ਇਸ ਦਾ ਮਤਲਬ ਇਹ ਹੈ ਕਿ ਹੱਸਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ।
Health News: ਹੱਸਣਾ ਅੰਦਰੂਨੀ ਖ਼ੁਸ਼ੀ ਨੂੰ ਪ੍ਰਗਟਾਉਂਦਾ ਹੈ। ਹੱਸਣ ਨਾਲ ਸਾਡੇ ਸਰੀਰ ਦੀਆਂ ਨਾੜੀਆਂ ਹਰਕਤ ਵਿਚ ਆਉਂਦੀਆਂ ਹਨ ਤੇ ਉਨ੍ਹਾਂ ਦੀ ਕਸਰਤ ਹੋ ਜਾਂਦੀ ਹੈ। ਖ਼ੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਅਤੇ ਸਾਹ ਕਿਰਿਆ ਦੌਰਾਨ ਤਾਜ਼ੀ ਹਵਾ ਅੰਦਰ ਜਾਂਦੀ ਹੈ। ਅੱਖਾਂ ਵਿਚ ਚਮਕ, ਸਰੀਰ ਨੂੰ ਪਸੀਨਾ ਅਤੇ ਫੇਫੜਿਆਂ ਵਿਚ ਤਾਜ਼ੀ ਹਵਾ ਜਾਂਦੀ ਹੈ ਤੇ ਗੰਦੀ ਹਵਾ ਬਾਹਰ ਨਿਕਲਦੀ ਹੈ। ਹੱਸਣ ਨਾਲ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਠੀਕ ਚਲਦੀਆਂ ਹਨ। ਸਰੀਰ ਦੇ ਅੰਗ ਸਹੀ ਤਰੀਕੇ ਨਾਲ ਕੰਮ ਕਰਦੇ ਹਨ। ਜਦੋਂ ਸਰੀਰ ਦਾ ਹਰ ਅੰਗ ਸਹੀ ਚਲਦਾ ਹੈ ਤਾਂ ਸਿਹਤ ਵੀ ਠੀਕ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਹੱਸਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ।
ਮੁਸਕਰਾਹਟ, ਪ੍ਰਸੰਨਤਾ ਅਤੇ ਖ਼ੁਸ਼ੀ ਪ੍ਰਮਾਤਮਾ ਦੁਆਰਾ ਦਿਤੀ ਹੋਈ ਅਜਿਹੀ ਦਵਾਈ ਹੈ ਜਿਸ ਦੀ ਵਰਤੋਂ ਕਰ ਕੇ ਮਨੁੱਖ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ। ਇਹ ਇਕ ਅਜਿਹੀ ਦਵਾਈ ਹੈ ਜੋ ਸਾਨੂੰ ਬਿਲਕੁਲ ਮੁਫ਼ਤ ਮਿਲਦੀ ਹੈ ਅਤੇ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੁੰਦਾ ਸਗੋਂ ਫ਼ਾਇਦੇ ਹੀ ਫ਼ਾਇਦੇ ਹਨ।
ਹੋਰ ਕੋਈ ਵੀ ਦਵਾਈ ਇੰਨੀ ਫ਼ਾਇਦੇਮੰਦ ਨਹੀਂ ਹੁੰਦੀ ਜਿੰਨੀ ਫ਼ਾਇਦੇਮੰਦ ਮੁਸਕਰਾਹਟ ਅਤੇ ਪ੍ਰਸੰਨਤਾ ਹੈ। ਜੇਕਰ ਕੋਈ ਬਹੁਤ ਹੀ ਕਮਜ਼ੋਰ ਵਿਅਕਤੀ ਖ਼ੁਸ਼ ਰਹਿਣ ਲੱਗ ਜਾਵੇ ਤਾਂ ਉਹ ਵੀ ਅਪਣੇ ਅੰਦਰ ਐਨਰਜ਼ੀ ਮਹਿਸੂਸ ਕਰ ਸਕਦਾ ਹੈ। ਰੋਗੀ ਵਿਅਕਤੀ ਜਿਸ ਦਿਨ ਤੋਂ ਖ਼ੁਸ਼ ਰਹਿਣ ਲੱਗੇਗਾ ਉਸੇ ਦਿਨ ਤੋਂ ਹੀ ਠੀਕ ਹੋਣ ਲੱਗੇਗਾ ਕਿਉਂਕਿ ਪ੍ਰਸੰਨ ਰਹਿਣ ਨਾਲ ਸਾਰੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਤੇ ਦਿਮਾਗ ਸੁਚੱਜੇ ਤੌਰ ’ਤੇ ਕੰਮ ਕਰਨ ਲਗਦੇ ਹਨ। ਜੀਅ ਭਰ ਕੇ ਹੱਸਣ ਨਾਲ ਸਰੀਰਕ ਅਤੇ ਮਾਨਸਕ ਦੋਹਾਂ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ।
ਜੋ ਵਿਅਕਤੀ ਨਾਖ਼ੁਸ਼, ਚਿੜਚਿੜਾ ਅਤੇ ਚਿੰਤਤ ਰਹਿੰਦਾ ਹੈ ਉਹ ਅਪਣੇ ਆਤਮ-ਵਿਸ਼ਵਾਸ ਨੂੰ ਗੁਆ ਬੈਠਦਾ ਹੈ ਤੇ ਉਹ ਅਪਣੀ ਜ਼ਿੰਦਗੀ ਦੇ ਉਦੇਸ਼ਾਂ ਅਤੇ ਆਦਰਸ਼ਾਂ ਨੂੰ ਵੀ ਗੁਆ ਬੈਠਦਾ ਹੈ। ਉਹ ਈਰਖਾਲੂ, ਹੰਕਾਰੀ ਤੇ ਸਵਾਰਥੀ ਹੋ ਜਾਂਦਾ ਹੈ। ਇਸ ਪ੍ਰਕਾਰ ਦੀਆਂ ਸਾਰੀਆਂ ਬੁਰਾਈਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਵਿਅਕਤੀ ਪ੍ਰਸੰਨ ਅਤੇ ਹੱਸਦਾ-ਹਸਾਉਂਦਾ ਰਹੇ। ਮੁਸਕਰਾਉਣ ਵਾਲੇ ਵਿਅਕਤੀ ਦੇ ਹਾਵ-ਭਾਵ ਚਿਹਰੇ ’ਤੇ ਉਕਰੇ ਹੋਏ ਹੁੰਦੇ ਹਨ। ਉਸ ਦੇ ਚਿਹਰੇ ’ਤੇ ਹਮੇਸ਼ਾ ਇਕ ਆਕਰਸ਼ਣ ਰਹਿੰਦਾ ਹੈ ਜੋ ਹਰ ਇਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸ ਨੂੰ ਸੁਣਨ ਵਾਲੇ ਪ੍ਰਭਾਵਤ ਹੁੰਦੇ ਹਨ। ਅਜਿਹਾ ਵਿਅਕਤੀ ਸਾਰਿਆਂ ਨੂੰ ਚੰਗਾ ਲਗਦਾ ਹੈ। ਸਾਨੂੰ ਸਮਾਜ ਵਿਚ ਹਾਸੇ ਵਾਲਾ ਵਾਤਾਵਰਣ ਪੈਦਾ ਕਰਨਾ ਚਾਹੀਦਾ ਹੈ।