
ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ
ਮੁਹਾਲੀ : ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜੋ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਬਰੈੱਡ ਪਕੌੜਾ, ਸੈਂਡਵਿਚ ਦੇ ਤੌਰ ’ਤੇ ਹੁੰਦੀ ਹੈ। ਮਾਰਕੀਟ ਵਿਚ ਕਈ ਕਿਸਮਾਂ ਦੀਆਂ ਬਰੈੱਡਾਂ ਉਪਲਭਧ ਹਨ, ਪਰ ਜ਼ਿਆਦਾਤਰ ਲੋਕ ਚਿੱਟੀ ਬਰੈੱਡ ਖਾਣਾ ਪਸੰਦ ਕਰਦੇ ਹਨ। ਜ਼ਿਆਦਾ ਬਰੈੱਡ ਦੀ ਵਰਤੋਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਕਿਰਿਆ ਪ੍ਰਭਾਵਤ ਹੋ ਸਕਦੀ ਹੈ।
ਇਕ ਰੀਪੋਰਟ ਮੁਤਾਬਕ ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਬਰੈੱਡ ਕਬਜ਼ ਕਰ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬੀਮਾਰੀ ਜਿਵੇਂ ਕਿ ਪੇਪਟਿਕ ਅਲਸਰ ਦਾ ਕਾਰਨ ਵੀ ਬਣ ਸਕਦੀ ਹੈ। ਇਸ ਤੋਂ ਇਲਾਵਾ ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਨਾਲ ਹੀ ਇਸ ਦੌਰਾਨ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਬਰੈੱਡ ਵਿਚ ਉਹ ਪਦਾਰਥ ਹੁੰਦੇ ਹਨ ਜਿਸ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ਅਤੇ ਜ਼ਿਆਦਾ ਵਰਤੋਂ ਪੇਟ ਦੀ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬੀਮਾਰੀ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਕ ਹੋਰ ਪ੍ਰਕਾਸ਼ਤ ਰੀਪੋਰਟ ਅਨੁਸਾਰ ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਕੋਈ ਪੌਸ਼ਟਿਕ ਤੱਤ ਨਹੀਂ ਮਿਲਦੇ। ਇਸ ਨੂੰ ਖਾਣ ਨਾਲ ਜਲਦਬਾਜ਼ੀ ਵਿਚ ਨਾਸ਼ਤਾ ਛੇਤੀ ਹੋ ਜਾਂਦਾ ਹੈ ਅਤੇ ਪੇਟ ਵੀ ਭਰਦਾ ਹੈ, ਪਰ ਸਰੀਰ ਨੂੰ ਇਸ ਤੋਂ ਊਰਜਾ ਨਹੀਂ ਮਿਲਦੀ।
ਅਜਿਹਾ ਇਸ ਲਈ ਕਿਉਂਕਿ ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਫ਼ਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ। ਅਪਣੇ ਸਰੀਰ ਦੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਤੁਸੀਂ ਲਗਾਤਾਰ ਬਰੈੱਡ ਖਾਉਗੇ ਤਾਂ ਇਹ ਤੁਹਾਡੇ ਭਾਰ ਨੂੰ ਵਧਾਏਗੀ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ’ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਕਿ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਹੈ। ਅਜਿਹੀ ਸਥਿਤੀ ਵਿਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਖਾਣਾ ਲਾਭਕਾਰੀ ਹੁੰਦਾ ਹੈ।