ਹੁਣ ਪਹਿਲਾਂ ਵਾਂਗ ਸਾਉਣ ਮਹੀਨੇ ਨਹੀਂ ਪਕਦੇ ਖੀਰ ਪੂੜੇ
Published : Jul 29, 2019, 1:39 pm IST
Updated : Jul 29, 2019, 1:39 pm IST
SHARE ARTICLE
ਖੀਰ ਪੂੜੇ
ਖੀਰ ਪੂੜੇ

ਬਚਪਨ ਅਪਣੇ ਨਾਲ ਬਹੁਤ ਕੁੱਝ ਲੈ ਜਾਂਦਾ ਹੈ। ਹੁਣ ਲੋਕਾਂ ਵਿਚ ਪਹਿਲਾਂ ਵਾਂਗ ਸਾਉਣ ਮਹੀਨੇ ਦਾ ਬਿਲਕੁਲ ਚਾਅ ਨਹੀਂ ਰਿਹਾ

ਬਚਪਨ ਅਪਣੇ ਨਾਲ ਬਹੁਤ ਕੁੱਝ ਲੈ ਜਾਂਦਾ ਹੈ। ਹੁਣ ਲੋਕਾਂ ਵਿਚ ਪਹਿਲਾਂ ਵਾਂਗ ਸਾਉਣ ਮਹੀਨੇ ਦਾ ਬਿਲਕੁਲ ਚਾਅ ਨਹੀਂ ਰਿਹਾ। ਪਹਿਲਾਂ ਲੋਕ ਸਾਉਣ ਮਹੀਨਾ ਆਉਣ ਉਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਸਨ, ਜਿਨ੍ਹਾਂ ਵਿਚ ਇਕ ਪਕਵਾਨ ਬਹੁਤ ਮੁਸ਼ਹੂਰ ਸੀ। ਉਹ ਪਕਵਾਨ ਹੈ ਖੀਰ ਪੂੜੇ। ਸਾਡਾ ਸਾਰਾ ਹੀ ਪ੍ਰਵਾਰ ਸ਼ੁਰੂ ਤੋਂ ਹੀ ਖਾਣ ਪੀਣ ਦਾ ਬਹੁਤ ਸ਼ੌਕੀਨ ਰਿਹਾ ਹੈ। ਬਹੁਤ ਸਾਰੇ ਪਕਵਾਨ ਅਜਿਹੇ ਹੁੰਦੇ ਹਨ ਜਿਹੜੇ ਵਿਸ਼ੇਸ਼ ਮਹੀਨੇ ਵਿਚ ਬਣਾਏ ਜਾਂਦੇ ਹਨ। ਖੀਰ ਪੂੜੇ ਸਾਉਣ ਦੇ ਮਹੀਨੇ ਵਿਚ ਬਣਾਏ ਜਾਂਦੇ ਸਨ। 

ਬਚਪਨ ਵਿਚ ਜਦ ਸਾਉਣ ਦੇ ਮਹੀਨੇ ਬਰਸਾਤ ਦੀ  ਝੜੀ ਲੱਗ ਜਾਣੀ ਤਾਂ ਅਸੀ ਝੱਟ ਦਾਦੀ ਨੂੰ ਮਾਲ ਪੂੜੇ ਬੁਣਾਉਣ ਲਈ ਮਨਾ ਲੈਣਾ। ਅੱਗੋਂ ਦਾਦੀ ਨੇ ਵੀ ਖਿੜੇ ਮੱਥੇ ਸਾਨੂੰ ਕਹਿ ਦੇਣਾ, ''ਪਕਾ ਦਊਂ ਇਕ ਸ਼ਰਤ ਤੇ ਕਿ ਮੇਰੇ ਕੋਲ ਸਮਾਨ ਲਿਆਈ ਚਲਿਉ, ਜੋ ਮੈਂ ਮੰਗਵਾਈ ਜਾਊਂ।'' ਦਾਦੀ ਨੇ ਚੁੱਲ੍ਹੇ ਵਿਚ ਅੱਗ ਬਾਲ ਲੈਣੀ ਤੇ ਆਪ ਪੀੜੀ ਉਤੇ ਬਹਿ ਜਾਣਾ ਤੇ ਸਾਡੇ ਤੋਂ ਸਮਾਨ ਮੰਗਵਾਈ ਜਾਣਾ।

ਖੀਰ ਪੂੜੇਖੀਰ ਪੂੜੇ

ਇਸ ਤੋਂ ਬਾਅਦ ਦਾਦੀ ਨੇ ਚੁੱਲ੍ਹੇ ਉਤੇ ਤਵਾ ਧਰ ਲੈਣਾ। ਬਾਲਟੀ ਵਿਚ ਪਾਣੀ ਤੇ ਗੁੜ ਘੋਲ ਕੇ ਪੂੜਿਆਂ ਵਾਲਾ ਪਤਲਾ ਜਿਹਾ ਆਟਾ ਤਿਆਰ ਕਰ ਲੈਣਾ ਤੇ ਕਿਸੇ ਛੋਟੇ ਜਹੇ ਭਾਂਡੇ ਨਾਲ ਘੋਲ ਕੇ ਤਵਿਆਂ ਉਤੇ ਪਾਈ ਜਾਣਾ ਤੇ ਪਿੱਪਲ ਦੇ ਪੱਤੇ ਖਿਲਾਰ ਕੇ ਤਵੇ ਦੇ ਸਾਈਜ਼ ਦਾ ਪੂੜਾ ਬਣਾ ਕੇ ਖੁਰਚਣੇ ਨਾਲ ਥੱਲ ਦੇਣਾ। ਮਾਲ੍ਹ ਦਾਦੀ ਨੇ ਕੜਾਹੀ ਵਿਚ ਹੀ ਪਕਾ ਦੇਣੇ। ਮਾਲ੍ਹ ਛੋਟੇ ਹੁੰਦੇ ਸਨ ਜਦ ਕਿ ਪੂੜੇ ਵੱਡੇ ਅਕਾਰ ਦੇ ਹੁੰਦੇ ਸਨ। 

ਉਨ੍ਹਾਂ ਸਮਿਆਂ ਵਿਚ ਸਾਡੇ ਘਰ ਇਕ ਪੁਰਾਣੀ ਰਸੋਈ ਹੁੰਦੀ ਸੀ ਤੇ ਉਸ ਦੀ ਨੁੱਕਰ ਤੇ ਇਕ ਪਾਸੇ ਹਾਰੇ ਬਣੇ ਹੁੰਦੇ ਸਨ, ਜਿਸ ਵਿਚ ਤੌੜੀ ਧਰੀ ਹੁੰਦੀ। ਉਸ ਵਿਚ ਦਾਦੀ ਨੇ ਖੀਰ ਬਣਾ ਲੈਣੀ। ਦਾਦੀ ਸਾਰਾ ਦਿਨ ਅੱਗ ਦੇ ਸੇਕ ਵਿਚ ਬੈਠੀ ਰਹਿੰਦੀ। ਦਾਦੀ ਨੇ ਨਾ ਅੱਕਣਾ ਨਾ ਥੱਕਣਾ ਤੇ ਸਾਰਾ-ਸਾਰਾ ਦਿਨ ਪੂੜੇ ਬਣਾਈ ਜਾਣੇ। ਪੂੜਿਆਂ ਦੀ ਦਾਦੀ ਨੇ ਟੋਕਰੀ ਭਰ ਕੇ ਰੱਖ ਦੇਣੀ। ਉਨ੍ਹਾਂ ਸਮਿਆਂ ਵਿਚ ਸਾਰੇ ਇਕੱਠੇ ਰਹਿੰਦੇ ਸਨ ਤੇ ਪ੍ਰਵਾਰ ਵੀ ਵੱਡੇ ਹੁੰਦੇ ਸਨ।

ਖੀਰ ਪੂੜੇਖੀਰ ਪੂੜੇ

ਇਸੇ ਤਰ੍ਹਾਂ ਸਾਡਾ ਪ੍ਰਵਾਰ ਵੀ ਵੱਡਾ ਸੀ ਜਿਸ ਕਰ ਕੇ ਦਾਦੀ ਪੂੜੇ ਖੁੱਲ੍ਹੇ ਬਣਾਉਂਦੀ ਸੀ ਤੇ ਅਸੀ ਦੋ-ਤਿੰਨ ਦਿਨ ਪੂੜੇ ਖਾਈ ਜਾਣੇ ਤੇ ਦਾਦੀ ਨੇ ਸਾਨੂੰ ਕਹਿਣਾ, ''ਗੁਆਂਢ ਵਿਚ ਵੀ ਫੜਾ ਆਉ ਕਿਸੇ ਭੋਲੇ ਪੰਛੀ ਦੇ ਮੂੰਹ ਵਿਚ ਪੈ ਜਾਣਗੇ।'' ਦਾਦੀ ਨੇ ਸਾਨੂੰ ਦਸਿਆ ਕਿ ਖੀਰ-ਪੂੜੇ, ਕੜਾਹ ਆਦਿ ਸਾਉਣ ਦੇ ਮਹੀਨੇ ਵਿਚ ਹੀ ਖਾਣ ਨੂੰ ਮਿਲਦੇ ਹਨ। ਸਾਉਣ ਦੇ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ ਹੈ।

ਦਾਦੀ ਇਕ ਕਹਾਵਤ ਸੁਣਾਉਂਦੀ ਹੁੰਦੀ ਸੀ ਕਿ 'ਹੋਵੇ ਤੇਲ ਪਕਾਈਏ ਪੂੜੇ, ਆਟਾ ਲਿਆਈਏ ਮੰਗ ਕੇ, ਕਜ਼ੀਆ ਗੁੜ ਦਾ।' ਸਾਨੂੰ ਕੁੱਝ ਨਾ ਸਮਝ ਆਉਣਾ ਤਾਂ ਦਾਦੀ ਨੇ ਝੱਟ ਦਸਣਾ ਕਿ ਪੁੱਤਰ ਪੁਰਾਣੇ ਸਮਿਆਂ ਵਿਚ ਕਿਹੜਾ ਬੋਰਵੈੱਲ ਹੁੰਦੇ ਸੀ, ਖੇਤਾਂ ਨੂੰ ਸਿਰਫ਼ ਮੀਂਹ ਦਾ ਹੀ ਆਸਰਾ ਹੁੰਦਾ ਸੀ ਤੇ ਮੀਂਹ ਸਹਾਰੇ ਹੀ ਖੇਤੀ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਜੇਕਰ ਮੀਂਹ ਪੈ ਜਾਂਦਾ ਸੀ ਤਾਂ ਦੋ ਮਣ ਦਾਣੇ ਖਾਣ ਲਈ ਹੋ ਜਾਂਦੇ ਸੀ, ਨਹੀਂ ਤਾਂ ਬਸ ਥੋੜ੍ਹੀ ਜ਼ਮੀਨ ਹੀ ਅਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੁੰਦਾ  ਸੀ ਇਸ ਲਈ ਕਈ ਪ੍ਰਵਾਰਾਂ ਦੀ ਪੂੜੇ ਬਣਾਉਣ ਦੀ ਸਮਰੱਥਾ ਵੀ ਨਹੀਂ ਹੁੰਦੀ ਸੀ।

ਖੀਰ ਪੂੜੇਖੀਰ ਪੂੜੇ

ਅੱਜ ਮੈਨੂੰ ਉਹ ਕਹਾਵਤ ਸਮਝ ਆਉਂਦੀ ਆਏ ਤੇ ਮੈਂ ਸੋਚਦਾਂ ਅੱਜ ਤਾਂ ਸੁੱਖ ਨਾਲ ਹਰ ਘਰ ਟਿਊਬਵੈੱਲ ਨੇ, ਜ਼ਮੀਨਾਂ ਆਬਾਦ ਨੇ ਤੇ ਸੌ-ਸੌ ਮਣ ਦਾਣੇ ਹੁੰਦੇ ਨੇ। ਅੱਜ ਤਾਂ ਲੋਕਾਂ ਕੋਲ ਕਿਸੇ ਚੀਜ਼ ਦੀ ਥੁੜ ਨਹੀਂ, ਫਿਰ ਲੋਕਾਂ ਦੇ ਘਰ ਪੂੜੇ ਕਿਉਂ ਨਹੀਂ ਬਣਦੇ? ਜ਼ਿੰਦਗੀ ਦੇ ਅਖ਼ੀਰਲੇ ਪੜਾਅ ਵਿਚੋਂ ਲੰਘ ਰਹੀ ਦਾਦੀ ਨੂੰ ਮੈਂ ਇਹ ਸੱਭ ਪੁਛਿਆ ਤਾਂ ਦਾਦੀ ਨੇ ਬੜੀ ਲਿਆਕਤ ਨਾਲ ਜਵਾਬ ਦਿੰਦਿਆਂ ਦਾਦੀ ਦੀਆਂ ਅੱਖਾਂ ਭਰ ਆਈਆਂ।

ਉਨ੍ਹਾਂ ਕਿਹਾ ਕਿ ਪੁੱਤਰ ਅੱਜ ਲੋਕਾਂ ਵਿਚ ਪਹਿਲਾਂ ਵਾਂਗ ਅਪਣੱਤ, ਮੋਹ ਪਿਆਰ ਤੇ ਸਬਰ, ਲਿਆਕਤ ਨਹੀਂ ਰਹੇ। ਅੱਜ ਦੇ ਲੋਕਾਂ ਦੀ ਸਬਰ ਸੌ ਮਣ ਦਾਣਿਆਂ ਨਾਲ ਵੀ ਪੂਰੀ ਨਹੀਂ ਹੋਣੀ। ਦਾਦੀ ਦੀਆਂ ਇਨ੍ਹਾਂ ਗੱਲਾਂ ਦਾ ਮੇਰੇ ਕੋਲ ਕੋਈ ਤੋੜ ਨਹੀਂ ਸੀ। ਅਨਪੜ੍ਹ ਦਾਦੀ ਅੱਗੇ ਮੇਰੀਆਂ ਕੀਤੀਆਂ ਡਿਗਰੀਆਂ ਦੀ ਪੜ੍ਹਾਈ ਵੀ ਜਵਾਬ ਦੇਣ ਤੋਂ ਅਸਮਰਥ ਸੀ। ਦਾਦੀ ਨੇ ਦਸਣਾ ਪੁੱਤਰ ਪਹਿਲਾਂ ਘਰ ਆਏ ਮਹਿਮਾਨਾਂ ਨੂੰ ਖ਼ਾਸ ਤੌਰ ਉਤੇ ਪੂੜੇ ਬਣਾ ਕੇ ਖਵਾਏ ਜਾਂਦੇ ਸਨ। ਅੱਜ ਗੈਸ ਉਤੇ ਬਣਦੇ ਨਿਊਡਲਜ਼, ਮੈਗੀਆਂ ਦਾਦੀ ਦੇ ਚੁੱਲ੍ਹੇ ਉਤੇ ਬਣੇ ਪੂੜਿਆਂ ਦਾ ਸਵਾਦ ਨਹੀਂ ਦਿੰਦੇ। 

ਖੀਰ ਪੂੜੇਖੀਰ ਪੂੜੇ

ਅੱਜ ਦਾਦੀ ਦੀ ਪੂੜੇ ਨਾ ਖਾਣ ਤੇ ਉਹ ਕਹੀ ਗੱਲ ਯਾਦ ਆਉਂਦੀ ਏ ਕਿ ਸਾਉਣ ਖੀਰ ਨਾ ਖਾਧੀਆ, ਤੂੰ ਕਿਉਂ ਜੰਮਿਉਂ ਅਪਰਾਧੀਆ? ਅੱਜ ਸੱਚੀ ਮਹਿਸੂਸ ਹੁੰਦਾ ਏ ਕਿ ਅਸੀ ਅਪਰਾਧੀਆਂ ਦੀ ਸ਼੍ਰੇਣੀ ਵਿਚ ਆ ਗਏ ਹਾਂ ਤੇ ਸਾਡਾ ਜੁਰਮ ਅਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੈ।
ਸੰਪਰਕ : 73077-36899 ਕਮਲ ਬਰਾੜ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement