
ਅਫ਼ਗਾਨਿਸਤਾਨ ਦੀ 'ਨੂਰਜਹਾਂ' ਕਿਸਮ ਹੈ ਅੰਬਾਂ ਦੀ ਮਲਿਕਾ
ਅਫ਼ਗਾਨਿਸਤਾਨ- ਤੁਸੀਂ ਅੰਬ ਤਾਂ ਬਥੇਰੇ ਦੇਖੇ ਅਤੇ ਖਾਧੇ ਹੋਣਗੇ ਪਰ ਕੀ ਤੁਸੀਂ ਅਜਿਹੀ ਕਿਸਮ ਦੇ ਅੰਬ ਖਾਧੇ ਹਨ। ਜਿਸ ਦੇ ਇਕ ਅੰਬ ਦਾ ਵਜ਼ਨ 4 ਕਿਲੋ ਦੇ ਕਰੀਬ ਹੋਵੇ। ਹੋ ਗਏ ਨਾ ਹੈਰਾਨ, ਜੀ ਹਾਂ ਇਹ ਖ਼ਾਸੀਅਤ ਨੂਰਜਹਾਂ ਅੰਬ ਦੀ ਕਿਸਮ ਵਿਚ ਪਾਈ ਜਾਂਦੀ ਹੈ। ਆਪਣੀ ਇਸੇ ਖ਼ਾਸੀਅਤ ਕਾਰਨ ਇਹ ਖ਼ਾਸ ਵੀ ਹੈ ਅਤੇ ਮਸ਼ਹੂਰ ਵੀ। ਅੰਬਾਂ ਦੀ ਮਲਿਕਾ ਕਹੀ ਜਾਣ ਵਾਲੀ 'ਨੂਰਜਹਾਂ' ਕਿਸਮ ਸਿਰਫ਼ ਨਾਮ ਤੋਂ ਹੀ ਸ਼ਾਹੀ ਨਹੀਂ ਬਲਕਿ ਇਸ ਦੀਆਂ ਖ਼ਾਸੀਅਤਾਂ ਵੀ ਸ਼ਾਹੀ ਹਨ।
Noorjahan Mango
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਅੰਬ ਦੀ ਇਕ ਗੁਠਲੀ ਦਾ ਵਜ਼ਨ ਹੀ ਡੇਢ ਸੌ ਤੋਂ 200 ਗ੍ਰਾਮ ਦੇ ਵਿਚਕਾਰ ਹੈ। ਇਹ ਖ਼ਾਸ ਅੰਬ ਕਰੀਬ ਇਕ ਫੁੱਟ ਤੱਕ ਲੰਬਾ ਅਤੇ 19 ਇੰਚ ਤੱਕ ਚੌੜਾ ਹੋ ਸਕਦਾ ਹੌ, ਭਾਵ ਕਿ ਇਕ ਛੋਟੇ ਪਰਿਵਾਰ ਦੇ ਲਈ ਸਿਰਫ਼ ਇਕ ਅੰਬ ਹੀ ਕਾਫ਼ੀ ਹੈ। ਅਫ਼ਗਾਨ ਮੂਲ ਦੀ ਇਹ ਅੰਬ ਦੀ ਕਿਸਮ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁ ਗਿਣਤੀ ਖੇਤਰ ਅਲੀਰਾਜ ਤੋਂ ਲੈ ਕੇ ਕੱਠੀਵਾੜਾ ਖੇਤਰ ਵਿਚ ਪਾਈ ਜਾਂਦੀ ਹੈ। ਇਸ ਦੇ ਦਰੱਖਤਾਂ 'ਤੇ ਦਸੰਬਰ ਤਕ ਬੂਰ ਆ ਜਾਂਦਾ ਹੈ ਅਤੇ ਜੂਨ ਤਕ ਫ਼ਲ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਹੈ।
Noorjahan Mango
ਨੂਰਜਹਾਂ ਅੰਬ ਦਾ ਵਜ਼ਨ ਵਾਕਈ ਹੈਰਾਨ ਕਰਨ ਵਾਲਾ ਹੈ। ਨੂਰਜਹਾਂ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਹੈ ਕਿ ਦਹਾਕਿਆਂ ਪਹਿਲਾਂ ਇਸ ਕਿਸਮ ਦੇ ਇਕ ਅੰਬ ਦਾ ਵਜ਼ਨ 7 ਕਿਲੋਗ੍ਰਾਮ ਤੱਕ ਹੁੰਦਾ ਸੀ ਯਾਨੀ ਅੰਬਾਂ ਦੀ ਇਹ ਮਲਿਕਾ ਭਾਰਤ ਵਿਚ ਆ ਕੇ ਕਾਫ਼ੀ ਪਤਲੀ ਹੋ ਗਈ ਹੈ। ਜਲਵਾਯੂ ਪਰਿਵਰਤਨ, ਤਾਪਮਾਨ 'ਚ ਬਦਲਾਅ ਅਤੇ ਉਚਿਤ ਦੇਖਰੇਖ ਦੀ ਘਾਟ ਵਿਚ ਇਸ ਦੀ ਪੈਦਾਵਾਰ ਘੱਟ ਹੋ ਰਹੀ ਹੈ ਹੁਣ ਮੱਧ ਪ੍ਰਦੇਸ਼ ਦੇ ਇਸ ਖੇਤਰ ਵਿਚ ਵੀ ਨੂਰਜਹਾਂ ਦੇ ਕੁੱਝ ਹੀ ਦਰੱਖਤ ਬਚੇ ਹਨ।
Noorjahan Mango
ਨੂਰਜਹਾਂ ਉਗਾਉਣ ਵਾਲੇ ਇੱਥੋਂ ਦੇ ਇਕ ਕਿਸਾਨ ਨੂੰ ਇਸ ਫ਼ਸਲ ਦੀ ਪੈਦਾਵਾਰ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਪਰ ਜੇਕਰ ਸਰਕਾਰ ਇਸ ਅੰਬਾਂ ਦੀ ਮਲਿਕਾ 'ਨੂਰਜਹਾਂ' ਦੀ ਪੈਦਾਵਾਰ ਵੱਲ ਧਿਆਨ ਦੇਵੇ ਤਾਂ ਦੇਸ਼ ਵਿਚ ਇਸ ਦੀ ਕਾਸ਼ਤ ਵਧਾਈ ਜਾ ਸਕਦੀ ਹੈ ਪਰ ਅਫ਼ਸੋਸ ਕਿ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਦਾ ਆਲਮ ਹੈ।