
ਹਰਬਲ ਚਾਹ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਨਾਲ ਹੀ ਐਂਟੀ-ਇਨਫਲੇਮੇਟਰੀ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ
ਮੁਹਾਲੀ: ਦੇਸ਼ ’ਚ ਕਈ ਤਰ੍ਹਾਂ ਦੀ ਚਾਹ ਦਾ ਸੇਵਨ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਹੈ ਹਰਬਲ ਚਾਹ। ਖ਼ਾਸ ਗੱਲ ਇਹ ਹੈ ਕਿ ਹਰਬਲ ਚਾਹ ਦੀਆਂ ਵੀ ਕਈ ਕਿਸਮਾਂ ਮੌਜੂਦ ਹਨ ਜੋ ਸਿਹਤ ਲਈ ਕਈ ਫ਼ਾਇਦੇਮੰਦ ਹੁੰਦੀਆਂ ਹਨ। ਹਰਬਲ ਚਾਹ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਨਾਲ ਹੀ ਐਂਟੀ-ਇਨਫਲੇਮੇਟਰੀ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ। ਜੇਕਰ ਤੁਸੀਂ ਨਿਯਮਤ ਤੌਰ ’ਤੇ ਹਰਬਲ ਚਾਹ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰਦੇ ਹੋ, ਤਾਂ ਤੁਹਾਨੂੰ ਬਹੁਤ ਫ਼ਾਇਦੇ ਮਿਲ ਸਕਦੇ ਹਨ। ਆਉ ਜਾਣਦੇ ਹਾਂ ਹਰਬਲ ਚਾਹ ਦੀਆਂ ਵੱਖ ਵੱਖ ਕਿਸਮਾਂ ਬਾਰੇ:
ਪੁਦੀਨੇ ਤੋਂ ਬਣੀ ਹਰਬਲ ਚਾਹ ਸਰਦੀਆਂ ਵਿਚ ਪੀਤੀ ਜਾਂਦੀ ਹੈ। ਪੁਦੀਨੇ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਸ ਵਿਚ ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਸਰਦੀਆਂ ਵਿਚ ਪੁਦੀਨੇ ਦੀ ਚਾਹ ਦਾ ਸੇਵਨ ਇਕ ਵਧੀਆ ਵਿਕਲਪ ਹੈ। ਲੈਮਨ ਗ੍ਰਾਸ ਚਾਹ ਨੂੰ ਇਕ ਸ਼ਾਨਦਾਰ ਹਰਬਲ ਚਾਹ ਮੰਨਿਆ ਜਾਂਦਾ ਹੈ। ਲੈਮਨਗ੍ਰਾਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਸਰੀਰ ਵਿਚ ਸੋਜ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਸਿਹਤਮੰਦ ਰਹਿਣ ਲਈ ਤੁਸੀਂ ਲੈਮਨ ਗ੍ਰਾਸ ਚਾਹ ਪੀ ਸਕਦੇ ਹੋ।
ਸਰਦੀਆਂ ਵਿਚ ਗਰੀਨ ਚਾਹ ਪੀਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਠੀਕ ਹੁੰਦਾ ਹੈ। ਸਰਦੀਆਂ ਦੇ ਮੌਸਮ ਵਿਚ ਅਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਗ੍ਰੀਨ ਚਾਹ ਇਕ ਵਧੀਆ ਵਿਕਲਪ ਹੋ ਸਕਦੀ ਹੈ। ਗ੍ਰੀਨ ਚਾਹ ਦਾ ਸਵਾਦ ਵਧਾਉਣ ਲਈ ਇਸ ਵਿਚ ਨਿੰਬੂ ਦਾ ਰਸ ਅਤੇ ਪੁਦੀਨਾ ਵੀ ਪਾਇਆ ਜਾ ਸਕਦਾ ਹੈ। ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਹ ਐਂਟੀ-ਬੈਕਟੀਰੀਅਲ, ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਵੀ ਭਰਪੂਰ ਹੁੰਦੀ ਹੈ। ਹਲਦੀ ਵਾਲੀ ਚਾਹ ਥੋੜ੍ਹੀ ਕੌੜੀ ਹੁੰਦੀ ਹੈ, ਇਸ ਲਈ ਇਸ ਦਾ ਸਵਾਦ ਪੀਣ ਯੋਗ ਕਰਨ ਲਈ ਨਿੰਬੂ ਦਾ ਰਸ ਅਤੇ ਸ਼ਹਿਦ ਵੀ ਵਰਤਿਆ ਜਾ ਸਕਦਾ ਹੈ।