ਖੁਦਕੁਸ਼ੀ ਮੁਕਤ ਰਾਜਸਥਾਨ ਦੀ ਸਹੁੰ ਚੁਕਾਈ ਅਤੇ ਆਮ ਲੋਕਾਂ ’ਚ ਜਾਗਰੂਕਤਾ ਲਈ ਤਿਆਰ ਕੀਤੇ ਪੋਸਟਰ ਅਤੇ ਛੋਟੀਆਂ ਫਿਲਮਾਂ ਵੀ ਜਾਰੀ ਕੀਤੀਆਂ
ਜੈਪੁਰ : ਕੌਮੀ ਸਿਹਤ ਮਿਸ਼ਨ ਦੀ ਡਾਇਰੈਕਟਰ ਡਾ: ਭਾਰਤੀ ਦੀਕਸ਼ਿਤ ਨੇ ਕਿਹਾ ਹੈ ਕਿ ਮਾਨਸਿਕ ਰੋਗਾਂ ਦੇ ਕਾਰਨਾਂ ਦੀ ਪਛਾਣ ਕਰ ਕੇ, ਉਨ੍ਹਾਂ ਨੂੰ ਵੱਧ ਤੋਂ ਵੱਧ ਰੋਕ ਕੇ ਅਤੇ ਉਚਿਤ ਇਲਾਜ ਮੁਹੱਈਆ ਕਰਵਾ ਕੇ ਖੁਦਕੁਸ਼ੀਆਂ ਅਤੇ ਉਨ੍ਹਾਂ ਦੇ ਕਾਰਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਵੱਖ-ਵੱਖ ਖੇਤਰਾਂ ’ਚ ਲੋੜ ਅਨੁਸਾਰ ਖੁਦਕੁਸ਼ੀ ਦੀ ਰੋਕਥਾਮ ਲਈ ਕਦਮ ਚੁੱਕਣ ’ਤੇ ਜ਼ੋਰ ਦਿਤਾ। ਦੀਕਸ਼ਿਤ ਮੰਗਲਵਾਰ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ’ਤੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸੀ।
ਉਨ੍ਹਾਂ ਨੇ ਖੁਦਕੁਸ਼ੀ ਮੁਕਤ ਰਾਜਸਥਾਨ ਦੀ ਸਹੁੰ ਚੁਕਾਈ ਅਤੇ ਆਮ ਲੋਕਾਂ ’ਚ ਜਾਗਰੂਕਤਾ ਲਈ ਤਿਆਰ ਕੀਤੇ ਪੋਸਟਰ ਅਤੇ ਛੋਟੀਆਂ ਫਿਲਮਾਂ ਵੀ ਜਾਰੀ ਕੀਤੀਆਂ। ਦੀਕਸ਼ਿਤ ਨੇ ਮਨੋਚਿਕਿਤਸਕਾਂ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਖੁਦਕੁਸ਼ੀ ਦੀ ਰੋਕਥਾਮ ਲਈ ਸੁਝਾਅ ਪੇਸ਼ ਕਰਨ ਦੀ ਲੋੜ ਜ਼ਾਹਰ ਕੀਤੀ।
ਰਵੀ ਪ੍ਰਕਾਸ਼ ਮਾਥੁਰ ਨੇ ਦਸਿਆ ਕਿ ਇਸ ਸਾਲ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਦਾ ਥੀਮ ‘ਖੁਦਕੁਸ਼ੀ ’ਤੇ ਕਹਾਣੀ ਬਦਲੋ, ਗੱਲਬਾਤ ਸ਼ੁਰੂ ਕਰੋ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ’ਚ ਇਸ ਵਿਸ਼ੇ ’ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ।
ਵਿਨੋਦ ਦਾਦੀਆ, ਮਨੋਚਿਕਿਤਸਾ ਦੇ ਪ੍ਰੋਫੈਸਰ, ਨੇ ਕੋਟਾ ’ਚ ਕੋਚਿੰਗ ਵਿਦਿਆਰਥੀਆਂ ਦੇ ਵਿਵਹਾਰ ’ਚ ਤਬਦੀਲੀਆਂ ਅਤੇ ਇਸਦੇ ਮਨੋਵਿਗਿਆਨਕ ਕਾਰਨਾਂ ਅਤੇ ਖੁਦਕੁਸ਼ੀ ਕਰਨ ਤੋਂ ਕੁੱਝ ਦਿਨ ਪਹਿਲਾਂ ਕਿਸੇ ਵੀ ਵਿਅਕਤੀ ਦੇ ਵਿਵਹਾਰ ’ਚ ਵੇਖੇ ਗਏ ਚੇਤਾਵਨੀ ਸੰਕੇਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।