
ਲੋਕ ਟੈਲੀਵਿਜ਼ਨ ਤੇ ਵੱੱਖ-ਵੱਖ ਚੈਨਲਾਂ ਵਲੋਂ ਵਿਖਾਏ ਜਾਂਦੇ ਸੀਰੀਅਲਾਂ ਕਾਰਨ ਇੰਨੇ ਮਸਤ ਹੋ ਗਏ ਹਨ ਕਿ ਸਵੇਰੇ-ਸ਼ਾਮ ਦੀ ਸੈਰ ਨਾਲੋਂ ਬਿਲਕੁਲ ਨਾਤਾ ਟੁੱਟ ਗਿਆ ਹੈ
ਸਵੇਰੇ ਸੈਰ ਕਰਨ ਦਾਅਜੋਕੇ ਯੁਗ ਵਿਚ ਇਲੈਕਟਰੋਨਿਕ ਮੀਡੀਆ ਦੀ ਅਸੀਮ ਤਰੱਕੀ ਸਦਕਾ ਭਾਵੇਂ ਸਮਾਜ ਵਿਚ ਬਹੁਤ ਉਨਤੀ ਹੋਈ ਹੈ, ਲੋਕ ਟੈਲੀਵਿਜ਼ਨ ਤੇ ਵੱੱਖ-ਵੱਖ ਚੈਨਲਾਂ ਵਲੋਂ ਵਿਖਾਏ ਜਾਂਦੇ ਸੀਰੀਅਲਾਂ ਕਾਰਨ ਇੰਨੇ ਮਸਤ ਹੋ ਗਏ ਹਨ ਕਿ ਸਵੇਰੇ-ਸ਼ਾਮ ਦੀ ਸੈਰ ਨਾਲੋਂ ਬਿਲਕੁਲ ਨਾਤਾ ਟੁੱਟ ਗਿਆ ਹੈ, ਖ਼ਾਸ ਕਰ ਕੇ ਔਰਤਾਂ ਇਸ ਦਾ ਜ਼ਿਆਦਾ ਸ਼ਿਕਾਰ ਹੋਈਆਂ ਹਨ।
Morning walk
ਅੱਜਕਲ੍ਹ ਥਾਂ-ਥਾਂ ਜਿੱਮ ਖੁੱਲ੍ਹ ਚੁਕੇ ਹਨ, ਜਿਥੇ ਆਦਮੀ ਨੂੰ ਸਿਹਤ ਪਖੋਂ ਫ਼ਿੱਟ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਮਾਰਕਿਟ ਵਿਚ ਤਰ੍ਹਾਂ-ਤਰ੍ਹਾਂ ਦੀਆਂ ਗੋਲੀਆਂ ਅਤੇ ਪਾਊਡਰ ਉਪਲਬਧ ਹੋ ਗਏ ਹਨ, ਜਿਨ੍ਹਾਂ ਦੇ ਸੇਵਨ ਨਾਲ ਜਦ ਚਾਹੋ ਆਪਣੀ ਫਾਲਤੂ ਚਰਬੀ ਘਟਾ ਜਾਂ ਵਧਾ ਸਕਦੇ ਹੋ, ਪ੍ਰੰਤੂ ਫਿਰ ਵੀ ਸਵੇਰ ਦੀ ਸੈਰ ਕਰਨ ਦਾ ਅਪਣਾ ਵਖਰਾ ਹੀ ਮਜ਼ਾ ਹੈ। ਮੈਂ ਤੁਹਾਡੇ ਨਾਲ ਸੈਰ ਕਰਨ ਦੇ ਕੁੱਝ ਅਨੁਭਵ ਸਾਂਝੇ ਕਰਨਾ ਚਾਹੁੰਦਾ ਹਾਂ:
Walk
ਸ਼ਾਹੀ ਸ਼ਹਿਰ ਪਟਿਆਲਾ ਵਿਚ ਸ੍ਰੀ ਦੁਖ ਨਿਵਾਰਨ ਸਾਹਿਬ ਤੋਂ ਲੈ ਕੇ ਥਾਪਰ ਇੰਜੀਨੀਅਰਇੰਗ ਕਾਲਜ ਤਕ ਇਕ ਐਨਵਾਇਰਨਮੈਂਟ ਪਾਰਕ ਬਣਿਆ ਹੈ, ਜੋ ਪਾਸੀ ਰੋਡ ਦੇ ਨਾਲ-ਨਾਲ ਚਲਦਾ ਹੈ। ਇਥੇ ਮੌਸਮ ਹਰ ਸਮੇਂ ਖ਼ੁਸ਼ਗਵਾਰ ਰਹਿੰਦਾ ਹੈ। ਇਥੇ ਸੈਂਕੜੇ ਕਿਸਮ ਦੇ ਹਜ਼ਾਰਾਂ ਦਰੱਖਤ ਹਨ। ਦਰੱਖਤ ਇਸ ਤਰ੍ਹਾਂ ਸਿਰ ਜੋੜੀ ਖੜੇ ਹਨ ਕਿ ਉਪਰ ਝਾਕੋ ਤਾਂ ਅਸਮਾਨ ਝਾਤ ਕਰਦਾ ਨਜ਼ਰ ਆਉਂਦਾ ਹੈ।
ਸੈਰ ਕਰਨ ਵਾਲੇ ਦੋ ਰਸਤੇ ਹਨ ਇਕ ਸਿੱਧਾ-ਸਿੱਧਾ ਚਲਦਾ ਹੈ ਅਤੇ ਇਕ ਘੁੰਮਣਘੇਰੀ ਵਾਲਾ ਹੈ। ਇਸ ਰਸਤੇ ਦਾ ਆਉਣ ਜਾਣ 4-8 ਕਿਲੋਮੀਟਰ ਹੋ ਜਾਂਦਾ ਹੈ। ਸਵੇਰੇ ਇਥੇ ਸੈਰ ਕਰਨ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ। ਸਵੇਰੇ-ਸਵੇਰੇ ਇਥੇ ਤਾਜ਼ੀ ਹਵਾ ਦੇ ਹੁਲਾਰੇ ਮਿਲਦੇ ਹਨ। ਮੈਂ ਵੀ ਇਥੇ ਸੈਰ ਕਰਨ ਲਈ ਜਾਂਦਾ ਹਾਂ। ਲੋਕ ਇਥੇ ਕਾਰਾਂ ਸਕੂਟਰਾਂ ਅਤੇ ਸਾਈਕਲਾਂ ਤੇ ਪਹੁੰਚਦੇ ਹਨ। ਇਸ ਤੋਂ ਵਧੀਆ ਜਗ੍ਹਾ ਸੈਰ ਕਰਨ ਲਈ ਹੋਰ ਕਿਤੇ ਨਹੀਂ। ਰਸਤਿਆਂ ਦੇ ਨਾਲ-ਨਾਲ ਫੁੱਲਾਂ ਦੇ ਬੂਟੇ ਲੱਗੇ ਹਨ। ਪਾਰਕ ਦੇ ਅੰਦਰ ਆਉਣ ਲਈ 3-4 ਗੇਟ ਹਨ।
Walking
ਕਈ ਇਕੱਲੇ ਸ਼ੈਰ ਕਰਦੇ ਹਨ, ਕਈ ਦੋ-ਦੋ ਜਾਂ ਤਿੰਨ-ਤਿੰਨ ਦੇ ਗਰੁੱਪਾਂ ਵਿਚ ਹੁੰਦੇ ਹਨ। ਕਈ ਹੌਲੀ ਤੁਰਦੇ ਹਨ ਕਈ ਤੇਜ਼ ਤੁਰਦੇ ਹਨ ਅਤੇ ਕਈ ਭੱਜਦੇ ਹਨ। ਕਈ ਔਰਤਾਂ ਇਕੱਲੀਆਂ ਸੈਰ ਲਈ ਆਉਂਦੀਆਂ ਹਨ ਅਤੇ ਕਈ ਅਪਣੇ ਪਤੀਆਂ ਨਾਲ ਕਦਮ ਮਿਲਾ ਕੇ ਚਲਦੀਆਂ ਹਨ। ਕਈ ਆਪ ਤਾਂ ਫਿਟ ਹੁੰਦੀਆਂ ਹਨ ਪਰ ਪਤੀ ਨਾਲ ਥੁਲ-ਥੁਲ ਕਰ ਕੇ ਚਲਦੇ ਹਨ।
ਕਈ ਔਰਤਾਂ ਅਪਣੀਆਂ ਸਹੇਲੀਆਂ ਨਾਲ ਹੁੰਦੀਆਂ ਹਨ ਜਿਨ੍ਹਾਂ ਦਾ ਮਨਭਾਉਂਦਾ ਵਿਸ਼ਾ ਅਪਣੀਆਂ ਸੱਸਾਂ ਜਾਂ ਨੂੰਹਾਂ ਹੁੰਦੀਆਂ ਹਨ। ਕਈ ਔਰਤਾਂ ਤਾਂ ਇੰਨੀਆਂ ਤੇਜ਼ ਚਲਦੀਆਂ ਹਨ ਜਿਵੇਂ ਪਤੀ ਨੇ ਕਹਿ ਕੇ ਭੇਜਿਆ ਹੋਵੇ ਕਿ ਅੱਜ ਪਤਲੀ ਹੋ ਕੇ ਹੀ ਮੁੜਨਾ ਹੈ। ਕਈ ਧਾਰਮਕ ਗੱਲਾਂ ਕਰਦੇ ਹੁੰਦੇ ਨੇ ਅਤੇ ਕਈ ਰਾਜਨੀਤਿਕ। ਕਈ ਮੋਬਾਇਲ ਤੇ ਈਅਰ ਫ਼ੋਨ ਲਗਾ ਕੇ ਗਾਣੇ ਸੁਣਦੇ ਹੁੰਦੇ ਹਨ। ਉਂਜ ਤਾਂ ਇਥੇ 100-100 ਗਜ਼ ਦੇ ਫ਼ਾਸਲੇ ਤੇ ਸਪੀਕਰ ਲੱਗੇ ਹੋਏ ਹਨ। ਸਵੇਰੇ-ਸ਼ਾਮ ਸ਼ਬਦ ਅਤੇ ਹੋਰ ਧਾਰਮਿਕ ਗਾਣੇ ਹੌਲੀ ਆਵਾਜ਼ ਵਿਚ ਚਲਦੇ ਰਹਿੰਦੇ ਹਨ।
Morning Walk
ਕਈਆਂ ਨੇ ਸੈਰ ਕਰਨ ਲਈ ਪੂਰਾ ਟਰੈਕ ਸੂਟ ਪਾਇਆ ਹੁੰਦਾ ਹੈ। ਕਈ ਲੜਕੇ ਲੜਕੀਆਂ ਦੌੜ ਲਗਾਉਂਦੇ ਮਿਲਦੇ ਹਨ। ਸ਼ਾਇਦ ਕਿਸੇ ਮੁਕਾਬਲੇ ਦੀ ਤਿਆਰੀ ਕਰਦੇ ਹੁੰਦੇ ਹਨ। ਕਈ ਸੈਰ ਦੇ ਬਹਾਨੇ ਸਿਰਫ਼ ਗੱਪਾਂ ਮਾਰਨ ਆਉਂਦੇ ਹਨ।ਪਾਰਕ ਵਿਚ ਥਾਂ-ਥਾਂ ਬੈਠਣ ਲਈ ਬੈਂਚ ਰੱਖੇ ਹੁੰਦੇ ਹਨ। ਸੈਰ ਕਰਨ ਦਾ ਨਜ਼ਾਰਾ ਉਹੀ ਮਾਣ ਸਕਦਾ ਹੈ ਜਿਸ ਤੇ ਸਵੇਰੇ-ਸ਼ਾਮ ਸੈਰ ਕਰਨ ਦਾ ਭੂਤ ਸਵਾਰ ਹੁੰਦਾ ਹੈ। ਆਲਸੀ ਲੋਕ ਅਜਿਹੇ ਨਜ਼ਾਰਿਆਂ ਤੋਂ ਮਹਿਰੂਮ ਰਹਿ ਜਾਂਦੇ ਹਨ।
(ਰਮੇਸ਼ ਕੁਮਾਰ ਸ਼ਰਮਾ ਆਨੰਦ)