
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਅਪਣੇ ਭੋਜਨ ਵਿਚ ਨਮਕ ਜ਼ਿਆਦਾ ਖਾਂਦੇ ਹਨ।
ਨਮਕ ਘੱਟ ਮਾਤਰਾ ਵਿਚ ਹੀ ਖਾਣਾ ਚੰਗਾ ਹੈ। ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਬ੍ਰੋਮਾਈਡ ਵਰਗੇ ਪੋਸ਼ਕ ਤੱਤ ਮਿਲ ਜਾਂਦੇ ਹਨ ਜੋ ਸਰੀਰ ਨੂੰ ਤੰਦਰੁਸਤ ਰਖਦੇ ਹਨ। ਸਰੀਰ ਨੂੰ ਤੰਦਰੁਸਤ ਰਹਿਣ ਲਈ ਇਨ੍ਹਾਂ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਅਪਣੇ ਭੋਜਨ ਵਿਚ ਨਮਕ ਜ਼ਿਆਦਾ ਖਾਂਦੇ ਹਨ।
ਦਸਣਯੋਗ ਹੈ ਕਿ ਤੁਹਾਡੇ ਸਰੀਰ ਨੂੰ ਰੋਜ਼ਾਨਾ ਸਿਰਫ਼ 5 ਗ੍ਰਾਮ ਨਮਕ ਦੀ ਜ਼ਰੂਰਤ ਹੁੰਦੀ ਹੈ। ਅਪਣੇ ਭੋਜਨ ਵਿਚ ਇਕ ਛੋਟਾ ਚਮਚ ਨਮਕ ਦੀ ਹੀ ਵਰਤੋਂ ਕਰੋ। ਇਸ ਤੋਂ ਇਲਾਵਾ ਤੁਹਾਨੂੰ ਦਿਨ ਵਿਚ ਸਿਰਫ਼ 2.3 ਗ੍ਰਾਮ ਸੋਡੀਅਮ ਲੈਣਾ ਚਾਹੀਦਾ ਹੈ। ਇਕ ਰਿਪੋਰਟ ਅਨੁਸਾਰ ਭੋਜਨ ਵਿਚ ਜ਼ਿਆਦਾ ਮਾਤਰਾ ’ਚ ਨਮਕ ਦੀ ਵਰਤੋਂ ਤੁਹਾਡੇ ਦਿਲ ਲਈ ਬਹੁਤ ਖ਼ਤਰਨਾਕ ਹੋ ਸਕਦੀ ਹੈ। ਭੋਜਨ ’ਚ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਨਾਲ ਤੁਹਾਡਾ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਅਪਣੇ ਭੋਜਨ ਵਿਚ ਨਮਕ ਦੀ ਘੱਟ ਵਰਤੋਂ ਕਰੋ।
ਅੱਜਕਲ ਬਹੁਤ ਸਾਰੇ ਲੋਕ ਜ਼ੰਕ ਫ਼ੂਡ ’ਤੇ ਨਿਰਭਰ ਰਹਿੰਦੇ ਹਨ। ਇਸ ਭੋਜਨ ’ਚ ਨਮਕ ਦੀ ਬਹੁਤ ਜ਼ਿਆਦਾ ਮਾਤਰਾ ਮਿਲ ਜਾਂਦੀ ਹੈ। ਇਸ ਲਈ ਅਜਿਹੇ ਭੋਜਨ ਦਾ ਸੇਵਨ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਭੋਜਨ ਦੇ ਉਪਰ ਵਾਧੂ ਨਮਕ ਖਾਣ ਨਾਲ ਦਿਲ ਅਤੇ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜਦੋਂ ਭੋਜਨ ਦੇ ਨਾਲ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਵਿਚ ਮਿਲਣ ਵਾਲੇ ਆਇਰਨ ਦੀ ਬਣਤਰ ਬਦਲ ਜਾਂਦੀ ਹੈ ਅਤੇ ਸਰੀਰ ਇਸ ਨੂੰ ਜਲਦੀ ਜਜ਼ਬ ਕਰ ਲੈਂਦਾ ਹੈ। ਪਰ ਜੇਕਰ ਤੁਸੀਂ ਉਪਰੋਂ ਕੱਚਾ ਨਮਕ ਖਾਂਦੇ ਹੋ ਤਾਂ ਇਸ ਦੀ ਬਣਤਰ ਨਹੀਂ ਬਦਲਦੀ ਅਤੇ ਸਰੀਰ ਇਸ ਨੂੰ ਜਜ਼ਬ ਕਰਨ ਵਿਚ ਵੀ ਸਮਾਂ ਲੈਂਦਾ ਹੈ। ਕੱਚਾ ਨਮਕ ਖਾਣ ਨਾਲ ਹਾਈਪਰਟੈਨਸ਼ਨ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।