
ਅਧਿਐਨ ਅਨੁਸਾਰ ਇਨ੍ਹਾਂ ਮਾਈਕ੍ਰੋ ਪਲਾਸਟਿਕਸ ਦਾ ਆਕਾਰ 0.1 ਮਿਲੀਮੀਟਰ (ਮਿਲੀਮੀਟਰ) ਤੋਂ ਲੈ ਕੇ ਪੰਜ ਮਿਲੀਮੀਟਰ ਤਕ ਸੀ
ਨਵੀਂ ਦਿੱਲੀ: ਭਾਰਤੀ ਬਾਜ਼ਾਰ ’ਚ ਵਿਕਣ ਵਾਲੇ ਨਮਕ ਅਤੇ ਖੰਡ ਬ੍ਰਾਂਡਾਂ ’ਚ ਮਾਈਕ੍ਰੋਪਲਾਸਟਿਕਸ ਪਾਏ ਗਏ ਹਨ, ਚਾਹੇ ਉਹ ਵੱਡੇ ਬ੍ਰਾਂਡਾਂ, ਛੋਟੇ ਬ੍ਰਾਂਡਾਂ ਦੇ ਹੋਣ, ਪੈਕ ਕੀਤੇ ਗਏ ਹੋਣ ਜਾਂ ਖੁੱਲ੍ਹੇ ’ਚ ਵੇਚੇ ਜਾਣ ਵਾਲੇ ਹੋਣ। ਇਹ ਦਾਅਵਾ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ ’ਚ ਕੀਤਾ ਗਿਆ ਹੈ।
ਵਾਤਾਵਰਣ ਖੋਜ ਸੰਗਠਨ ਟੌਕਸਿਕਸ ਲਿੰਕ ਨੇ ‘ਨਮਕ ਅਤੇ ਖੰਡ ਵਿਚ ਮਾਈਕ੍ਰੋ ਪਲਾਸਟਿਕਸ’ ਸਿਰਲੇਖ ਵਾਲਾ ਅਧਿਐਨ ਕੀਤਾ ਸੀ। ਸੰਗਠਨ ਨੇ ਇਸ ਸਿੱਟੇ ’ਤੇ ਪਹੁੰਚਣ ਲਈ ਟੇਬਲ ਨਮਕ, ਸੇਂਧਾ ਨਮਕ, ਸਮੁੰਦਰੀ ਨਮਕ ਅਤੇ ਸਥਾਨਕ ਕੱਚੇ ਨਮਕ ਸਮੇਤ 10 ਕਿਸਮਾਂ ਦੇ ਨਮਕ ਦਾ ਅਧਿਐਨ ਕੀਤਾ। ਉਨ੍ਹਾਂ ਨੇ ਆਨਲਾਈਨ ਅਤੇ ਸਥਾਨਕ ਬਾਜ਼ਾਰਾਂ ਤੋਂ ਖਰੀਦੀ ਗਈ ਪੰਜ ਕਿਸਮਾਂ ਦੀ ਖੰਡ ਦੀ ਵੀ ਜਾਂਚ ਕੀਤੀ।
ਅਧਿਐਨ ਦੌਰਾਨ, ਨਮਕ ਅਤੇ ਖੰਡ ਦੇ ਸਾਰੇ ਨਮੂਨਿਆਂ ’ਚ ਮਾਈਕ੍ਰੋਪਲਾਸਟਿਕਸ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ ਜੋ ਫਾਈਬਰ, ਪੈਲੇਟ ਫਿਲਮ ਅਤੇ ਟੁਕੜਿਆਂ ਸਮੇਤ ਵੱਖ-ਵੱਖ ਰੂਪਾਂ ’ਚ ਮੌਜੂਦ ਸਨ। ਇਨ੍ਹਾਂ ਮਾਈਕ੍ਰੋ ਪਲਾਸਟਿਕਸ ਦਾ ਆਕਾਰ 0.1 ਮਿਲੀਮੀਟਰ (ਮਿਲੀਮੀਟਰ) ਤੋਂ ਲੈ ਕੇ ਪੰਜ ਮਿਲੀਮੀਟਰ ਤਕ ਸੀ। ਖੋਜ ਪੱਤਰ ਅਨੁਸਾਰ, ਆਇਓਡਾਈਜ਼ਡ ਨਮਕ ’ਚ ਬਹੁ-ਰੰਗੀ ਪਤਲੇ ਰੇਸ਼ੇ ਅਤੇ ਫਿਲਮਾਂ ਦੇ ਰੂਪ ’ਚ ਮਾਈਕ੍ਰੋਪਲਾਸਟਿਕਸ ਦੀ ਸੱਭ ਤੋਂ ਵੱਧ ਮਾਤਰਾ ਪਾਈ ਗਈ।
‘ਟੌਕਸਿਕਸ ਲਿੰਕ’ ਦੇ ਸੰਸਥਾਪਕ-ਨਿਰਦੇਸ਼ਕ ਰਵੀ ਅਗਰਵਾਲ ਨੇ ਕਿਹਾ, ‘‘ਸਾਡੇ ਅਧਿਐਨ ਦਾ ਉਦੇਸ਼ ਮਾਈਕ੍ਰੋਪਲਾਸਟਿਕਸ ’ਤੇ ਮੌਜੂਦਾ ਵਿਗਿਆਨਕ ਡਾਟਾਬੇਸ ’ਚ ਯੋਗਦਾਨ ਪਾਉਣਾ ਸੀ ਤਾਂ ਜੋ ਗਲੋਬਲ ਪਲਾਸਟਿਕ ਕਨਵੈਨਸ਼ਨ ਇਸ ਮੁੱਦੇ ਨੂੰ ਸੰਖੇਪ ਅਤੇ ਕੇਂਦਰਿਤ ਤਰੀਕੇ ਨਾਲ ਹੱਲ ਕਰ ਸਕੇ।’’
ਖੋਜ ਚਿੱਠੀ ਮੁਤਾਬਕ ਨਮਕ ਦੇ ਨਮੂਨਿਆਂ ’ਚ ਮਾਈਕ੍ਰੋਪਲਾਸਟਿਕਸ ਦੀ ਮਾਤਰਾ 6.71 ਤੋਂ 89.15 ਟੁਕੜੇ ਪ੍ਰਤੀ ਕਿਲੋਗ੍ਰਾਮ ਸੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਆਇਓਡੀਨ ਯੁਕਤ ਨਮਕ ਵਿਚ ਮਾਈਕ੍ਰੋਪਲਾਸਟਿਕਸ (89.15 ਟੁਕੜੇ ਪ੍ਰਤੀ ਕਿਲੋਗ੍ਰਾਮ) ਦੀ ਸੱਭ ਤੋਂ ਵੱਧ ਇਕਾਗਰਤਾ ਸੀ, ਜਦਕਿ ਜੈਵਿਕ ਸੇਂਧਾ ਨਮਕ ਵਿਚ ਸੱਭ ਤੋਂ ਘੱਟ (6.70 ਟੁਕੜੇ ਪ੍ਰਤੀ ਕਿਲੋਗ੍ਰਾਮ) ਸਨ।
ਅਧਿਐਨ ਦੇ ਅਨੁਸਾਰ, ਖੰਡ ਦੇ ਨਮੂਨਿਆਂ ’ਚ ਮਾਈਕ੍ਰੋਪਲਾਸਟਿਕਸ ਦੀ ਇਕਾਗਰਤਾ 11.85 ਤੋਂ 68.25 ਟੁਕੜੇ ਪ੍ਰਤੀ ਕਿਲੋਗ੍ਰਾਮ ਸੀ, ਜਿਸ ’ਚ ਸੱਭ ਤੋਂ ਵੱਧ ਇਕਾਗਰਤਾ ਗੈਰ-ਜੈਵਿਕ ਖੰਡ ’ਚ ਪਾਈ ਗਈ ਸੀ। ਮਾਈਕ੍ਰੋਪਲਾਸਟਿਕਸ ਇਕ ਵਧ ਰਹੀ ਵਿਸ਼ਵਵਿਆਪੀ ਚਿੰਤਾ ਹੈ ਕਿਉਂਕਿ ਉਹ ਸਿਹਤ ਅਤੇ ਵਾਤਾਵਰਣ ਦੋਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਛੋਟੇ ਪਲਾਸਟਿਕ ਕਣ ਭੋਜਨ, ਪਾਣੀ ਅਤੇ ਹਵਾ ਰਾਹੀਂ ਮਨੁੱਖੀ ਸਰੀਰ ’ਚ ਦਾਖਲ ਹੋ ਸਕਦੇ ਹਨ।
ਤਾਜ਼ਾ ਖੋਜ ’ਚ ਮਨੁੱਖੀ ਅੰਗਾਂ ਜਿਵੇਂ ਫੇਫੜਿਆਂ, ਦਿਲ ਅਤੇ ਇੱਥੋਂ ਤਕ ਕਿ ਛਾਤੀ ਦੇ ਦੁੱਧ ਅਤੇ ਅਣਜੰਮੇ ਬੱਚਿਆਂ ’ਚ ਮਾਈਕ੍ਰੋਪਲਾਸਟਿਕਸ ਪਾਇਆ ਗਿਆ ਹੈ। ਪਿਛਲੀ ਖੋਜ ਦੇ ਅਨੁਸਾਰ, ਔਸਤਨ ਭਾਰਤੀ ਪ੍ਰਤੀ ਦਿਨ 10.98 ਗ੍ਰਾਮ ਨਮਕ ਅਤੇ ਲਗਭਗ 10 ਚਮਚ ਖੰਡ ਦੀ ਖਪਤ ਕਰਦਾ ਹੈ ਜੋ ਵਿਸ਼ਵ ਸਿਹਤ ਸੰਗਠਨ ਦੀ ਸਿਫਾਰਸ਼ ਕੀਤੀ ਸੀਮਾ ਤੋਂ ਬਹੁਤ ਜ਼ਿਆਦਾ ਹੈ।