
ਗਰਮੀਆਂ ‘ਚ ਬੱਚਿਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਉਨ੍ਹਾਂ ਨੂੰ ਸਹੀ ਖੁਰਾਕ, ਸਿਹਤਮੰਦ ਡਰਿੰਕਸ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
Impact of Heatwaves on Children: ਗਰਮੀਆਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਕੜਕਦੀ ਧੁੱਪ ਅਤੇ ਗਰਮ ਹਵਾਵਾਂ ਨੇ ਪੰਜਾਬ ਤੇ ਉਤਰੀ ਭਾਰਤ ਦੇ ਕਈ ਇਲਾਕਿਆਂ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿਤਾ ਹੈ। ਪੰਜਾਬ ਵਿਚ ਪਾਰਾ 45 ਡਿਗਰੀ ਤਕ ਪਹੁੰਚ ਗਿਆ ਹੈ। ਗਰਮੀਆਂ ‘ਚ ਬੱਚਿਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਉਨ੍ਹਾਂ ਨੂੰ ਸਹੀ ਖੁਰਾਕ, ਸਿਹਤਮੰਦ ਡਰਿੰਕਸ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਲੂ ਅਤੇ ਖੁਸ਼ਕ ਗਰਮੀ ਨਾਲ ਡੀਹਾਈਡ੍ਰੇਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬੱਚਿਆਂ ਦੀ ਚਮੜੀ ਵੱਡਿਆਂ ਨਾਲੋਂ ਸੰਵੇਦਨਸ਼ੀਲ ਹੁੰਦੀ ਹੈ। ਇਸ ਲਈ ਬੱਚਿਆਂ ਵਿਚ ਡੀਹਾਈਡ੍ਰੇਸ਼ਨ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ। ਗਰਮੀਆਂ ਵਿਚ ਤਾਪਮਾਨ ਵਧਣ ਨਾਲ ਹੀਟ ਸਟ੍ਰੋਕ (ਗਰਮੀ ਦਾ ਦੌਰਾ) ਦਾ ਖਤਰਾ ਵੀ ਵੱਧ ਜਾਂਦਾ ਹੈ। ਇਹ ਬਹੁਤ ਖਤਰਨਾਕ ਬੀਮਾਰੀ ਹੈ, ਜਿਸ ਨਾਲ ਮੌਤ ਹੋਣ ਦਾ ਵੀ ਖਤਰਾ ਹੈ।
ਹੀਟ ਸਟ੍ਰੋਕ ਤੋਂ ਬੱਚਿਆਂ ਨੂੰ ਇੰਝ ਬਚਾਓ
ਸਿਹਤ ਮਾਹਿਰਾਂ ਅਨੁਸਾਰ ਬੱਚੇ ਹੀਟ ਸਟ੍ਰੋਕ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਬੱਚਿਆਂ ਵਿਚ ਹੀਟ ਸਟ੍ਰੋਕ ਦਾ ਖਤਰਾ ਬਾਲਗਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਜਿਹੜੇ ਬੱਚੇ ਲਗਾਤਾਰ ਤੇਜ਼ ਧੁੱਪ ਦੇ ਸੰਪਰਕ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ ਹੁੰਦਾ ਹੈ। ਜੇਕਰ ਬੱਚੇ ਤੁਰੰਤ ਏਸੀ ਜਾਂ ਕੂਲਰ ਤੋਂ ਬਾਹਰ ਆ ਜਾਣ ਤਾਂ ਉਹ ਬੀਮਾਰ ਹੋ ਸਕਦੇ ਹਨ। ਕੁੱਝ ਬੱਚੇ ਘੱਟ ਪਾਣੀ ਪੀਂਦੇ ਹਨ, ਜਿਸ ਨਾਲ ਹੀਟ ਸਟ੍ਰੋਕ ਜਾਂ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ।
ਬੱਚੇ ਨੂੰ ਤੁਰੰਤ ਰਾਹਤ ਦੇਣ ਲਈ ਉਸ ਦੇ ਹੱਥਾਂ, ਪੈਰਾਂ ਅਤੇ ਸਿਰ 'ਤੇ ਗਿੱਲਾ ਤੌਲੀਆ ਰੱਖੋ। ਬੱਚੇ ਨੂੰ ਹਵਾਦਾਰ ਜਗ੍ਹਾ 'ਤੇ ਬਿਠਾਓ ਅਤੇ ਉਸ ਨੂੰ ਪਾਣੀ ਦਿੰਦੇ ਰਹੋ। ਬੱਚੇ ਦੇ ਕੋਲ ਹਮੇਸ਼ਾ ਪਾਣੀ ਦੀ ਬੋਤਲ ਰੱਖੋ। ਜਦੋਂ ਵੀ ਬੱਚਾ ਧੁੱਪ ਵਿਚ ਬਾਹਰ ਜਾਂਦਾ ਹੈ, ਉਸ ਦਾ ਸਿਰ ਢੱਕੋ। ਬੱਚਿਆਂ ਨੂੰ ਹਮੇਸ਼ਾ ਛਤਰੀਆਂ ਜਾਂ ਟੋਪੀਆਂ ਨਾਲ ਬਾਹਰ ਭੇਜੋ। ਬੱਚਿਆਂ ਨੂੰ ਹਲਕਾ ਭੋਜਨ, ਫਲ ਆਦਿ ਖਿਲਾਉਂਦੇ ਰਹੋ ਅਤੇ ਉਨ੍ਹਾਂ ਨੂੰ ਭੁੱਖੇ ਨਾ ਰਹਿਣ ਦਿਓ। ਬੱਚਿਆਂ ਨੂੰ ਸਮੇਂ-ਸਮੇਂ 'ਤੇ ਗਲੂਕੋਨਡੀ ਜਾਂ ਓਆਰਐਸ ਦਿਓ। ਬੱਚਿਆਂ ਨੂੰ ਧੁੱਪ ਅਤੇ ਗਰਮੀ ਵਿਚ ਘਰ ਦੇ ਅੰਦਰ ਰੱਖਣ ਦੀ ਕੋਸ਼ਿਸ਼ ਕਰੋ।
ਡਾਕਟਰਾਂ ਅਨੁਸਾਰ ਬੱਚਿਆਂ ਨੂੰ ਇਸ ਮੌਸਮ ਵਿਚ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ (ਜਿਸ ਸਮੇਂ ਤਾਪਮਾਨ ਜ਼ਿਆਦਾ ਹੁੰਦਾ ਹੈ) ਘਰ ਤੋਂ ਬਾਹਰ ਨਹੀਂ ਭੇਜਣਾ ਚਾਹੀਦਾ। ਇਸ ਤੋਂ ਇਲਾਵਾ ਸਕੂਲਾਂ ਵਿਚ ਸਵੇਰ ਦੀ ਸਭਾ ਜਾਂ ਪੀਟੀ ਆਦਿ ਬਾਹਰ ਦੀ ਬਜਾਏ ਅੰਦਰ ਹਵਾਦਾਰ ਕਮਰਿਆਂ ਵਿਚ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਖੁੱਲ੍ਹੇ ਅਤੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਸਰੀਰ ਨੂੰ ਲੋੜੀਂਦੀ ਹਵਾ ਮਿਲਦੀ ਰਹੇ। ਬੱਚਿਆਂ ਨੂੰ ਲੂ ਤੋਂ ਬਚਾਉਣ ਲਈ ਤਰਲ ਪਦਾਰਥ ਜਿਵੇਂ ਨਾਰੀਅਲ ਪਾਣੀ, ਲੱਸੀ, ਸ਼ਿਕੰਜਵੀ, ਓਆਰਐਸ ਆਦਿ ਦੀ ਮਾਤਰਾ ਵਿਚ ਵਾਧਾ ਕਰਨਾ ਚਾਹੀਦਾ ਹੈ।