
ਜਾਣੋ ਕੁਝ ਜ਼ਰੂਰੀ ਗੱਲਾਂ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਵਿਚ ਬੇਹਦ ਚਿੰਤਾਜਨਕ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਕਈ ਹਸਪਤਾਲਾਂ ਵਿਚ ਆਕਸੀਜਨ ਦੀ ਕਮੀਂ ਸਾਹਮਣੇ ਆ ਰਹੀ ਹੈ। ਅਜਿਹੇ ਵਿਚ ਆਕਸੀਜਨ ਸਿਲੰਡਰਾਂ ਦੀ ਮੰਗ ਕਾਫੀ ਵਧ ਗਈ ਹੈ। ਇਸ ਦੌਰਾਨ ਆਕਸੀਜਨ ਕੰਸਟ੍ਰੇਟਰ ਦੀ ਵੀ ਕਾਫੀ ਚਰਚਾ ਕੀਤੀ ਜਾ ਰਹੀ ਹੈ। ਦੇਸ਼ ਵਿਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੇ ਆਕਸੀਜਨ ਕੰਸਟ੍ਰੇਟਰ ਦਾ ਨਾਂਅ ਪਹਿਲੀ ਵਾਰ ਸੁਣਿਆ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਕਸੀਜਨ ਕੰਸਟ੍ਰੇਟਰ ਹੁੰਦੇ ਕੀ ਨੇ ਅਤੇ ਇਹ ਕਿਵੇਂ ਕੰਮ ਕਰਦੇ ਹਨ।
Covid Patient
ਕੀ ਹੁੰਦਾ ਹੈ ਆਕਸੀਜਨ ਕੰਸਟ੍ਰੇਟਰ?
ਆਕਸੀਜਨ ਕੰਸਟ੍ਰੇਟਰ ਇਕ ਅਜਿਹਾ ਮੈਡੀਕਲ ਉਪਕਰਨ ਹੈ, ਜੋ ਸਾਡੇ ਆਸਪਾਸ ਮੌਜੂਦ ਹਵਾ ਨੂੰ ਖਿੱਚਦਾ ਹੈ ਅਤੇ ਉਸ ਵਿਚੋਂ ਆਕਸੀਜਨ ਨੂੰ ਵੱਖ ਕਰਕੇ ਸ਼ੁੱਧ ਆਕਸੀਜਨ ਸਪਲਾਈ ਕਰਦਾ ਹੈ। ਵਾਤਾਵਰਣ ਦੀ ਹਵਾ ਵਿਚ 78 ਫੀਸਦ ਨਾਈਟ੍ਰੋਜਨ ਅਤੇ 21 ਫੀਸਦ ਆਕਸੀਜਨ ਗੈਸ ਹੁੰਦੀ ਹੈ। ਹੋਰ ਗੈਸ 1 ਫੀਸਦ ਹੈ।
Oxygen Concentrator
ਆਕਸੀਜਨ ਕੰਸਟ੍ਰੇਟਰ ਇਸ ਹਵਾ ਨੂੰ ਅੰਦਰ ਲੈ ਜਾਂਦਾ ਹੈ ਅਤੇ ਫਿਲਟਰ ਕਰਕੇ ਨਾਈਟ੍ਰੋਜਨ ਨੂੰ ਹਵਾ ਵਿਚ ਵਾਪਸ ਛੱਡਦਾ ਹੈ ਅਤੇ ਮਰੀਜ਼ਾਂ ਨੂੰ ਬਾਕੀ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਦੀ ਮਦਦ ਨਾਲ ਮਰੀਜ਼ ਨੂੰ ਵਾਧੂ ਆਕਸੀਜਨ ਮਿਲਦੀ ਹੈ। ਇਹ ਉਪਕਰਨ 10 ਲੀਟਰ ਪ੍ਰਤੀ ਮਿੰਟ ਦੇ ਫਲੋ ਰੇਟ ਨਾਲ ਲਗਾਤਾਰ ਆਕਸੀਜਨ ਸਪਲਾਈ ਕਰ ਸਕਦਾ ਹੈ। ਆਕਸੀਜਨ ਕੰਸਟ੍ਰੇਟਰ ਮਰੀਜ਼ ਨੂੰ 95% ਤੱਕ ਸ਼ੁੱਧ ਆਕਸੀਜਨ ਦਿੰਦਾ ਹੈ।
ਕੋਰੋਨਾ ਮਰੀਜ਼ਾਂ ਲਈ ਕਿੰਨਾ ਫਾਇਦੇਮੰਦ ਹੈ ਆਕਸੀਜਨ ਕੰਸਟ੍ਰੇਟਰ
ਜਾਣਕਾਰਾਂ ਦਾ ਮੰਨਣਾ ਹੈ ਕਿ ਆਕਸੀਜਨ ਕੰਸਟ੍ਰੇਟਰ ਹਲਕੇ ਲੱਛਣ ਅਤੇ ਦਰਮਿਆਨੇ ਲੱਛਣ ਵਾਲੇ ਕੋਵਿਡ ਮਰੀਜ਼ਾਂ ਲਈ ਕਾਫੀ ਲਾਹੇਵੰਦ ਹੈ। ਖ਼ਾਸ ਤੌਰ ’ਤੇ ਉਹਨਾਂ ਮਰੀਜ਼ਾਂ ਲਈ ਜਿਨ੍ਹਾਂ ਦਾ ਆਕਸੀਜਨ ਸੈਚੁਰੇਸ਼ਨ ਲੈਵਲ 85 ਜਾਂ ਉਸ ਤੋਂ ਜ਼ਿਆਦਾ ਹੁੰਦਾ ਹੈ ਪਰ ਇਹ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਲਈ ਕਾਰਗਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਕ ਮਿੰਟ ਵਿਚ 24 ਲੀਟਰ ਜਾਂ ਉਸ ਤੋਂ ਜ਼ਿਆਦਾ ਆਕਸੀਜਨ ਦੀ ਲੋੜ ਪੈ ਸਕਦੀ ਹੈ।
Oxygen Concentrator
ਕੰਸਟ੍ਰੇਟਰ ਖਰੀਦਣ ਸਮੇਂ ਇਹਨਾਂ ਗੱਲਾਂ ਦਾ ਰੱਖੋ ਖਾਸ ਖ਼ਿਆਲ
ਆਕਸੀਜਨ ਕੰਸਟ੍ਰੇਟਰ ਦੀ ਭਾਰੀ ਮੰਗ ਦੇ ਚਲਦਿਆਂ ਕਈ ਲੋਕ ਫਰਜ਼ੀ ਕੰਸਟ੍ਰੇਟਰ ਬਣਾ ਕੇ ਵੇਚ ਰਹੇ ਹਨ। ਇਸ ਲਈ ਇਹਨਾਂ ਦੀ ਖਰੀਦ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
- ਆਕਸੀਜਨ ਕੰਸਟ੍ਰੇਟਰ ਖਰੀਦਣ ਸਮੇਂ ਇਹ ਜ਼ਰੂਰ ਚੈੱਕ ਕਰੋ ਕਿ ਇਸ ਦਾ ਆਕਸੀਜਨ ਫਲੋ ਰੇਟ ਪ੍ਰਤੀ ਮਿੰਟ ਕਿੰਨਾ ਹੈ। ਇਸ ਸਮੇਂ ਬਾਜ਼ਾਰ ਵਿਚ 5 ਲੀਟਰ ਜਾਂ 10 ਲੀਟਰ ਪ੍ਰਤੀ ਮਿੰਟ ਆਕਸੀਜਨ ਫਲੋ ਰੇਟ ਦੇ ਆਮ ਆਕਸੀਜਨ ਕੰਸਟ੍ਰੇਟਰ ਮਿਲ ਰਹੇ ਹਨ।
- ਆਕਸੀਜਨ ਦੀ ਸ਼ੁੱਧਤਾ ਵੀ ਚੈੱਕ ਕਰੋ। ਇਹ 90% ਤੋਂ ਘੱਟ ਨਹੀਂ ਹੋਣੀ ਚਾਹੀਦੀ।
- ਆਕਸੀਜਨ ਕੰਸਟ੍ਰੇਟਰ ਖਰੀਦਣ ਸਮੇਂ ਸਰਟੀਫਿਕੇਟ ਜ਼ਰੂਰ ਚੈੱਕ ਕਰੋ ਅਤੇ ਇਸ ਨੂੰ ਭਰੋਸੇਯੋਗ ਨਿਰਮਾਤਾ ਕੋਲੋਂ ਹੀ ਖਰੀਦੋ।
- ਅਜਿਹਾ ਕੰਸਟ੍ਰੇਟਰ ਖਰੀਦੋ ਜੋ ਘੱਟ ਬਿਜਲੀ ਵਿਚ ਵੀ ਚੱਲ ਸਕੇ। ਬਾਜ਼ਾਰ ਵਿਚ ਅਜਿਹੇ ਕੰਸਟ੍ਰੇਟਰ ਵੀ ਮੌਜੂਦ ਹਨ ਜੋ ਇਨਵਰਟਰ ਜਾਂ ਕਾਰ ਦੀ ਬੈਟਰੀ ਨਾਲ ਵੀ ਚਲਾਏ ਜਾ ਸਕਦੇ ਹਨ।
ਆਕਸੀਜਨ ਸਿਲੰਡਰ ਅਤੇ ਆਕਸੀਜਨ ਕੰਸਟ੍ਰੇਟਰ ਵਿਚ ਕੀ ਅੰਤਰ ਹੈ?
ਆਕਸੀਜਨ ਸਿਲੰਡਰ ਵਿਚ ਸ਼ੁੱਧ ਆਕਸੀਜਨ ਦੀ ਇਕ ਤੈਅ ਮਾਤਰਾ ਭਰੀ ਹੁੰਦੀ ਹੈ, ਜਿਸ ਨੂੰ ਲਗਾਉਂਦੇ ਹੀ ਮਰੀਜ਼ ਨੂੰ ਉਸ ਦੀ ਲੋੜ ਮੁਤਾਬਕ ਸ਼ੁੱਧ ਆਕਸੀਜਨ ਦਿੱਤੀ ਜਾ ਸਕਦੀ ਹੈ ਪਰ ਆਕਸੀਜਨ ਕੰਸਟ੍ਰੇਟਰ ਵਾਤਾਵਰਨ ਵਿਚ ਮੌਜੂਦ ਹਵਾ ਵਿਚੋਂ ਆਕਸੀਜਨ ਨੂੰ ਫਿਲਟਰ ਕਰਦਾ ਹੈ। ਆਕਸੀਜਨ ਕੰਸਟ੍ਰਟੇਰ ਆਕਸੀਜਨ ਸਿਲੰਡਰ ਦੀ ਤੁਲਨਾ ਵਿਚ ਮਹਿੰਗਾ ਹੁੰਦਾ ਹੈ।
Oxygen Cylinder
ਇਕ ਕੰਸਟ੍ਰੇਟਰ ਦੀ ਕੀਮਤ 22 ਹਜ਼ਾਰ ਤੋਂ ਲੈ ਕੇ 2.7 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਨੂੰ ਇਕ ਵਾਰ ਖਰੀਦਣ ਤੋਂ ਬਾਅਦ ਕਰੀਬ 5 ਸਾਲ ਲਈ ਵਰਤਿਆ ਜਾ ਸਕਦਾ ਹੈ। ਆਕਸੀਜਨ ਸਿਲੰਡਰ ਦੀ ਕੀਮਤ 18 ਤੋਂ 20 ਹਜ਼ਾਰ ਹੈ। ਇਸ ਨੂੰ ਵਾਰ-ਵਾਰ ਰੀਫਿਲ ਕਰਵਾਉਣਾ ਪੈਂਦਾ ਹੈ। ਆਕਸੀਜਨ ਕੰਸਟ੍ਰੇਟਰ ਵਿਚ 90 ਤੋ 95% ਸ਼ੁੱਧ ਆਕਸੀਜਨ ਹੁੰਦੀ ਹੈ ਜਦਕਿ ਆਕਸੀਜਨ ਸਿਲੰਡਰ ਵਿਚ 98% ਜਾਂ ਇਸ ਤੋਂ ਜ਼ਿਆਦਾ ਸ਼ੁੱਧ ਆਕਸੀਜਨ ਹੁੰਦੀ ਹੈ।
Oxygen Concentrator
ਦੇਸ਼ ਦੀਆਂ ਇਹ ਕੰਪਨੀਆਂ ਬਣਾ ਰਹੀਆਂ ਆਕਸੀਜਨ ਕੰਸਟ੍ਰਟੇਰ
ਭਾਰਤ ਵਿਚ ਦੋ ਦਰਜਨ ਤੋਂ ਜ਼ਿਆਦਾ ਕੰਪਨੀਆਂ ਆਕਸੀਜਨ ਕੰਸਟ੍ਰੇਟਰ ਬਣਾ ਰਹੀਆਂ ਹਨ। ਇਹਨਾਂ ਵਿਚ ਹੇਸਲੀ, ਸੋਰਾ, ਫਿਲਿਪਸ, ਐਕਵਾਨਾਕਸ ਅਤੇ ਡਾਕਟਰ ਮਾਰਪਨ ਆਦਿ ਕੰਪਨੀਆਂ ਸ਼ਾਮਲ ਹਨ। ਇਹਨਾਂ ਵਿਚੋਂ ਕੁਝ ਕੰਪਨੀਆਂ ਅਜਿਹੀਆਂ ਹਨ ਜੋ ਹੋਰ ਦੇਸ਼ਾਂ ਤੋਂ ਆਕਸੀਜਨ ਕੰਸਟ੍ਰੇਟਰ ਮੰਗਵਾ ਕੇ ਭਾਰਤ ਵਿਚ ਵੇਚ ਰਹੀਆਂ ਹਨ।