
Mpox Virus: ਜਨਵਰੀ 2023 ਤੋਂ ਹੁਣ ਤੱਕ 27,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 1100 ਮੌਤਾਂ ਦਰਜ ਕੀਤੀਆਂ ਗਈਆਂ ਹਨ
Mpox Virus spread in 100 countries: ਦੁਨੀਆਂ ਕੁੱਝ ਸਮਾਂ ਪਹਿਲਾਂ ਹੀ ਕੋਵਿਡ-19 ਵਾਇਰਸ ਦੇ ਖ਼ਤਰੇ ਤੋਂ ਬਾਹਰ ਆਈ ਸੀ ਪਰ ਹੁਣ ਇਕ ਹੋਰ ਵਾਇਰਸ ਨੇ ਚਿੰਤਾ ਵਧਾ ਦਿਤੀ ਹੈ। ਇਸ ਵਾਇਰਸ ਦਾ ਨਾਮ ਮੰਕੀਪਾਕਸ ਹੈ, ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿਤੀ ਹੈ। ਸਿਹਤ ਏਜੰਸੀ ਨੇ ਇਸ ਨੂੰ ‘ਗ੍ਰੇਡ 3 ਐਮਰਜੈਂਸੀ’ ਵਜੋਂ ਸ਼੍ਰੇਣੀਬੱਧ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਇਸ ’ਤੇ ਤੁਰਤ ਧਿਆਨ ਦੇਣ ਦੀ ਲੋੜ ਹੈ।
ਜਨਵਰੀ 2023 ਤੋਂ ਹੁਣ ਤੱਕ 27,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 1100 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕਾਂਗੋ ਦੇ ਕੁੱਝ ਹਿੱਸਿਆਂ ਤੋਂ ਇਲਾਵਾ, ਇਹ ਵਾਇਰਸ ਹੁਣ ਪੂਰਬੀ ਕਾਂਗੋ ਤੋਂ ਰਵਾਂਡਾ, ਯੂਗਾਂਡਾ, ਬੁਰੂੰਡੀ ਅਤੇ ਕੀਨੀਆ ਤਕ ਫੈਲ ਗਿਆ ਹੈ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤਕ 100 ਤੋਂ ਵੀ ਵੱਧ ਦੇਸ਼ਾਂ ਵਿਚ ਇਸ ਵਾਇਰਸ ਦੇ ਪੀੜਤ ਪਾਏ ਗਏ ਹਨ।
ਹੁਣ ਤਕ ਐਮਪਾਕਸ ਵਾਇਰਸ ਦੇ ਕੇਸ ਸਿਰਫ਼ ਅਫ਼ਰੀਕਾ ਵਿਚ ਹੀ ਪਾਏ ਜਾਂਦੇ ਸਨ, ਪਰ ਹੁਣ ਇਸ ਦੇ ਕੇਸ ਅਫ਼ਰੀਕਾ ਤੋਂ ਬਾਹਰ ਵੀ ਮਿਲਣ ਲੱਗੇ ਹਨ। ਇਸ ਦਾ ਇਕ ਮਾਮਲਾ ਭਾਰਤ ਦੇ ਗੁਆਂਢ ਭਾਵ ਪਾਕਿਸਤਾਨ ਵਿੱਚ ਵੀ ਸਾਹਮਣੇ ਆਇਆ ਹੈ। ਪਾਕਿਸਤਾਨੀ ਸਿਹਤ ਮੰਤਰਾਲੇ ਨੇ ਐਮਪਾਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। 34 ਸਾਲਾ ਪੁਰਸ਼ ਵਿਚ ਐਮਪਾਕਸ ਦੇ ਲੱਛਣ ਪਾਏ ਗਏ ਹਨ ਅਤੇ ਪੇਸ਼ਾਵਰ ਸਥਿਤ ਖ਼ੈਬਰ ਮੈਡੀਕਲ ਯੂਨੀਵਰਸਿਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਰੀਜ਼ 3 ਅਗੱਸਤ ਨੂੰ ਸਾਊਦੀ ਅਰਬ ਤੋਂ ਪਾਕਿਸਤਾਨ ਪਰਤਿਆ ਸੀ ਅਤੇ ਪੇਸ਼ਾਵਰ ਪਹੁੰਚਣ ਤੋਂ ਤੁਰਤ ਬਾਅਦ ਹੀ ਇਸ ਵਿਚ ਲੱਛਣ ਪੈਦਾ ਹੋਏ।
ਪਬਲਿਕ ਹੈਲਥ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਦਾ ਉਹੀ ਸਟਰੇਨ ਹੈ, ਜੋ ਸਤੰਬਰ 2023 ਤੋਂ ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ ਵਿਚ ਵੱਧ ਰਿਹਾ ਹੈ ਅਤੇ ਇਸ ਨੂੰ ਕਲੇਡ 1ਬੀ ਸਬਕਲੇਡ ਵਜੋਂ ਜਾਣਿਆ ਜਾਂਦਾ ਹੈ। ਕਾਂਗੋ ਲੋਕਤੰਤਰੀ ਗਣਰਾਜ ਮੱਧ ਅਫ਼ਰੀਕਾ ਵਿਚ ਸਥਿਤ ਇਕ ਦੇਸ਼ ਹੈ, ਜੋ ਕਿ ਅਫ਼ਰੀਕਾ ਵਿਚ ਦੂਜਾ ਸੱਭ ਤੋਂ ਵੱਡਾ ਅਤੇ ਦੁਨੀਆਂ ਦਾ ਸੱਭ ਤੋਂ ਵੱਡਾ ਫ਼ਰੈਂਚ ਬੋਲਣ ਵਾਲਾ ਦੇਸ਼ ਹੈ। ਨਵੀਂ ਵਾਇਰਲ ਸਟਰੇਨ, ਜੋ ਪਹਿਲੀ ਵਾਰ ਸਤੰਬਰ 2023 ਵਿਚ ਸਾਹਮਣੇ ਆਈ ਸੀ, ਡੀਆਰਸੀ ਦੇ ਬਾਹਰ ਪਾਈ ਗਈ ਹੈ। ਸਵੀਡਨ ਦੀ ਪਬਲਿਕ ਹੈਲਥ ਏਜੰਸੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘ਸਟਾਕਹੋਮ ’ਚ ਇਲਾਜ ਲਈ ਆਏ ਇਕ ਵਿਅਕਤੀ ’ਚ ਕਲੇਡ 9 ਵੇਰੀਐਂਟ ਕਾਰਨ ਹੋਣ ਵਾਲੇ ਐਮਪਾਕਸ ਦਾ ਪਤਾ ਲੱਗਾ ਹੈ। ਅਫ਼ਰੀਕੀ ਮਹਾਂਦੀਪ ਦੇ ਬਾਹਰ ਕਲੇਡ 1 ਕਾਰਨ ਇਹ ਪਹਿਲਾ ਕੇਸ ਹੈ। (ਏਜੰਸੀ)