
ਚੰਡੀਗੜ੍ਹ, 26 ਅਕਤੂਬਰ (ਤਰੁਣ ਭਜਨੀ): ਗ਼ਲਤ ਜੀਵਨ ਸ਼ੈਲੀ ਕਾਰਨ ਚੰਡੀਗੜ੍ਹ ਵਿਚ ਦਿਲ ਦੀ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਚੰਡੀਗੜ੍ਹ ਦੇ ਲੋਕਾਂ ਵਿਚ ਹੋਣ ਵਾਲੀਆਂ ਬੀਮਾਰੀਆਂ ਵਿਚ ਸੱਭ ਤੋਂ ਵੱਧ ਮੌਤਾਂ ਕਾਰਡਿਉਵਸਕੁਲਰ ਬੀਮਾਰੀਆਂ ਕਾਰਨ ਹੋ ਰਹੀਆਂ ਹਨ। ਪੀ.ਜੀ.ਆਈ. ਵਲੋਂ ਕੀਤੀ ਗਈ ਇਕ ਸਟੱਡੀ ਮੁਤਾਬਕ ਨਾਨ ਕੋਮਿਉਨਿਕੇਬਲ ਬੀਮਾਰੀਆਂ ਵਿਚ ਕਾਰਡਿਉਵੈਸਕੁਲਰ ਸੱਭ ਤੋਂ ਅੱਗੇ ਹੈ। ਪੀ.ਜੀ.ਆਈ. ਕੰਮਯੂਨਿਟੀ ਮੈਡੀਸ਼ਨ ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਜੇ.ਐਸ. ਠਾਕੁਰ ਅਤੇ ਹੋਰ ਡਾਕਟਰਾਂ ਵਲੋਂ ਕੀਤੀ ਗਈ ਨਾਨ ਕੋਮਉਨਿਕੇਬਲ ਡੀਜੀਜ਼ ਵਿਚ ਦਿਲ ਸਬੰਧੀ ਬੀਮਾਰੀਆਂ ਕਾਰਨ ਸ਼ਹਿਰ 'ਚ 34.9 ਫ਼ੀ ਸਦੀ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਇਲਾਵਾ 12.5 ਫ਼ੀ ਸਦੀ ਲੋਕ ਜ਼ਖ਼ਮੀ ਹੋਣ ਕਾਰਨ ਦਮ ਤੋੜ ਦਿੰਦੇ ਹਨ। ਸਾਂਹ ਸਬੰਧੀ ਬੀਮਾਰੀਆਂ ਦਾ ਨੰਬਰ 7.4 ਫ਼ੀ ਸਦੀ ਹੈ।
ਡਾ. ਜੇ.ਐਸ. ਠਾਕੁਰ ਨੇ ਦਸਿਆ ਕਿ ਸਟੱਡੀ ਵਿਚ ਪਾਇਆ ਗਿਆ ਸੀ ਕਿ ਚੰਡੀਗੜ੍ਹ ਦੇ ਜ਼ਿਆਦਾਤਰ ਲੋਕਾਂ ਦੀ ਜੀਵਨ ਸ਼ੈਲੀ ਠੀਕ ਨਹੀਂ ਹੈ। ਖ਼ੁਰਾਕ ਸਹੀ ਨਾ ਹੋਣਾ, ਸਰੀਰਕ ਗਤੀਵਿਧੀ ਦੀ ਕਮੀ, ਸ਼ਰਾਬ ਅਤੇ ਤਮਾਕੂ ਦੀ ਵਰਤੋਂ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਕਾਰਨ ਦਿਲ ਸਬੰਧੀ ਬੀਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਵਿਚ ਫੇਫੜਿਆਂ ਅਤੇ ਪ੍ਰੋਸਟੇਟ ਕੈਂਸਰ ਵੀ ਵਧ ਰਿਹਾ ਹੈ। ਇਸ ਦੇ ਨਾਲ ਹੀ ਔਰਤਾਂ ਵਿਚ ਬ੍ਰੈਸਟ ਕੈਂਸਰ ਪਹਿਲੇ ਸਥਾਨ 'ਤੇ ਪਾਇਆ ਗਿਆ ਹੈ। ਡਾ. ਠਾਕੁਰ ਨੇ ਦਸਿਆ ਕਿ ਅਜਿਹੀਆਂ ਬੀਮਾਰੀਆਂ ਦੇ ਵਧਣ ਦਾ ਵੱਡਾ ਕਾਰਨ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਹੈ ਅਤੇ ਉਹ ਅਪਣੀ ਜੀਵਨ ਸ਼ੈਲੀ ਸੁਧਾਰਣ ਪ੍ਰਤੀ ਗੰਭੀਰ ਨਹੀਂ ਹਨ। ਪੀ.ਜੀ.ਆਈ. ਦੇ ਐਡਵਾਂਸ ਕਾਰਡਿਅਕ ਸੈਂਟਰ ਦੀ ਓ.ਪੀ.ਡੀ. ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦਿਲ ਦੇ ਮਰੀਜ਼ ਆਉਂਦੇ ਹਨ। ਦਿਲ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੱਭ ਤੋਂ ਵੱਧ ਮਰੀਜ਼ ਇਸੇ ਓ.ਪੀ.ਡੀ. ਵਿਚ ਆਉਂਦੇ ਹਨ। ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਯੂਪੀ ਤੋਂ ਮਰੀਜ਼ ਸ਼ਾਮ ਤਕ ਓ.ਪੀ.ਡੀ. ਵਿਚ ਲਾਇਨਾਂ ਵਿਚ ਲੱਗੇ ਹੁੰਦੇ ਹਨ।