
30 ਫ਼ੀ ਸਦੀ ਪੀੜਤ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਜਾਂ ਠੀਕ ਫ਼ਸਟ ਏਡ ਮਦਦ ਨਾ ਮਿਲਣ ਕਰ ਕੇ ਕਾਰਡਿਕ ਅਰੈਸਟ ਕਾਰਨ ਘਰ, ਕੰਮ ਵਾਲੀ ਥਾਂ ਜਾਂ ਰਸਤੇ ਵਿਚ ਹੀ ਮਰ ਜਾਂਦੇ ਹਨ
ਭਾਰਤ ਵਿਚ ਦਿਲ ਦੇ ਦੌਰੇ ਅਤੇ ਕਾਰਡਿਕ ਅਰੈਸਟ ਕਾਰਨ ਸੱਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਹਰ ਸਾਲ 2 ਕਰੋੜ ਤੋਂ ਵੱਧ ਬੱਚਿਆਂ, ਨੌਜੁਆਨਾਂ ਅਤੇ ਬਜ਼ੁਰਗਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ, ਜਿਨ੍ਹਾਂ ਵਿਚੋਂ 30 ਫ਼ੀ ਸਦੀ ਪੀੜਤ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਜਾਂ ਠੀਕ ਫ਼ਸਟ ਏਡ ਮਦਦ ਨਾ ਮਿਲਣ ਕਰ ਕੇ ਕਾਰਡਿਕ ਅਰੈਸਟ ਕਾਰਨ ਘਰ, ਕੰਮ ਵਾਲੀ ਥਾਂ ਜਾਂ ਰਸਤੇ ਵਿਚ ਹੀ ਮਰ ਜਾਂਦੇ ਹਨ ਅਤੇ 70 ਫ਼ੀ ਸਦੀ ਮੌਕੇ ਉਤੇ ਠੀਕ ਫ਼ਸਟ ਏਡ ਜਾਂ ਡਾਕਟਰੀ ਸਹਾਇਤਾ ਮਿਲਣ ਉਤੇ ਬਚ ਰਹੇ ਹਨ।
Doctors
ਜਿਹੜੇ ਮਰ ਰਹੇ ਹਨ, ਉਨ੍ਹਾਂ ਨੂੰ ਠੀਕ ਤਰੀਕੇ ਨਾਲ ਮੌਕੇ ਉਤੇ ਫ਼ਸਟ ਏਡ ਜਾਂ ਡਾਕਟਰੀ ਸਹਾਇਤਾ ਨਹੀਂ ਮਿਲਦੀ ਜਾਂ ਪੀੜਤ ਨੂੰ ਬਹੁਤ ਦੇਰ ਮਗਰੋਂ ਮਾਹਰ ਡਾਕਟਰੀ ਮਦਦ ਮਿਲਦੀ ਹੈ ਜਦਕਿ ਫੇਫੜਿਆਂ, ਦਿਲ ਜਾਂ ਦਿਮਾਗ਼ ਨੂੰ 5/7 ਮਿੰਟ ਤਕ ਲਹੂ ਚੱਕਰ ਰੁਕਣ ਕਰ ਕੇ ਆਕਸੀਜਨ, ਗੁਲੂਕੋਜ਼ (ਸ਼ੂਗਰ) ਦੀ ਕਮੀ ਹੋਣ ਕਰ ਕੇ ਦਿਲ ਦੀ ਸਾਹ ਕਿਰਿਆ ਜਾਂ ਦਿਮਾਗ਼ ਦੇ ਬੰਦ ਹੋਣ ਉਤੇ ਮੌਤ ਹੋਣ ਦਾ ਖ਼ਤਰਾ ਹੋ ਜਾਂਦਾ ਹੈ।
Oxygen
ਜਦੋਂ ਕਿਸੇ ਬੱਚੇ, ਨੌਜੁਆਨ ਜਾਂ ਕਿਸੇ ਵੀ ਇਨਸਾਨ ਨੂੰ ਆਕਸੀਜਨ ਦੀ ਕਮੀ ਮਹਿਸੂਸ ਹੋਵੇ ਤਾਂ ਦਿਲ, ਦਿਮਾਗ਼ ਅਤੇ ਫੇਫੜਿਆਂ ਨੂੰ ਠੀਕ ਕਾਰਜ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਪੀੜਤ ਨੂੰ ਥਕਾਵਟ ਹੁੰਦੀ ਅਤੇ ਸਾਹ ਚੜ੍ਹਦਾ ਹੈ। ਭਾਵ ਸਾਹ ਲੈਣ ਲਈ ਜ਼ੋਰ ਲਗਦਾ ਹੈ ਜਿਸ ਨੂੰ ਹਵਾ ਦੀ ਭੁੱਖ ਵੀ ਕਹਿੰਦੇ ਹਾਂ। ਸਰੀਰ ਨੂੰ ਬਹੁਤ ਪਸੀਨਾ ਆਉਂਦਾ ਹੈ, ਘਬਰਾਹਟ ਅਤੇ ਘੁਟਣ ਮਹਿਸੂਸ ਹੁੰਦੀ ਹੈ। ਆਕਸੀਜਨ ਦੀ ਕਮੀ ਕਰ ਕੇ ਚਿਹਰੇ, ਬੁੱਲ੍ਹ ਅਤੇ ਉਂਗਲਾਂ ਨੀਲੀਆਂ ਹੋਣ ਲਗਦੀਆਂ ਹਨ।
First aid
(ਬਲਯੂ ਬੇਬੀ ਬੱਚਿਆਂ ਭਾਵ ਜਿਹੜੇ ਬਚਿਆਂ ਦੇ ਦਿਲ ਵਿਚ ਛੇਕ ਹੁੰਦਾ ਹੈ ਜਾਂ ਦਿਲ ਦੇ ਵਾਲਵ ਖ਼ਰਾਬ ਹੁੰਦੇ ਨੇ, ਉਹ ਬੱਚੇ ਵੀ ਸਾਹ ਚੜ੍ਹਨ, ਰੋਣ ਵੇਲੇ, ਦੁੱਧ ਪੀਂਦੇ ਹੋਏ, ਦੌੜਨ ਵੇਲੇ, ਜ਼ੋਰ ਨਾਲ ਹੱਸਣ ਸਮੇਂ ਨੀਲੇ ਪੈਣ ਲਗਦੇ ਹਨ), ਛਾਤੀ, ਪਿੱਠ, ਖੱਬੀ ਬਾਂਹ, ਮੋਢੇ, ਗਰਦਨ ਅਤੇ ਕੰਨ ਵਿਚ ਦਰਦ ਹੁੰਦਾ ਹੈ ਅਤੇ ਦਰਦ ਲਗਾਤਾਰ ਹੁੰਦਾ ਰਹਿੰਦਾ ਹੈ। ਉਲਟੀ ਆਉਂਦੀ ਹੈ। ਚੱਕਰ ਆਉਂਦੇ ਹਨ। ਬੋਲਣ ਤੇ ਚਲਣ ਉਤੇ ਅਪਣੀ ਗੱਲ ਕਹਿਣ ਵਿਚ ਮੁਸ਼ਕਲ ਆਉਂਦੀ ਹੈ।
breath
ਪੀੜਤ ਅਪਣੀਆਂ ਹਥੇਲੀਆਂ ਨੂੰ ਛਾਤੀ ਉਤੇ ਰੱਖ ਕੇ ਦਰਦ ਰੋਕਣ ਦੀ ਕੋਸ਼ਿਸ਼ ਕਰਦੈ, ਮੂੰਹ ਖੋਲ ਕੇ ਸਾਹ ਲੈਣ ਦੀ ਕੋਸ਼ਿਸ਼ ਕਰਦੈ, ਬੈਠਣ, ਖੜੇ ਹੋਣ ਅਤੇ ਲੇਟਣ ਉਤੇ ਬੇਚੈਨੀ ਹੁੰਦੀ ਹੈ। ਕਈ ਵਾਰ ਉਹ ਪਾਈ ਹੋਈ ਕਮੀਜ਼, ਕੋਟ, ਟਾਈ ਜਾਂ ਤੰਗ ਕਪੜਿਆਂ, ਭੀੜ ਆਦਿ ਨਾਲ ਘੁਟਣ ਮਹਿਸੂਸ ਕਰਦਾ ਹੈ। ਇਹ ਸੱਭ ਦਿਲ ਦੇ ਦੌਰੇ ਸਮੇਂ ਵਾਪਰਦਾ ਹੈ। ਜੇਕਰ ਕੇਵਲ ਛਾਤੀ ਵਿਚ ਦਰਦ ਹੋ ਰਿਹੈ, ਹੋਰ ਕਿਧਰੇ ਵੀ ਨਹੀਂ ਤਾਂ ਇਹ ਦਿਲ ਦਾ ਦੌਰਾ ਨਹੀਂ ਹੁੰਦਾ। ਗੈਸ, ਬਦਹਜ਼ਮੀ, ਨਮੂਨੀਆਂ, ਕਬਜ਼, ਖ਼ਾਲੀ ਪੇਟ ਰਹਿਣ ਜਾਂ ਸੱਟ ਲੱਗਣ ਜਾਂ ਕਿਸੇ ਹੋਰ ਕਾਰਨ ਦਰਦ ਹੁੰਦਾ ਹੈ।
ਹੁਣ ਪ੍ਰਸ਼ਨ ਇਹ ਹੈ ਕਿ ਘਰ ਦੇ ਮੈਂਬਰ ਜਾਂ ਪਾਸ ਖੜੇ ਦੋਸਤ ਮਿੱਤਰ ਜਾਂ ਚੰਗੇ ਲੋਕ ਕੀ ਕਰਨ। ਸੱਭ ਤੋਂ ਪਹਿਲਾਂ ਭੀੜ ਪਰੇ ਕਰੋ। ਤਾਜ਼ੀ ਹਵਾ ਪੀੜਤ ਤਕ ਆਉਣ ਲਈ ਖਿੜਕੀਆਂ, ਦਰਵਾਜ਼ੇ, ਤੰਗ ਕਪੜੇ ਖੋਲ੍ਹ ਦਿਉ, ਪੱਖੇ ਕੂਲਰ ਚਲਾ ਦਿੳ, ਇਕ ਟੇਬਲ ਫ਼ੈਨ ਉਸ ਦੇ ਮੂੰਹ ਕੋਲ ਚਲਾਉ। ਕੇਵਲ ਇਕੱਲਾ ਏਸੀ ਨਾ ਚਲਾਉ ਕਿਉਂਕਿ ਏਸੀ ਕਾਰਨ ਕਮਰੇ ਵਿਚ ਆਕਸੀਜਨ ਲੈਵਲ ਘੱਟ ਜਾਂਦਾ ਹੈ। ਇਸ ਕਰ ਕੇ ਲੋਕ ਏਸੀ ਵਾਲੇ ਕਮਰੇ ਵਿਚ ਪੱਖਾ ਜ਼ਰੂਰ ਚਲਾਉਂਦੇ ਹਨ ਅਤੇ ਕਮਰੇ ਵਿਚ ਇਕ ਜਾਂ ਦੋ ਬਾਲਟੀਆਂ ਪਾਣੀ ਭਰ ਕੇ ਰਖਦੇ ਹਨ ਤਾਂ ਜੋ ਕਮਰੇ ਵਿਚ ਖ਼ੁਸ਼ਕੀ ਨਾ ਹੋਵੇ।
Oxygen
ਪਾਣੀ ਵਿਚ ਆਕਸੀਜਨ ਵੀ ਹੁੰਦੀ ਹੈ। ਅਖ਼ਬਾਰ ਜਾਂ ਗੱਤੇ ਨਾਲ ਉਸ ਦੇ ਮੂੰਹ ਨੂੰ ਤੇਜ਼ ਹਵਾ ਦਿਉ, ਘਬਰਾਹਟ ਪੈਦਾ ਕਰਨ ਵਾਲੀਆਂ ਗੱਲਾਂ ਨਾ ਕਰੋ ਸਗੋਂ ਹੌਸਲਾ ਅਫ਼ਜ਼ਾਈ ਕਰੋ (ਬੇਹੋਸ਼ ਵਿਅਕਤੀ ਵੀ ਗੱਲਾਂ ਸੁਣਦਾ ਹੈ)। ਉਸ ਨੂੰ ਜ਼ੋਰ ਨਾਲ ਲਗਾਤਾਰ ਖਾਂਸੀ ਕਰਨ ਲਈ ਕਹੋ। ਫਿਰ ਤੁਰਤ ਏ.ਪੀ.ਆਰ. ਓ. ਕਰੋ। ਏ ਭਾਵ ਪੀੜਤ ਨੂੰ ਤੁਰਤ ਐਸਪ੍ਰੀਨ ਜਾਂ ਡਿਸਪ੍ਰੀਨ ਦੀ ਗੋਲੀ ਲਿਆ ਕੇ ਉਸ ਦੀ ਜੀਭ ਹੇਠਾ ਰੱਖ ਦਿਉ। ਜੇਕਰ ਗੋਲੀ ਨਹੀਂ ਮਿਲੀ ਤਾਂ ਇਕ ਚੁਟਕੀ ਪੀਸੀ ਹੋਈ ਲਾਲ ਮਿਰਚ ਉਸ ਦੀ ਜੀਭ ਹੇਠਾ ਰੱਖੋ।
ਪੀ ਭਾਵ ਪੋਜ਼ੀਸ਼ਨ, ਪੀੜਤ ਨੂੰ ਖੱਬੀ ਵੱਖੀ ਭਾਰ ਜਾਂ ਰਿਕਵਰੀ ਪੋਜ਼ੀਸ਼ਨ ਵਿਚ ਲਿਟਾਉ ਪਰ ਸਿਰ, ਗਰਦਨ ਅਤੇ ਪਿਠ ਥੋੜੀ ਜੇਹੀ ਉੱਚੀ ਕਰੋ ਜਿਸ ਲਈ ਪਿਠ ਸਿਰ ਹੇਠਾਂ ਸਰ੍ਹਾਣਾ ਜਾਂ ਕੰਬਲ ਜਾਂ ਸੋਫ਼ੇ ਜਾਂ ਕੁਰਸੀ ਦੀਆਂ ਗੱਦੀਆਂ ਰੱਖ ਦਿਉ। ਗੋਡੇ ਥੋੜੇ ਜਹੇ ਇਕੱਠੇ ਕਰ ਕੇ ਰੱਖੋ। ਆਰ ਭਾਵ ਰੈਸਟ, ਪੀੜਤ ਨੂੰ ਇਕ ਕਦਮ ਵੀ ਤੁਰਨ ਨਾ ਦਿਉ, ਤੁਰਨ ਨਾਲ ਦਰਦ ਵਧਦਾ ਹੈ, ਪਿਸ਼ਾਬ ਆਦਿ ਆਉਣ ਉਤੇ ਬਾਥਰੂਮ ਵਿਚ ਲੈ ਕੇ ਨਾ ਜਾਉ ਬੈੱਡ ਉਤੇ ਹੀ ਕਿਸੇ ਬਰਤਨ ਜਾਂ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਕਰਵਾਉ।
Vantilater Position
ਜੇਕਰ ਸਾਹ ਲੈਣ ਜਾਂ ਛੱਡਣ ਸਮੇਂ ਘਰਾੜਿਆਂ ਜਾਂ ਸੀਟੀ ਦੀ ਆਵਾਜ਼ ਆ ਰਹੀ ਹੈ ਤਾਂ ਪੀੜਤ ਨੂੰ ਪੇਟ ਭਾਰ (ਵੈਂਟੀਲੇਟਰ ਪੋਜ਼ੀਸ਼ਨ) ਵਿਚ ਲਿਟਾ ਦਿਉ ਤਾਂ ਜੋੋ ਉਸ ਦੀ ਸਾਹ ਨਾਲੀ ਜਾਂ ਗਲੇ ਵਿਚ ਕੋਈ ਤਰਲ ਪਦਾਰਥ ਉਲਟੀ, ਝੰਗ ਅਤੇ ਥੁੱਕ ਜਾਂ ਜੀਭ ਨਾਲ ਸਾਹ ਲੈਣ ਜਾਂ ਛੱਡਣ ਸਮੇਂ ਰੁਕਾਵਟ ਪੈ ਰਹੀ ਹੈ, ਉਹ ਬਾਹਰ ਨਿਕਲੇ ਜਾਂ ਇਕ ਪਾਸੇ ਹੋ ਜਾਣ। ਓ ਦਾ ਭਾਵ ਆਕਸੀਜਨ, ਪੀੜਤ ਨੂੰ ਜੇਕਰ ਆਕਸੀਜਨ ਮਿਲ ਜਾਵੇ ਤਾਂ ਦਿਉ, ਨਹੀਂ ਤਾਂ ਪੱਖਿਆਂ, ਕੂਲਰ ਦੀ ਤਾਜ਼ੀ ਹਵਾ ਨਾਲ ਵੀ ਲਾਭ ਹੁੰਦਾ ਹੈ। ਜੇਕਰ ਉਹ ਬੇਹੋਸ਼ ਹੋ ਗਿਆ ਹੈ ਤਾਂ ਉਸ ਨੂੰ ਰਿਕਵਰੀ ਪੋਜ਼ੀਸ਼ਨ ਜਾਂ ਵੈਂਟੀਲੇਟਰ ਪੋਜ਼ੀਸ਼ਨ ਵਿਚ ਹੀ ਲਿਟਾਉ ਪਰ ਪਾਣੀ ਨਾ ਪਿਆਉ। ਹੱਥ ਪੈਰ ਨਾ ਰਗੜੋ। ਸਗੋਂ ਉਸ ਦੀਆਂ ਬਾਹਵਾਂ, ਲੱਤਾ ਉਤੇ ਹੌਲੀ ਹੌਲੀ ਮੁੱਕੇ ਮਾਰਦੇ ਰਹੋ।
ਬੇਹੋਸ਼ ਵਿਅਕਤੀ ਨੂੰ ਜੇਕਰ ਪਾਣੀ ਜਾਂ ਕੋਈ ਤਰਲ ਪਿਆਇਆ ਜਾਂਦਾ ਤਾਂ ਉਹ ਉਸ ਦੀ ਸਾਹ ਨਾਲੀ ਵਿਚ ਜਾ ਕੇ ਸਾਹ ਬੰਦ ਕਰ ਸਕਦਾ ਹੈ ਅਤੇ ਪੀੜਤ ਦੀ ਮੌਤ ਦਾ ਕਾਰਨ ਬਣ ਸਕਦੈ। ਜੇਕਰ ਪੀੜਤ ਨੂੰ ਸਾਹ ਨਹੀਂ ਆ ਰਿਹਾ ਜਾਂ ਸਾਹ ਲੈਣ ਵਿਚ ਬਹੁਤ ਜ਼ੋਰ ਲਗ ਰਿਹੈ ਤਾਂ ਉਸ ਨੂੰ ਮੂੰਹ ਤੋਂ ਮੂੰਹ ਰਾਹੀਂ ਬਨਾਉਟੀ ਸਾਹ ਦਿਉ ਜਿਸ ਲਈ ਪੀੜਤ ਦਾ ਨੱਕ ਅਪਣੀਆਂ ਉਗਲਾਂ ਨਾਲ ਬੰਦ ਕਰ ਕੇ ਗਰਦਨ ਉੱਚੀ ਕਰ ਕੇ ਅਪਣੇ ਮੂੰਹ ਅੰਦਰ ਹਵਾ ਭਰ ਕੇ ਉਹੀ ਹਵਾ ਪੀੜਤ ਦੇ ਬੁੱਲ੍ਹਾਂ ਉਪਰ ਅਪਣੇ ਬੁੱਲ੍ਹ ਰੱਖ ਕੇ ਜ਼ੋਰ ਨਾਲ ਅਪਣੇ ਮੂੰਹ ਦੀ ਹਵਾ ਪੀੜਤ ਦੇ ਮੂੰਹ ਵਿਚ ਮਾਰੋ, ਜਿਵੇਂ ਗੁਬਾਰੇ ਨੂੰ ਮੂੰਹ ਨਾਲ ਫੂਕ ਮਾਰ ਕੇ ਹਵਾ ਭਰਦੇ ਹਾਂ।
CPR
ਜੇਕਰ ਪੀੜਤ ਦੀ ਨਬਜ਼ ਅਤੇ ਦਿਲ ਦੀ ਧੜਕਣ ਬੰਦ ਹੈ ਜਾਂ ਮਹਿਸੂਸ ਨਹੀਂ ਹੋ ਰਹੀ ਤਾਂ ਪੀੜਤ ਨੂੰ ਸੀ.ਪੀ.ਆਰ. ਕਰੋ ਜਿਸ ਲਈ ਅਪਣੀਆਂ ਹਥੇਲੀਆਂ ਇਕ ਦੂਸਰੇ ਉਪਰ ਰੱਖ ਕੇ ਪੀੜਤ ਦੀ ਛਾਤੀ ਦੀਆਂ ਦੋਵੇਂ ਨਿਪਲਾਂ ਦੇ ਵਿਚਕਾਰ ਛਾਤੀ ਦੀ ਹੱਡੀ ਉਪਰ ਹਥੇਲੀ ਉਪਰ ਹਥੇਲੀ ਰੱਖ ਕੇ ਪ੍ਰਤੀ ਮਿੰਟ 120 ਵਾਰ ਲਗਾਤਾਰ ਝਟਕੇ ਮਾਰਦੇ ਰਹੋ, ਜਿਵੇਂ ਪੰਪ ਨਾਲ ਸਾਈਕਲ, ਸਕੂਟਰ ਅਤੇ ਕਾਰ ਵਿਚ ਹਵਾ ਭਰਦੇ ਹਨ ਅਤੇ ਪੰਪ ਨੂੰ ਉਪਰ ਹੇਠਾਂ ਕਰ ਕੇ ਝਟਕੇ ਮਾਰ ਕੇ ਉਪਰ ਹੇਠਾਂ ਕਰ ਕੇ ਦਬਾੳਂੁਦੇ ਹਾਂ ਤਾਂ ਪੰਪ ਵਾਲੀ ਹਵਾ ਸਾਰੇ ਟਾਇਰ ਟਿਯੂਬ ਵਿਚ ਪਹੁੰਚਦੀ ਹੈ। 3/4 ਮਿੰਟ ਵਿਚ ਉਸ ਪੀੜਤ ਦੀਆਂ ਅੱਖਾਂ ਅਤੇ ਹੱਥਾਂ ਦੀਆਂ ਉਂਗਲਾਂ ਦੀ ਹਿਲਜੁਲ ਸ਼ੁਰੂ ਹੋ ਸਕਦੀ ਹੈ।
ਨਬਜ਼ ਅਤੇ ਸਾਹ ਕਿਰਿਆ ਚਲ ਸਕਦੇ ਹਨ। ਜੇਕਰ ਨਹੀਂ ਚਲੇ ਤਾਂ ਸੀਪੀਆਰ ਲਗਾਤਾਰ ਕਰਦੇ ਰਹੋ ਜਦੋਂ ਤਕ ਡਾਕਟਰੀ ਮਦਦ ਨਹੀਂ ਮਿਲ ਜਾਂਦੀ ਜਾਂ ਪੀੜਤ ਦੀ ਸਾਹ ਕਿਰਿਆ ਅਤੇ ਨਬਜ਼ ਚਲ ਨਹੀਂ ਪੈਂਦੇ। ਸੀ.ਪੀ.ਆਰ. ਕਦੇ ਵੀ ਸੋਫ਼ੇ, ਗੱਦਿਆਂ ਵਾਲੇ ਬੈੱਡ ਜਾਂ ਮੰਜੇ ਉਤੇ ਨਹੀਂ ਕਰਦੇ। ਪੀੜਤ ਨੂੰ ਸੀ.ਪੀ.ਆਰ. ਹੇਠਾਂ ਸਖ਼ਤ ਚੀਜ਼ ਜਿਵੇਂ ਫ਼ਰਸ਼ ਜਾਂ ਟੇਬਲ ਉਤੇ ਕਰਦੇ ਹਾਂ। ਸੀ.ਪੀ.ਆਰ. ਕਰਦੇ ਸਮੇਂ ਪੀੜਤ ਦੀ ਗਰਦਨ ਇਕੱਠੀ ਨਾ ਹੋਣ ਦਿਉ ਸਗੋਂ ਉੱਚੀ ਜਾਂ ਇਕ ਸਾਈਡ ਉਤੇ ਕਰ ਕੇ ਰੱਖੋ ਤਾਂ ਜੋ ਮੂੰਹ ਵਿਚਲੀ ਉਲਟੀ, ਝੱਗ, ਥੁੱਕ, ਸਾਹ ਨਾਲੀ ਵਿਚ ਨਾ ਜਾਣ। ਜੀਭ ਸਾਹ ਨਾਲੀ ਦਾ ਰਸਤਾ ਨਾ ਬੰਦ ਕਰੇ।
ਇਸ ਤਰ੍ਹਾਂ ਕਰ ਕੇ ਅਸੀ ਹਰ ਬੇਹੋਸ਼ ਜਾਂ ਦਿਲ ਦੇ ਦੌਰੇ ਦੇ ਪੀੜਤ ਨੂੰ ਮਰਨ ਤੋਂ ਬਚਾ ਸਕਦੇ ਹਾਂ। ਸੀ.ਪੀ.ਆਰ. ਵੈਂਟੀਲੇਟਰ ਬਨਾਉਟੀ ਸਾਹ ਕਿਰਿਆ ਸੇਫ਼ਰ ਜਾਂ ਹੋਲਗਰ ਨਿਲਸਨ ਅਤੇ ਫ਼ਸਟ ਏਡ ਦੀ ਏ.ਬੀ.ਸੀ.ਡੀ. ਦੀ ਟਰੇਨਿੰਗ ਕਿਸੇ ਡਾਕਟਰ ਜਾਂ ਫ਼ਸਟ ਏਡ ਸਿੱਖੇ ਮਾਹਰ ਜਾਂ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਤੋਂ ਜ਼ਰੂਰ ਲਵੋ ਅਤੇ ਸਾਲ ਵਿਚ ਦੋ ਤਿੰਨ ਵਾਰ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।
ਸਕੂਲਾਂ, ਕਾਲਜਾਂ, ਫ਼ੈਕਟਰੀਆਂ, ਪੁਲਿਸ ਜੇਲ ਕਰਮਚਾਰੀਆਂ ਅਤੇ ਐਨ ਐਸ ਐਸ, ਐਨ ਸੀ ਸੀ ਅਤੇ ਨਹਿਰੂ ਯੁਵਕ ਕੇਂਦਰ ਦੇ ਜਵਾਨਾਂ ਨੂੰ ਵਿਸ਼ੇਸ਼ ਤੌਰ ਉਤੇ ਇਹ ਜ਼ਿੰਦਗੀ ਬਚਾਊ ਟਰੇਨਿੰਗ ਸੰਸਥਾਵਾਂ ਦੇ ਨੇਕ ਦਿਲ ਅਧਿਕਾਰੀ ਅਤੇ ਪ੍ਰਬੰਧਕ ਅਪਣੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਆਫ਼ਤ ਸੰਕਟ ਸਮੇਂ ਪੀੜਤਾਂ ਦੀ ਠੀਕ ਮਦਦ ਕਰਨ ਹਿੱਤ ਵਿਸ਼ਾ ਮਾਹਿਰਾਂ ਵਲੋਂ ਕਰਵਾਉਂਦੇ ਰਹਿੰਦੇ ਹਨ।
ਸੰਪਰਕ: 98141-53965 ਡਾ : ਰਿਸਮਾ ਕੋਹਲੀ