
ਡੇਂਗੂ ਬੁਖ਼ਾਰ ਵਿਚ ਹੇਠ ਲਿਖੇ ਲੱਛਣ ਵਿਖਾਈ ਦਿੰਦੇ ਹਨ :
Dengue: ਡੇਂਗੂ ਬੁਖ਼ਾਰ ਵਾਇਰਸ ਨਾਲ ਹੋਣ ਵਾਲਾ ਬੁਖ਼ਾਰ ਹੈ। ਇਹ ਫੈਲਦਾ ਵੀ ਵਾਇਰਸ ਤੋਂ ਹੀ ਹੈ। ਇਹ ਵਾਇਰਸ 5 ਕਿਸਮ ਦਾ ਹੁੰਦਾ ਹੈ। ਡੇਂਗੂ ਬੁਖ਼ਾਰ ਡੇਡੀਜ਼ ਏਜਿਪਟ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਦਿਨ ਵੇਲੇ ਵੱਧ ਸਰਗਰਮ ਹੁੰਦੇ ਹਨ। ਇਸ ਦੇ ਸ੍ਰੀਰ ’ਤੇ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਮੱਛਰ ਬਹੁਤਾ ਉੱਚਾ ਨਹੀਂ ਉਡ ਸਕਦੇ ਅਤੇ ਠੰਢ, ਛਾਂਦਾਰ ਜਗ੍ਹਾ ਜਿਵੇਂ ਪਰਦੇ ਪਿੱਛੇ, ਹਨੇਰੀਆਂ ਥਾਵਾਂ ਵਿਚ ਰਹਿੰਦੇ ਹਨ। ਇਹ ਘਰ ਅੰਦਰ ਰੱਖੇ ਹੋਏ ਸ਼ਾਂਤ ਤੇ ਸਾਫ਼ ਪਾਣੀ ਵਿਚ ਵੱਧ ਅੰਡੇ ਦਿੰਦੇ ਹਨ। ਇਹ ਅਪਣੇ ਪ੍ਰਜਨਣ ਖੇਤਰ ਦੇ 200 ਮੀਟਰ ਦੀ ਦੂਰੀ ਦੇ ਅੰਦਰ ਹੀ ਉਡਦੇ ਹਨ। ਇਹ ਮੱਛਰ ਗੰਦੇ ਪਾਣੀ ਵਿਚ ਨਹੀਂ ਵਧਦੇ ਫੁਲਦੇ।
ਡੇਂਗੂ ਬੁਖ਼ਾਰ ਵਿਚ ਇਨਫ਼ੈਕਸ਼ਨ ਗ੍ਰਸਤ ਮੱਛਰ ਦੇ ਕੱਟਣ ਨਾਲ 3 ਤੋਂ 14 ਦਿਨਾਂ ਅੰਦਰ ਲਛਣ ਦਿਸਣ ਲੱਗ ਪੈਂਦੇ ਹਨ। ਡੇਂਗੂ ਬੁਖ਼ਾਰ ਵਿਚ ਹੇਠ ਲਿਖੇ ਲੱਛਣ ਵਿਖਾਈ ਦਿੰਦੇ ਹਨ :
ਸਾਧਾਰਣ ਡੇਂਗੂ ਬੁਖ਼ਾਰ : ਡੇਂਗੂ ਰੋਗ ਵਿਚ ਠੰਢ ਲੱਗ ਕੇ ਕਾਂਬੇ ਦਾ ਬੁਖ਼ਾਰ ਆਉਣਾ, ਸਿਰ ਦਰਦ, ਅੱਖਾਂ ਵਿਚ ਦਰਦ, ਬਦਨ ਤੇ ਜੋੜਾਂ ਵਿਚ ਬੇਹੱਦ ਦਰਦ, ਭੁੱਖ ਘੱਟ ਲਗਣੀ, ਜੀ ਕੱਚਾ ਹੋਣਾ, ਉਲਟੀ ਦਸਤ ਲਗਣਾ, ਬੇਹੱਦ ਕਮਜ਼ੋਰੀ, ਇਨਫ਼ੂਲੇਂਜਾ ਕਿਸਮ ਵਰਗੇ ਲੱਛਣ ਬੁਖ਼ਾਰ, ਚਮੜੀ ਉਤੇ ਦਾਣੇ, ਪੱਠੇ ਦਰਦ ਕਰਨੇ, ਜੋੜਾਂ ਦੇ ਦਰਦ ਆਦਿ।
ਡੇਂਗੂ ਹੋਮੋਰੇਜਿਕ ਫ਼ੀਵਰ : ਡੇਂਗੂ ਬੁਖ਼ਾਰ ਦੀ ਇਹ ਉਹ ਹਾਲਤ ਹੈ ਜਦ ਕਾਫ਼ੀ ਗੰਭੀਰ ਬੀਮਾਰੀ ਹੋ ਸਕਦੀ ਹੈ। ਇਸ ਵਿਚ ਚਮੜੀ ਹੇਠਾਂ ਲਾਲ ਦਾਗ਼ ਪੈਣੇ, ਨੱਕ, ਅੱਖ ਤੇ ਹੋਰ ਥਾਵਾਂ ਤੋਂ ਖ਼ੂਨ ਵਗ ਸਕਦਾ ਹੈ। ਇਸ ਵਿਚ ਮਰੀਜ਼ ਬੇਹੋਸ਼ੀ ਦੀ ਹਾਲਤ ਵਿਚ ਜਾ ਸਕਦਾ ਹੈ।
ਡੇਂਗੂ ਬੁਖ਼ਾਰ ਤੋਂ ਬਚਾਅ ਦੇ ਉਪਾਅ : ਘਰ ਦੇ ਅੰਦਰ, ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਉ, ਕੂਲਰ ਦਾ ਕੰਮ ਨਾ ਹੋਣ ’ਤੇ ਉਸ ਦਾ ਪਾਣੀ ਖ਼ਾਲੀ ਕਰ ਦਿਉ। ਖਿੜਕੀਆਂ ਦਰਵਾਜ਼ਿਆਂ ਤੇ ਜਾਲੀਆਂ ਲਾ ਕੇ ਰੱਖੋ। ਪੂਰਾ ਸ੍ਰੀਰ ਢੱਕ ਕੇ ਰੱਖਣ ਵਾਲੇ ਕਪੜੇ ਹੀ ਪਾਉ। ਰਾਤ ਨੂੰ ਮੱਛਰਦਾਨੀ ਲਾ ਕੇ ਹੀ ਸੌਂਵੋ। ਘਰ ਤੇ ਆਲੇ-ਦੁਆਲੇ ਕੀਟ ਨਾਸ਼ਕ ਦਵਾਈਆਂ ਦਾ ਛਿੜਕਾਉ ਜ਼ਰੂਰ ਕਰੋ।
ਡੇਂਗੂ ਬੁਖ਼ਾਰ ਵਿਚ ਕੀ ਕਰੀਏ, ਕੀ ਨਾ ਕਰੀਏ?
ਤੁਰਤ ਡਾਕਟਰ ਦੀ ਸਲਾਹ ਲਵੋ। ਮਰੀਜ਼ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾ ਦਿਉ। ਮਰੀਜ਼ ਨੂੰ ਆਰਾਮ ਕਰਨ ਦਿਉ ਤੇ ਪੌਸ਼ਟਿਕ ਭੋਜਨ ਹੀ ਦਿਉ।
ਕੁੱਝ ਟੈਸਟ ਜਿਵੇਂ ਡਾਕਟਰ ਲਿਖਦੇ ਹਨ (ਸੀਡੀਸੀ ਟੈਸਟ, ਬੀਡੀਐਫ ਟੈਸਟ) ਜ਼ਰੂਰ ਕਰਵਾ ਲੈਣੇ ਚਾਹੀਦੇ ਹਨ।
ਡੇਂਗੂ ਬੁਖ਼ਾਰ ਦਾ ਇਲਾਜ : ਡੇਂਗੂ ਬੁਖ਼ਾਰ ਵਿਚ ਜਦ ਪਲੇਟਲੈਟ ਸੈੱਲਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੋ ਜਾਂਦੀ ਹੈ, ਉਦੋਂ ਸਥਿਤੀ ਗੰਭੀਰ ਹੋ ਜਾਂਦੀ ਹੈ। ਇਸ ਹਾਲਤ ਵਿਚ ਖ਼ੂਨ ਚੜ੍ਹਾਉਣ ਦੀ ਲੋੜ ਪੈ ਸਕਦੀ ਹੈ। ਐਲੋਪੈਥੀ ਪ੍ਰਣਾਲੀ ਵਿਚ ਲੱਛਣਾਂ ਉਤੇ ਆਧਾਰਤ ਇਲਾਜ ਹੀ ਕੀਤਾ ਜਾਂਦਾ ਹੈ। ਇਹ ਬੁਖ਼ਾਰ ਠੀਕ ਹੋਣ ਵਿਚ ਹਫ਼ਤੇ ਦਾ ਸਮਾਂ ਤਾਂ ਘੱਟੋ-ਘੱਟ ਲੱਗ ਹੀ ਜਾਂਦਾ ਹੈ। ਪੌਸ਼ਟਿਕ ਖ਼ੁਰਾਕ ਦਿੰਦੇ ਰਹੋ ਤਾਕਿ ਮਰੀਜ਼ ਨੂੰ ਕਮਜ਼ੋਰੀ ਨਾ ਆਵੇ।
ਡਾ. ਅਜੀਤਪਾਲ ਸਿੰਘ ਐਮ.ਡੀ.