66 ਬੱਚਿਆਂ (10 ਫੀ ਸਦੀ ) ਦਾ ਜਨਮ ਦਾ ਭਾਰ 2.5 ਕਿਲੋਗ੍ਰਾਮ ਤੋਂ ਘੱਟ ਪਾਇਆ ਗਿਆ
ਨਵੀਂ ਦਿੱਲੀ : ਪਛਮੀ ਅਫਰੀਕੀ ਦੇਸ਼ ਗਾਂਬੀਆ ਵਿਚ 600 ਤੋਂ ਵੱਧ ਗਰਭਅਵਸਥਾ ਦੇ ਵਿਸ਼ਲੇਸ਼ਣ ਵਿਚ ਪਾਇਆ ਗਿਆ ਹੈ ਕਿ ਉੱਚ ਤਾਪਮਾਨ ਦੇ ਸੰਪਰਕ ਵਿਚ ਆਉਣ ਨਾਲ ਗਰਭ ਵਿਚ ਭਰੂਣ ਅਤੇ ਦੋ ਸਾਲ ਤਕ ਦੇ ਬੱਚਿਆਂ ਦੇ ਵਿਕਾਸ ’ਤੇ ਅਸਰ ਪੈ ਸਕਦਾ ਹੈ।
‘ਦਿ ਲੈਂਸੇਟ ਪਲੈਨੇਟਰੀ ਹੈਲਥ’ ਰਸਾਲੇ ’ਚ ਪ੍ਰਕਾਸ਼ਿਤ ਖੋਜ ’ਚ ਕਿਹਾ ਗਿਆ ਹੈ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ ’ਚ ਰੋਜ਼ਾਨਾ ਤਾਪਮਾਨ ’ਚ ਹਰ ਡਿਗਰੀ ਸੈਲਸੀਅਸ ਦੇ ਵਾਧੇ ਦੇ ਨਤੀਜੇ ਵਜੋਂ ਗਰਭ ਅਵਸਥਾ ਦੀ ਮਿਆਦ ਦੇ ਅਨੁਸਾਰ ਬੱਚੇ ਦਾ ਜਨਮ ਦਾ ਭਾਰ ਘੱਟ ਹੁੰਦਾ ਹੈ। ਇਕ ਵਿਅਕਤੀ ਨੂੰ ਤਾਪ ਕਾਰਨ ਤਣਾਅ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸ ਦੇ ਸਰੀਰ ਦੀ ਤਾਪਮਾਨ ਨੂੰ ਨਿਯਮਤ ਕਰਨ ਦੀ ਯੋਗਤਾ ਪ੍ਰਭਾਵਤ ਹੁੰਦੀ ਹੈ।
ਬਰਤਾਨੀਆਂ ਦੇ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪੀਕਲ ਮੈਡੀਸਨ (ਐਲ.ਐਸ.ਐਚ.ਟੀ.ਐਮ.) ਦੀ ਅਗਵਾਈ ਵਾਲੇ ਖੋਜਕਰਤਾਵਾਂ ਨੇ ਅਪਣੇ ਜੀਵਨ ਦੇ ਪਹਿਲੇ 1,000 ਦਿਨਾਂ ਲਈ ਕੁਲ 668 ਬੱਚਿਆਂ ਦਾ ਅਧਿਐਨ ਕੀਤਾ, ਜਿਨ੍ਹਾਂ ’ਚ ਲਗਭਗ ਅੱਧੀਆਂ ਕੁੜੀਆਂ ਅਤੇ ਅੱਧੇ ਮੁੰਡੇ ਸ਼ਾਮਲ ਸਨ।
66 ਬੱਚਿਆਂ (10 ਫੀ ਸਦੀ ) ਦਾ ਜਨਮ ਦਾ ਭਾਰ 2.5 ਕਿਲੋਗ੍ਰਾਮ ਤੋਂ ਘੱਟ ਪਾਇਆ ਗਿਆ, ਜਿਸ ਨੂੰ ਖੋਜਕਰਤਾਵਾਂ ਨੇ ਜਨਮ ਦੇ ਸਮੇਂ ਘੱਟ ਭਾਰ ਦਸਿਆ । ਅਧਿਐਨ ਕੀਤੇ ਗਏ ਬੱਚਿਆਂ ’ਚੋਂ ਲਗਭਗ ਇਕ ਤਿਹਾਈ (218) ਗਰਭ ਅਵਸਥਾ ਲਈ ਛੋਟੇ ਪਾਏ ਗਏ, ਜਦਕਿ ਨੌਂ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ।