
ਹੋਮਿਓਪੈਥੀ ਦੁਨੀਆਂ ਦੀਆਂ ਮੁਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹੈਨੇਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ...
ਹੋਮਿਓਪੈਥੀ ਦੁਨੀਆਂ ਦੀਆਂ ਮੁਢਲੀਆਂ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹੈਨੇਮੈਨ ਨੇ ਕੀਤੀ। ਹੌਲੀ ਹੌਲੀ ਇਹ ਪੈਥੀ ਸਾਰੇ ਸੰਸਾਰ ਵਿਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਪ੍ਰਚਲਤ ਇਲਾਜ ਪ੍ਰਣਾਲੀਆਂ ਵਿਚੋਂ ਇਕ ਹੈ। ਪਰ ਲੋਕਮਨਾਂ ਵਿਚ ਹੋਮਿਓਪੈਥੀ ਸਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਕਿ ਹੋਮਿਓਪੈਥੀ ਸਬੰਧੀ ਲੋਕਾਂ ਦਾ ਗਿਆਨ ਵੱਧ ਸਕੇ।
ਸੱਭ ਤੋਂ ਪਹਿਲੀ ਗੱਲ ਤਾਂ ਲੋਕਮਨਾਂ ਵਿਚ ਇਹ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫ਼ਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀਂ ਕਰਦੀ। ਇਹ ਬਹੁਤ ਵੱਡਾ ਭਰਮ-ਭੁਲੇਖਾ ਹੈ ਜੋ ਲੋਕ ਮਨਾਂ ਵਿਚ ਪਲਿਆ ਹੋਇਆ ਹੈ। ਦੁਨੀਆਂ ਉਤੇ ਕੋਈ ਵੀ ਚੀਜ਼ ਹੋਵੇ, ਜੇਕਰ ਉਸ ਦਾ ਬਿਨਾਂ ਸੋਚੇ-ਸਮਝੇ ਉਪਯੋਗ ਕਰਾਂਗੇ ਤਾਂ ਉਹ ਨੁਕਸਾਨ ਕਰੇਗੀ ਹੀ ਕਰੇਗੀ। ਕਈ ਲੋਕ ਅਪਣੇ ਆਪ ਕਿਤਾਬਾਂ ਪੜ੍ਹ ਕੇ ਹੋਮਿਓਪੈਥੀ ਨੂੰ ਅਜ਼ਮਾਉਣ ਲੱਗ ਜਾਂਦੇ ਹਨ, ਜੋ ਕਿ ਖ਼ਤਰਨਾਕ ਰੁਝਾਨ ਹੈ। ਮਿਓਪੈਥਿਕ ਦਵਾਈਆਂ ਦੇ ਅਸਰ ਬਹੁਤ ਡੂੰਘੇ ਹੁੰਦੇ ਹਨ। ਜੇਕਰ ਬਿਨਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਸੀ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਇਹ ਮੰਨੋ ਕਿ ਅਸੀ ਅਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ।
misconceptions about homeopathy
ਹੋਮਿਓਪੈਥਿਕ ਦਵਾਈ ਬਹੁਤ ਹੌਲੀ ਅਸਰ ਕਰਦੀ ਹੈ: ਇਹ ਬੜਾ ਵੱਡਾ ਭਰਮ ਲੋਕ ਮਨਾਂ ਵਿਚ ਪਾਇਆ ਜਾਂਦਾ ਹੈ ਕਿ ਜਦੋਂ ਨੂੰ ਹੋਮਿਓਪੈਥਿਕ ਦਵਾਈ ਨੇ ਅਸਰ ਸ਼ੁਰੂ ਕੀਤਾ, ਉਦੋਂ ਨੂੰ ਜਾਨ ਨਿਕਲ ਜਾਊ। ਹੋਮਿਓਪੈਥੀ ਵਿਚ ਦੋ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ। ਇਕ ਨਵੀਂ ਬਿਮਾਰੀ ਲਈ ਅਤੇ ਇਕ ਪੁਰਾਣੀ ਬਿਮਾਰੀ ਲਈ। ਮੰਨ ਲਉ ਕਿਸੇ ਮਰੀਜ਼ ਨੂੰ ਸ਼ੂਗਰ ਦੀ ਤਕਲੀਫ਼ ਹੈ, ਜੋ ਕਿ ਦਸ ਸਾਲ ਪੁਰਾਣੀ ਹੈ। ਜੇਕਰ ਉਸ ਰੋਗੀ ਨੂੰ ਹੋਮਿਓਪੈਥਿਕ ਦਵਾਈ ਦਿਤੀ ਜਾਵੇ ਤਾਂ ਇਹ ਤਾਂ ਹੈ ਨਹੀਂ ਕਿ ਉਸ ਦੀ ਸ਼ੂਗਰ ਦੋ ਹਫ਼ਤਿਆਂ ਵਿਚ ਠੀਕ ਹੋ ਜਾਵੇਗੀ।
ਜਿੰਨੀ ਪੁਰਾਣੀ ਬਿਮਾਰੀ ਹੁੰਦੀ ਹੈ, ਓਨਾ ਹੀ ਸਮਾਂ ਵੱਧ ਲਗਦਾ ਹੈ। ਇਸ ਤੋਂ ਉਲਟ ਜੇਕਰ ਕਿਸੇ ਦੇ ਸਿਰ ਵਿਚ ਸੱਟ ਲੱਗ ਜਾਵੇ ਅਤੇ ਆਦਮੀ ਬੇਹੋਸ਼ ਹੋ ਜਾਵੇ ਤਾਂ ਉਸੇ ਵੇਲੇ ਮੂੰਹ ਵਿਚ ਪਾਈ ਹੋਮਿਓਪੈਥਿਕ ਦਵਾਈ ਦੀ ਇਕ ਖੁਰਾਕ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੋਵੇਗੀ। ਸੋ ਕਹਿਣ ਤੋਂ ਭਾਵ ਹੈ ਕਿ ਸਾਡੀਆਂ ਬਿਮਾਰੀਆਂ ਹੀ ਬਹੁਤ ਪੁਰਾਣੀਆਂ ਹੁੰਦੀਆਂ ਹਨ। ਪਹਿਲਾਂ ਹੋਰ ਇਲਾਜ ਪ੍ਰਣਾਲੀਆਂ ਰਾਹੀਂ ਰੋਗ ਨੂੰ ਠੀਕ ਕਰਨ ਦਾ ਯਤਨ ਕੀਤਾ ਜਾਂਦਾ ਹੈ। ਫਿਰ ਜਦੋਂ ਰੋਗੀ ਹੋਮਿਓਪੈਥੀ ਵਿਚ ਆਉਂਦਾ ਹੈ ਤਾਂ ਕਾਫ਼ੀ ਸਮਾਂ ਲੰਘ ਚੁੱਕਾ ਹੁੰਦਾ ਹੈ।
misconceptions about homeopathy
ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਦਵਾਈਆਂ ਦੀ ਵਰਤੋਂ: ਮੰਨ ਲਉੁ ਕਿ ਪਹਿਲਾਂ ਕੋਈ ਰੋਗੀ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਥਾਇਰਾਇਡ ਦੀ ਅੰਗਰੇਜ਼ੀ ਗੋਲੀ ਖਾ ਕੇ ਸਮਾਂ ਗੁਜ਼ਾਰ ਰਿਹਾ ਹੈ। ਇਕਦਮ ਉਸ ਦੇ ਮਨ ਵਿਚ ਹੋਮਿਓਪੈਥੀ ਦਾ ਖ਼ਿਆਲ ਆਉਂਦਾ ਹੈ ਤਾਂ ਡਾਕਟਰ ਕੋਲ ਆ ਕੇ ਰੋਗੀ ਇਹੋ ਸਵਾਲ ਕਰਦਾ ਹੈ, ਹੁਣ ਮੈਂ ਇਹ ਗੋਲੀ ਜਾਂ ਕੈਪਸੂਲ ਛੱਡ ਦਿਆਂ? ਕਈ ਮਰੀਜ਼ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਛੱਡ ਦਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਹੋਮਿਓਪੈਥਿਕ ਦਵਾਈ ਦੇ ਨਾਲ ਕੋਈ ਹੋਰ ਦਵਾਈ ਨਹੀਂ ਲੈਣੀ। ਪਰ ਇਹ ਖ਼ਤਰਨਾਕ ਰੁਝਾਨ ਹੈ। ਜਿਸ ਦਵਾਈ ਨੂੰ ਰੋਗੀ ਸਾਲਾਂਬੱਧੀ ਖਾ ਰਿਹਾ ਹੈ, ਉਸ ਨੂੰ ਇਕਦਮ ਛੱਡਣ ਨਾਲ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸ ਪੈ ਸਕਦਾ ਹੈ।
ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੋਲੀ ਇਕਦਮ ਛੱਡਣ ਨਾਲ ਅਧਰੰਗ ਹੋਣ ਦਾ ਖ਼ਤਰਾ ਬਣ ਸਕਦਾ ਹੈ ਕਿਉਂਕਿ ਇਹ ਗੋਲੀਆਂ ਅਤੇ ਕੈਪਸੂਲ ਇਕ ਤਰ੍ਹਾਂ ਨਸ਼ੇ ਵਾਂਗ ਸਰੀਰ ਨੂੰ ਲੱਗੇ ਹੁੰਦੇ ਹਨ। ਜੇਕਰ ਕਿਸੇ ਅਮਲੀ ਦਾ ਨਸ਼ਾ ਇਕਦਮ ਛੁਡਾ ਦਿਤਾ ਜਾਵੇ ਤਾਂ ਉਸ ਨੂੰ ਤੋੜ ਲਗਦੀ ਹੈ। ਇਸੇ ਤਰ੍ਹਾਂ ਹੋਮਿਓਪੈਥਿਕ ਦਵਾਈ ਸ਼ੁਰੂ ਕਰਨ ਵੇਲੇ ਉਹ ਦਵਾਈਆਂ ਜਿਨ੍ਹਾਂ ਦੀ ਰੋਗੀ ਵਰਤੋਂ ਕਰਦਾ ਸੀ, ਇਕਦਮ ਨਹੀਂ ਛਡਣੀਆਂ ਚਾਹੀਦੀਆਂ। ਜਦੋਂ ਹੋਮਿਓਪੈਥਿਕ ਦਵਾਈ ਅਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇ, ਉਦੋਂ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈਆਂ ਛਡਣੀਆਂ ਚਾਹੀਦੀਆਂ ਹਨ।
misconceptions about homeopathy
ਕਈ ਵਾਰ ਹੋਮਿਓਪੈਥਿਕ ਦਵਾਈਆਂ ਦੇ ਚਲਦੇ ਮਰੀਜ਼ ਨੂੰ ਕੋਈ ਬੁਖ਼ਾਰ ਜਾਂ ਖੰਘ ਹੋ ਜਾਂਦੀ ਹੈ। ਫਿਰ ਮਰੀਜ਼ ਦਾ ਸਵਾਲ ਹੁੰਦਾ ਹੈ ਕਿ ਉਹ ਕੋਈ ਹੋਰ ਦਵਾਈ ਲੈ ਲਵੇ ਜਾਂ ਜੇਕਰ ਕੋਈ ਹੋਰ ਦਵਾਈ ਲਵੇਗਾ ਤਾਂ ਉਸ ਨਾਲ ਹੋਮਿਓਪੈਥਿਕ ਦਵਾਈ ਦਾ ਅਸਰ ਤਾਂ ਨਹੀਂ ਕਟਿਆ ਜਾਵੇਗਾ। ਅਗਰ ਤਾਂ ਹੋਮਿਓਪੈਥਿਕ ਦਵਾਈ ਲੈਣ ਤੋਂ ਇਕ-ਦੋ ਦਿਨਾਂ ਬਾਅਦ ਬੁਖ਼ਾਰ, ਖੰਘ, ਨਜ਼ਲਾ, ਰੇਸ਼ਾ ਜਾਂ ਟੱਟੀਆਂ ਲੱਗ ਜਾਂਦੀਆਂ ਹਨ ਤਾਂ ਇਹ ਬਹੁਤ ਵਧੀਆ ਲੱਛਣ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹੋਮਿਓਪੈਥਿਕ ਦਵਾਈ ਨੇ ਅਪਣਾ ਅਸਰ ਸ਼ੁਰੂ ਕਰ ਦਿਤਾ ਹੈ।
ਅਗਰ ਇਹ ਅਲਾਮਤਾਂ ਹੋਮਿਓਪੈਥਿਕ ਇਲਾਜ ਦੌਰਾਨ ਵੈਸੇ ਹੋ ਜਾਂਦੀਆਂ ਹਨ ਜਿਵੇਂ ਕਿ ਮੌਸਮ ਦੇ ਬਦਲਣ ਨਾਲ ਜਾਂ ਕੁੱਝ ਖਾਣ-ਪੀਣ ਕਰ ਕੇ ਤਾਂ ਕਾਹਲੀ ਕਰ ਕੇ ਕੋਈ ਹੋਰ ਦਵਾਈ ਨਹੀਂ ਲੈਣੀ ਚਾਹੀਦੀ। ਹੋ ਸਕਦਾ ਹੈ ਕਿ ਇਕ-ਦੋ ਦਿਨਾਂ ਵਿਚ ਇਹ ਤਕਲੀਫ਼ ਅਪਣੇ ਆਪ ਠੀਕ ਹੋ ਜਾਵੇ ਜਾਂ ਅਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੁਖਾਰ, ਖੰਘ, ਸਿਰ ਦਰਦ, ਜ਼ੁਕਾਮ ਦੀ ਗੋਲੀ ਇਕਦਮ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਈ ਰੋਗ ਜਿੱਥੇ ਹੋਮਿਓਪੈਥਿਕ ਦਵਾਈਆਂ ਨਾਲ ਦੂਜੀਆਂ ਇਲਾਜ ਪ੍ਰਣਾਲੀਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਐਕਸੀਡੈਂਟ, ਜਲ ਜਾਣਾ ਜਾਂ ਆਪਰੇਸ਼ਨ ਵਗੈਰਾ ਦੀ ਹਾਲਤ ਵਿਚ ਹੋਮਿਓਪੈਥੀ ਦਵਾਈ ਨਾਲ ਦੂਜੀ ਦਵਾਈ ਲਈ ਜਾ ਸਕਦੀ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ।
misconceptions about homeopathy
ਹੋਮਿਓਪੈਥਿਕ ਦਵਾਈ ਅਤੇ ਪ੍ਰਹੇਜ਼: ਇਹ ਗੱਲਾਂ ਲੋਕ ਮਨਾਂ ਦੀ ਘਾੜਤ ਹਨ ਕਿ ਹੋਮਿਓਪੈਥੀ ਵਿਚ ਜ਼ਿਆਦਾ ਪ੍ਰਹੇਜ਼ ਕਰਨਾ ਪੈਂਦਾ ਹੈ। ਆਮ ਸੁਣਨ ਵਿਚ ਆਉਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਲਸਣ, ਪਿਆਜ਼, ਇਲਾਇਚੀ ਆਦਿ ਦੀ ਵਰਤੋਂ ਨਹੀਂ ਕਰਨੀ। ਦਰਅਸਲ ਹੋਮਿਓਪੈਥੀ ਵਿਚ ਕਿਸੇ ਵੀ ਚੀਜ਼ ਦਾ ਪ੍ਰਹੇਜ਼ ਨਹੀਂ ਪਰ ਇਲਾਜ ਨਾਲੋਂ ਪ੍ਰਹੇਜ਼ ਚੰਗਾ ਜਾਂ ਜਿਹੋ ਜਿਹੀ ਬਿਮਾਰੀ, ਉਹੋ ਜਿਹਾ ਪ੍ਰਹੇਜ਼ ਹੁੰਦਾ ਹੈ। ਜੇ ਸ਼ੂਗਰ ਵਾਲੇ ਮਰੀਜ਼ ਨੂੰ ਖੰਡ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਨਮਕ ਬੰਦ ਕਰ ਦਿਤਾ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਸਾਰੇ ਮਰੀਜ਼ਾਂ ਦੀ ਖੰਡ ਜਾਂ ਨਮਕ ਬੰਦ ਹੋ ਗਏ।
ਪ੍ਰਹੇਜ਼ ਦਵਾਈ ਨਾਲ ਨਹੀਂ ਸਗੋਂ ਬਿਮਾਰੀ ਨਾਲ ਹੁੰਦਾ ਹੈ। ਪਿਆਜ਼ ਜਾਂ ਲਸਣ ਉਨ੍ਹਾਂ ਲੋਕਾਂ ਦਾ ਬੰਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪਿਆਜ਼ ਜਾਂ ਲਸਣ ਤੋਂ ਕੋਈ ਤਕਲੀਫ਼ ਹੁੰਦੀ ਹੈ ਜਾਂ ਜਿਨ੍ਹਾਂ ਦੀ ਦਵਾਈ ਲਸਣ ਜਾਂ ਪਿਆਜ਼ ਆਦਿ ਤੋਂ ਬਣੀ ਹੁੰਦੀ ਹੈ ਕਿਉਂਕਿ ਹੋਮਿਓਪੈਥੀ ਵਿਚ ਹਰ ਚੀਜ਼ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ। ਜਿਸ ਚੀਜ਼ ਤੋਂ ਉਹ ਦਵਾਈ ਤਿਆਰ ਕੀਤੀ ਜਾਂਦੀ ਹੈ, ਉਸ ਦਾ ਪ੍ਰਹੇਜ਼ ਕਰ ਦਿਤਾ ਜਾਂਦਾ ਹੈ ਪਰ ਇਹ ਵੀ ਹਰ ਥਾਂ ਲਾਗੂ ਨਹੀਂ ਹੁੰਦਾ।
misconceptions about homeopathy
ਸੋ ਭਾਵੇਂ ਹੋਮਿਓਪੈਥਿਕ ਦਵਾਈ ਨੂੰ ਲਸਣ ਜਾਂ ਪਿਆਜ਼ ਵਿਚ ਲਪੇਟ ਕੇ ਲੈ ਲਵੋ ਤਾਂ ਵੀ ਅਸਰ ਕਰੇਗੀ। ਹਾਂ ਦਵਾਈ ਦੌਰਾਨ ਸ਼ਰਾਬ, ਕਾਫ਼ੀ, ਚਾਹ ਜਾਂ ਜ਼ਿਆਦਾ ਤਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।