀ ਹੈ। ਕਾਸਨੀ ਵਿਚ ਉਹ ਗੁਣ ਹਨ, ਜੋ ਮਾਹਵਾਰੀ ਦੀ ਸੱਭ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੀ ਸਮਰੱਥਾ ਰਖਦੀ ਹੈ। ਇਹ ਜਲਦੀ ਅਤੇ ਦੇਰ ਨਾਲ ਆਉਣ ਵਾਲੀ ਮਾਹਵਾਰੀ ਨੂੰ ਠੀਕ ਕਰਦੀ ਹੈ। ਇਹ ਰੁਕੀ ਮਾਹਵਾਰੀ ਨੂੰ ਵੀ ਠੀਕ ਕਰਦੀ ਹੈ।
Honey
ਚਮੜੀ ਵਿਚ ਖ਼ਰਾਬੀ ਨਾਲ ਚਮੜੀ ਦਾ ਰੰਗ ਫਿੱਕਾ ਪੈ ਜਾਂਦਾ ਹੈ। ਇਹ ਚਮੜੀ ਵਿਚ ਚਮਕ ਲਿਆਉਂਦੀ ਹੈ। ਚਮੜੀ ਰੋਗ ਵਿਚ ਕਾਸਨੀ ਦੇ ਫੁੱਲਾਂ ਦੀ ਚਾਹ ਪੀਣ ਨਾਲ ਚਮੜੀ ਵਿਚ ਚਮਕ ਆਉਂਦੀ ਹੈ। ਧਰਤੀ ਤੇ ਰੱਬ ਜੀ ਨੇ ਬਹੁਤ ਚਮਤਕਾਰੀ ਬੂਟੀਆਂ ਪੈਦਾ ਕੀਤੀਆਂ ਹਨ। ਬਸ ਅਸੀ ਰੰਗ-ਬਰੰਗੀਆਂ ਗੋਲੀਆਂ, ਕੈਪਸੂਲ ਦਾ ਮੋਹ ਤਿਆਗਣਾ ਹੈ। ਅਪਣੇ ਹੱਥ ਨਾਲ ਮਿਹਨਤ ਕਰ ਕੇ ਦਵਾਈ ਤਿਆਰ ਕਰਨੀ ਹੈ ਕਿਉਂਕਿ ਕਈ ਵੀ.ਆਈ.ਪੀ. ਲੋਕ ਪੁੜੀਆਂ ਅਤੇ ਕਾੜ੍ਹੇ ਵੇਖ ਕੇ ਮੂੰਹ ਹੋਰ ਤਰ੍ਹਾਂ ਦਾ ਬਣਾ ਲੈਂਦੇ ਹਨ ਅਤੇ ਸਾਰੀ ਉਮਰ ਬੀਮਾਰੀਆਂ ਦੇ ਜਾਲ ਵਿਚ ਉਲਝਦੇ ਜਾਂਦੇ ਹਨ।
ਇਸੇ ਤਰ੍ਹਾਂ ਸ਼ਹਿਦ ਵਿਚ ਕਿੰਨੇ ਹੀ ਤਾਕਤ ਦੇ ਖ਼ਜ਼ਾਨੇ ਲੁਕੇ ਹਨ। ਲੋਹਾ, ਤਾਂਬਾ, ਐਲੂਮੀਨੀਅਮ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੇਸ਼ੀਅਮ, ਪ੍ਰੋਟੀਨ ਆਦਿ ਸ਼ਹਿਦ ਵਿਚ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਬਹੁਤ ਲਾਭਦਾਇਕ ਹਨ। ਸਰੀਰ ਤਾਕਤਵਰ ਅਤੇ ਤੰਦਰੁਸਤ ਰਹਿੰਦਾ ਹੈ, ਪਰ ਲੋਕਾਂ ਦੀ ਇਹ ਧਾਰਨਾ ਗ਼ਲਤ ਹੈ ਕਿ ਇਹ ਗਰਮ ਹੁੰਦਾ ਹੈ। ਥੋੜਾ ਚਿਰ ਖਾ ਕੇ ਇਸ ਨੂੰ ਬੰਦ ਕਰ ਦਿੰਦੇ ਹਨ।
ਇਹ ਤਾਂ ਕੁਦਰਤ ਦੀ ਅਣਮੋਲ ਦੇਣ ਹੈ। ਕਈ ਵਾਰ ਲੋਕ ਜੰਮੇ ਹੋਏ ਸ਼ਹਿਦ ਨੂੰ ਨਕਲੀ ਕਹਿ ਕੇ ਛੱਡ ਦਿੰਦੇ ਹਨ ਜਦਕਿ ਸ਼ਹਿਦ ਵਿਚ ਮੌਜੂਦ ਡੈਕਸਟੋਜ ਦਾਣੇਦਾਰ ਰੂਪ ਧਾਰਨ ਕਰ ਕੇ ਵਖਰੇ ਹੋ ਜਾਂਦੇ ਹਨ। ਲੈਵੂਲੋਜ਼ ਤਰਲ ਹਾਲਤ ਵਿਚ ਹੀ ਰਹਿੰਦਾ ਹੈ। ਜਿਸ ਸ਼ਹਿਦ ਵਿਚ ਡੈਕਸਟ੍ਰਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਪੂਰੇ ਦਾ ਪੂਰਾ ਠੋਸ ਹੋ ਜਾਂਦਾ ਹੈ। ਲੋਕ ਸਮਝ ਲੈਂਦੇ ਹਨ ਕਿ ਨਕਲੀ ਹੈ ਅਤੇ ਇਸ ਵਿਚ ਖੰਡ ਮਿਲੀ ਹੋਈ ਹੈ।
ਗਰਮ ਪਾਣੀ ਵਿਚ ਰੱਖਣ ਨਾਲ ਇਹ ਫਿਰ ਤਰਲ ਹੋ ਜਾਂਦਾ ਹੈ। ਜੇਕਰ ਇਸ ਦੀ ਪਰਖ ਕਰਨੀ ਹੈ ਤਾਂ ਸੌਖਾ ਜਿਹਾ ਫ਼ਾਰਮੂਲਾ ਹੈ। ਥੋੜਾ ਜਿਹਾ ਸ਼ਹਿਦ ਰੂੰ ਵਿਚ ਭਿਉਂ ਕੇ ਸਾੜੋ। ਬਿਨਾਂ ਆਵਾਜ਼ ਸੜ ਜਾਵੇ ਤਾਂ ਅਸਲੀ ਹੈ ਅਤੇ ਜੇ ਆਵਾਜ਼ ਕਰੇ ਤਾਂ ਨਕਲੀ ਹੈ।ਸ਼ਹਿਦ ਦੇ ਲਾਭ : ਸ਼ਹਿਦ ਨਿੰਬੂ ਸ਼ਰਬਤ ਚਰਬੀ ਘਟਾਉਂਦਾ ਹੈ। ਬੱਚੇ ਜਦੋਂ ਦੰਦ ਕਢਦੇ ਹਨ ਉਦੋਂ ਮਸੂੜਿਆਂ ਉਤੇ ਮੱਲੋ। ਰਾਤ ਨੂੰ ਸੌਣ ਸਮੇਂ ਇਕ ਕੱਪ ਦੁੱਧ ਵਿਚ ਇਕ ਚਮਚ ਸ਼ਹਿਦ ਪਾ ਕੇ ਪੀਣ ਨਾਲ ਖ਼ਾਂਸੀ-ਜ਼ੁਕਾਮ ਵਿਚ ਫ਼ਾਇਦਾ ਹੁੰਦਾ ਹੈ। ਇਹ ਖ਼ੂਨ ਵੀ ਸਾਫ਼ ਕਰਦਾ ਹੈ। ਦਿਲ, ਦਿਮਾਗ਼, ਫ਼ੇਫੜੇ, ਜਿਗਰ ਨੂੰ ਤਾਕਤ ਦਿੰਦਾ ਹੈ।
ਜੇਕਰ ਖ਼ੂਨ ਦੀ ਖ਼ਰਾਬੀ ਹੋਵੇ ਤਾਂ ਲਗਾਤਾਰ ਸੇਵਨ ਕਰਨ ਨਾਲ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ। ਕਮਜ਼ੋਰੀ, ਥਕਾਵਟ ਵਿਚ 20 ਗ੍ਰਾਮ ਸ਼ਹਿਦ ਪਾਣੀ ਵਿਚ ਮਿਲਾ ਕੇ ਪੀਣਾ ਚਾਹੀਦਾ ਹੈ। ਸ਼ੂਗਰ ਰੋਗੀ ਅੱਧਾ ਗ੍ਰਾਮ ਸ਼ਿਲਾਜੀਤ ਇਕ ਚਮਚ ਸ਼ਹਿਦ ਵਿਚ ਮਿਲਾ ਕੇ 3 ਵਾਰ ਖਾਉ। ਛਾਤੀ ਵਿਚ ਜਲਣ ਹੋਵੇ ਤਾਂ ਠੰਢੇ ਪਾਣੀ ਵਿਚ ਸ਼ਹਿਦ ਘੋਲ ਕੇ ਪੀਉ। ਸ਼ਹਿਦ ਪਾਣੀ ਵਿਚ ਘੋਲ ਕੇ ਗਰਾਰੇ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
ਬੱਚਿਆਂ ਨੂੰ ਲਗਾਤਾਰ ਸੇਵਨ ਕਰਾਉ, ਬੱਚਾ ਸਿਹਤਮੰਦ ਹੋਵੇਗਾ। ਜੇ ਬੱਚਾ ਬਿਸਤਰ ਉਤੇ ਪੇਸ਼ਾਬ ਕਰਦਾ ਹੈ ਤਾਂ ਹੱਟ ਜਾਵੇਗਾ। ਬੱਚੇ ਨੂੰ ਲਗਾਤਾਰ ਦਿੰਦੇ ਰਹੋਗੇ ਤਾਂ ਬੱਚੇ ਦੇ ਬੀਮਾਰੀ ਨੇੜੇ ਵੀ ਨਹੀਂ ਆਵੇਗੀ। ਸ਼ਹਿਦ ਨੂੰ ਅਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਅਪਣੇ ਸਰੀਰ ਨੂੰ ਹਮੇਸ਼ਾ-ਹਮੇਸ਼ਾ ਲਈ ਬੀਮਾਰੀ ਤੋਂ ਮੁਕਤ ਕਰ ਸਕਦੇ ਹਾਂ। ਇਸ ਵਿਚ ਜੋ ਤੱਤ ਹੁੰਦੇ ਹਨ ਉਨ੍ਹਾਂ ਦੀ ਅਪਣੇ ਸਰੀਰ ਨੂੰ ਬਹੁਤ ਲੋੜ ਰਹਿੰਦੀ ਹੈ।
ਜਦ ਉਹ ਤੱਤ ਸਰੀਰ ਨੂੰ ਮਿਲ ਗਏ ਫਿਰ ਅਪਣਾ ਸਰੀਰ ਨਿਰੋਗ ਰਹੇਗਾ। ਇਸ ਕੁਦਰਤ ਦੀ ਦੇਣ ਸਰੀਰ ਨੂੰ ਤੁਸੀ ਜਿਸ ਪਾਸੇ ਮਰਜ਼ੀ ਲਗਾ ਲਵੋ ਉਸ ਪਾਸੇ ਹੀ ਚੱਲ ਪਵੇਗਾ। ਗੰਦ ਖਾਉਗੇ ਤਾਂ ਬੀਮਾਰੀ ਤੋਹਫ਼ੇ ਵਿਚ ਮਿਲੇਗੀ, ਜੇ ਚੰਗਾ ਖਾਉਗੇ ਤਾਂ ਸਰੀਰ ਦਾ ਰੰਗ ਰੂਪ ਨਿਖਾਰੇਗਾ। ਰੱਬ ਜੀ ਨੇ ਆਪਾਂ ਨੂੰ ਕੁਦਰਤ ਦੇ ਅਨਮੋਲ ਖ਼ਜ਼ਾਨੇ ਬਖ਼ਸ਼ੇ ਨੇ, ਉਨ੍ਹਾਂ ਵਲ ਧਿਆਨ ਦਿਆ ਕਰੋ।
ਸੰਪਰਕ : 75278-60906