
ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ
Health News: ਤੁਸੀਂ ਸ਼ਾਇਦ ਲਾਲ ਕੇਲੇ ਬਾਰੇ ਨਹੀਂ ਸੁਣਿਆ ਹੋਵੇਗਾ। ਪੀਲੇ ਕੇਲੇ ਵਰਗਾ ਦਿਖਣ ਵਾਲਾ ਇਹ ਕੇਲਾ ਲਾਲ ਰੰਗ ਦਾ ਹੁੰਦਾ ਹੈ। ਪਰ ਅੰਦਰੋਂ ਇਹ ਬਿਲਕੁਲ ਪੀਲੇ ਕੇਲੇ ਵਰਗਾ ਲਗਦਾ ਹੈ। ਲੋਕ ਇਸ ਨੂੰ ਢਾਕਾ ਕੇਲਾ ਦੇ ਨਾਮ ਨਾਲ ਜਾਣਦੇ ਹਨ। ਹਾਲਾਂਕਿ ਇਹ ਪੀਲੇ ਕੇਲੇ ਜਿੰਨਾ ਮਿੱਠਾ ਨਹੀਂ ਹੈ ਪਰ ਸਿਹਤ ਮਾਹਰਾਂ ਮੁਤਾਬਕ ਇਸ ਲਾਲ ਕੇਲੇ ਨੂੰ ਖਾਣ ਨਾਲ ਸਿਹਤ ਲਈ ਕਈ ਫ਼ਾਇਦੇ ਹੁੰਦੇ ਹਨ। ਲਾਲ ਕੇਲੇ ਦਾ ਸਵਾਦ ਪੀਲੇ ਕੇਲੇ ਵਰਗਾ ਹੀ ਹੁੰਦਾ ਹੈ। ਹਾਲਾਂਕਿ, ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ। ਨਹੀਂ ਤਾਂ ਕੱਚੇ ਲਾਲ ਕੇਲੇ ਵਿਚ ਕਿਸੇ ਵੀ ਤਰ੍ਹਾਂ ਦਾ ਸੁਆਦ ਨਹੀਂ ਹੋਵੇਗਾ।
ਲਾਲ ਕੇਲੇ ਵਿਚ ਫ਼ਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਇਕ ਲਾਲ ਕੇਲੇ ਵਿਚ 90 ਕੈਲੋਰੀ ਹੁੰਦੀ ਹੈ। ਕਾਰਬੋਹਾਈਡਰੇਟ ਦੀ ਮਾਤਰਾ ਵੀ ਹੁੰਦੀ ਹੈ। ਲਾਲ ਕੇਲੇ ਵਿਚ ਮੌਜੂਦ ਪੋਟਾਸ਼ੀਅਮ ਸਰੀਰ ਵਿਚ ਗੁਰਦੇ ਦੀ ਪੱਥਰੀ ਨੂੰ ਬਣਨ ਤੋਂ ਰੋਕਦਾ ਹੈ। ਜੇਕਰ ਇਸ ਢਾਕੇ ਦੇ ਕੇਲੇ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਇਹ ਦਿਲ ਦੇ ਰੋਗ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਅ ਵਿਚ ਮਦਦ ਕਰੇਗਾ।
ਇਸ ਨਾਲ ਹੀ ਲਾਲ ਕੇਲਾ ਹੱਡੀਆਂ ਵਿਚ ਕੈਲਸ਼ੀਅਮ ਦੀ ਮਾਤਰਾ ਨੂੰ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਇਹ ਅਜੀਬ ਲੱਗ ਸਕਦਾ ਹੈ ਪਰ ਲਾਲ ਕੇਲਾ ਖਾਣ ਨਾਲ ਨਿਕੋਟੀਨ ਲੈਣ ਦੀ ਆਦਤ ਨੂੰ ਕਾਬੂ ਕਰਨ ਵਿਚ ਮਦਦ ਮਿਲਦੀ ਹੈ। ਇਹ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਾਰਨ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਰਤ ਊਰਜਾ ਮਿਲਦੀ ਹੈ।
ਲਾਲ ਕੇਲੇ ਵਿਚ ਵਿਟਾਮਿਨ ਬੀ-6 ਹੁੰਦਾ ਹੈ, ਜੋ ਖ਼ੂਨ ਨੂੰ ਸ਼ੁਧ ਕਰਨ ਅਤੇ ਹੀਮੋਗਲੋਬਿਨ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਹ ਸਰੀਰ ਵਿਚ ਸੇਰੋਟੋਨਿਨ ਹਾਰਮੋਨ ਨੂੰ ਵੀ ਵਧਾਉਂਦਾ ਹੈ। ਮਾਹਰਾਂ ਮੁਤਾਬਕ ਅਨੀਮੀਆ ਤੋਂ ਪੀੜਤ ਲੋਕ ਰੋਜ਼ਾਨਾ ਘੱਟੋ-ਘੱਟ ਦੋ ਤੋਂ ਤਿੰਨ ਲਾਲ ਕੇਲੇ ਖਾਣ ਨਾਲ ਅਪਣੇ ਲਾਲ ਖ਼ੂਨ ਦੇ ਸੈੱਲਾਂ ਨੂੰ ਵਧਾਉਣਾ ਸ਼ੁਰੂ ਕਰ ਸਕਦੇ ਹਨ। ਲਾਲ ਕੇਲਾ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਹ ਜ਼ਿਆਦਾ ਕਬਜ਼ ਦੇ ਕਾਰਨ ਹੋਣ ਵਾਲੇ ਬਵਾਸੀਰ ਤੋਂ ਰਾਹਤ ਦਿਵਾਉਂਦਾ ਹੈ। ਰੋਜ਼ਾਨਾ ਦੁਪਹਿਰ ਦੇ ਖਾਣੇ ਤੋਂ ਬਾਅਦ ਇਕ ਲਾਲ ਕੇਲਾ ਖਾਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।
(For more Punjabi news apart from Benefits of eating red banana, stay tuned to Rozana Spokesman)