
ਆਉ ਜਾਣਦੇ ਹਾਂ ਰਾਮਫਲ ਖਾਣ ਦੇ ਫ਼ਾਇਦਿਆਂ ਬਾਰੇ
Ramphal Benefits: ਫਲ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਸੀਂ ਬਹੁਤ ਸਾਰੇ ਫਲਾਂ ਬਾਰੇ ਜਾਣਦੇ ਹਾਂ ਪਰ ਕੁੱਝ ਅਜਿਹੇ ਫਲ ਵੀ ਹਨ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕ ਅਣਜਾਣ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਫਲ ਬਾਰੇ ਦਸਣ ਜਾ ਰਹੇ ਹਾਂ, ਜੋ ਚਮੜੀ ਅਤੇ ਸਿਹਤ ਦੋਹਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਉਂਝ ਤਾਂ ਤੁਸੀਂ ਸੀਤਾਫਲ ਬਾਰੇ ਤਾਂ ਸੁਣਿਆ ਹੀ ਹੋਵੇਗਾ, ਇਸੇ ਤਰ੍ਹਾਂ ਰਾਮਫਲ ਵੀ ਹੈ। ਇਹ ਦਿਖਣ ਵਿਚ ਬਿਲਕੁਲ ਟਮਾਟਰ ਵਰਗਾ ਹੈ।
ਆਉ ਜਾਣਦੇ ਹਾਂ ਰਾਮਫਲ ਖਾਣ ਦੇ ਫ਼ਾਇਦਿਆਂ ਬਾਰੇ:
ਪਾਚਨ ਤੰਤਰ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਫ਼ਾਈਬਰ ਮਿਲਦਾ ਰਹਿਣਾ ਜ਼ਰੂਰੀ ਹੈ ਤੇ ਫਲਾਂ ਅਤੇ ਸਬਜ਼ੀਆਂ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਪੋਸ਼ਣ ਦੀ ਲੋੜੀਂਦੀ ਮਾਤਰਾ ਨਾਲ ਤੁਸੀਂ ਨਾ ਸਿਰਫ਼ ਕਬਜ਼, ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ, ਸਗੋਂ ਇਹ ਭਾਰ ਨੂੰ ਵੀ ਕੰਟਰੋਲ ਵਿਚ ਰਖਦਾ ਹੈ। ਰਾਮਫਲ ਵਿਚ ਫ਼ਾਈਬਰ ਵੀ ਚੰਗੀ ਮਾਤਰਾ ਵਿਚ ਮੌਜੂਦ ਹੁੰਦਾ ਹੈ।
ਜ਼ਿਆਦਾਤਰ ਔਰਤਾਂ ਆਇਰਨ ਦੀ ਕਮੀ ਕਾਰਨ ਅਨੀਮੀਆ ਦੀ ਸ਼ਿਕਾਇਤ ਕਰਦੀਆਂ ਹਨ। ਇਸ ਲਈ ਔਰਤਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ। ਆਇਰਨ ਸਾਡੇ ਸਰੀਰ ਲਈ ਜ਼ਰੂਰੀ ਪੋਸ਼ਣ ਹੈ। ਰਾਮਫਲ ਵਿਚ ਆਇਰਨ ਵੀ ਮੌਜੂਦ ਹੁੰਦਾ ਹੈ ਜਿਸ ਨਾਲ ਸਰੀਰ ਵਿਚ ਖ਼ੂਨ ਦੇ ਨਾਲ-ਨਾਲ ਆਕਸੀਜਨ ਦੀ ਮਾਤਰਾ ਵੀ ਪੂਰੀ ਹੁੰਦੀ ਹੈ।
ਰਾਮਫਲ ਦਾ ਸੇਵਨ ਕਰਨ ਨਾਲ ਵਿਟਾਮਿਨ ਬੀ 6 ਦੀ ਕਮੀ ਪੂਰੀ ਹੁੰਦੀ ਹੈ, ਇਸ ਦੇ ਸੇਵਨ ਕਰਨ ਨਾਲ ਦਿਲ ’ਤੇ ਜੰਮੀ ਹੋਈ ਚਰਬੀ ਘੱਟ ਹੁੰਦੀ ਹੈ। ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ। ਦਿਲ ਦੇ ਨਾਲ-ਨਾਲ ਇਹ ਤੁਹਾਡੀ ਕਿਡਨੀ ਲਈ ਵੀ ਬਹੁਤ ਫ਼ਾਇਦੇਮੰਦ ਫਲ ਹੈ। ਰਾਮਫਲ ਦਾ ਸੇਵਨ ਚਮੜੀ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਰਾਮਫਲ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਬੀ6 ਚੰਗੀ ਮਾਤਰਾ ਵਿਚ ਮੌਜੂਦ ਹੁੰਦੇ ਹਨ ਜੋ ਸਾਡੀ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਨੂੰ ਦਾਗ਼ ਤੋਂ ਮੁਕਤ ਬਣਾਉਂਦੇ ਹਨ।