Advertisement
  ਜੀਵਨ ਜਾਚ   ਸਿਹਤ  ਗੋਡੇ ਦਰਦ ਦੀ ਸਮੱਸਿਆ, ਕੀ ਕਰੀਏ

ਗੋਡੇ ਦਰਦ ਦੀ ਸਮੱਸਿਆ, ਕੀ ਕਰੀਏ

Published Sep 19, 2017, 11:31 pm IST
Updated Sep 19, 2017, 6:01 pm IST40 ਸਾਲ ਦੀ ਉਮਰ ਪਾਰ ਕਰਦਿਆਂ ਹਰ ਇਨਸਾਨ ਨੂੰ ਗੋਡਿਆਂ, ਜੋੜਾਂ ਦੇ ਦਰਦ ਦੀ ਥੋੜੀ ਬਹੁਤ ਸਮੱਸਿਆ ਹੋ ਜਾਂਦੀ ਹੈ। ਗੋਡਿਆਂ ਦਾ ਦਰਦ ਇਨਸਾਨ  ਨੂੰ ਆਲਸੀ ਬਣਾ ਦਿੰਦਾ ਹੈ। ਕੰਮ ਕਰਨ ਦੀ ਸ਼ਕਤੀ ਅਤੇ ਹਿੰਮਤ ਵੀ ਪਸਤ ਹੋ ਜਾਂਦੀ ਹੈ। ਗੋਡਿਆਂ ਦੇ ਦਰਦ ਨੂੰ ਲੈ ਕੇ ਬਜ਼ਾਰ ਵਿਚ ਇਸ਼ਤਿਹਾਰਾਂ ਰਾਹੀਂ ਵੇਚੇ ਜਾਣ ਵਾਲੇ ਦਰਦ ਨਿਵਾਰਕ ਤੇਲ, ਸਪਲਿੰਟਾਂ, ਬੈੱਲਟਾਂ ਜਾਂ ਨੀ ਕੇਜ ਤੋਂ ਇਲਾਵਾ ਵੱਡੇ-ਵੱਡੇ ਹਸਪਤਾਲਾਂ ਤੋਂ ਗੋਡਿਆਂ ਨੂੰ ਬਦਲਾਉਣ ਦੇ ਲੁਭਾਵਣੇ ਪੈਕੇਜ ਅਤੇ ਉਨ੍ਹਾਂ ਦੀ ਵਿਰੋਧੀ ਧਿਰ ਬਣ ਕੇ ਵਿਚਰ ਰਹੇ ਆਯੁਰਵੈਦਿਕ ਜਾਂ ਹੋਰ ਪੈਥੀਆਂ ਦੇ ਡਾਕਟਰਾਂ ਵਲੋਂ ਗੋਡੇ ਬਦਲਾਉਣ ਦੀ ਜਗ੍ਹਾ ਠੀਕ ਕਰਨ ਦੇ ਆਪੋ ਅਪਣੇ ਵਾਅਦੇ ਅਤੇ ਰੋਜ਼ ਅਖ਼ਬਾਰਾਂ ਵਿਚ ਵਿਗਿਆਪਨ ਤੇ ਮਰੀਜ਼ਾਂ ਵਲੋਂ ਠੀਕ ਹੋ ਜਾਣ ਦੇ ਦਾਅਵੇ, ਆਮ ਬੰਦੇ ਨੂੰ ਸ਼ਸ਼ੋਪੰਜ ਵਿਚ ਪਾ ਦਿੰਦੇ ਹਨ। ਇਸ ਦਲਦਲ ਵਿਚੋਂ ਵਪਾਰੀ ਚੰਗਾ ਲਾਭ ਲੈ ਰਿਹਾ ਹੈ ਪਰ ਮਰੀਜ਼ ਦੀ ਮੁਸ਼ਕਿਲ ਦੂਰ ਕਰਨ ਲਈ ਕੋਈ ਕਾਰਗਰ ਉਪਾਅ ਪੇਸ਼ ਕਰਨ ਦੀ ਕਿਸੇ ਦੀ ਕੋਈ ਜ਼ਿੰਮੇਂਵਾਰੀ ਜਾਂ ਯੋਜਨਾ ਨਹੀਂ ਦਿਸਦੀ।
ਕੀ ਹੈ ਗੋਡਿਆਂ ਦਾ ਦਰਦ?
ਲੱਤ ਦੀ ਹੱਡੀ ਉੱਤੇ ਪੱਟ ਦੀ ਹੱਡੀ ਦਰਵਾਜ਼ੇ ਦੇ ਜੋੜ ਵਾਂਗ ਜਾਂ ਕਬਜ਼ੇ ਵਾਂਗ ਨਹੀਂ ਘੁੰਮਦੀ। ਇਹ ਘੁੰਮਦੀ ਤੇ ਘਿਸਦੀ ਹੈ। ਦੋਹਾਂ ਹੱਡੀਆਂ ਦੇ ਵਿਚਾਲੇ ਇਕ ਮੋਟੀ ਝਿੱਲੀ ਹੈ, ਜੋ ਹੱਡੀਆਂ ਨੂੰ ਰਗੜਨ ਤੋਂ ਬਚਾਉਂਦੀ ਹੈ। ਸਮੇਂ ਨਾਲ ਝਿੱਲੀ ਘੱਸ ਜਾਂਦੀ ਹੈ ਅਤੇ ਹੱਡੀਆਂ ਰਗੜ ਖਾਣ ਲੱਗ ਪੈਂਦੀਆਂ ਹਨ। ਦਰਦ ਤੇ ਗੋਡਿਆਂ ਵਿਚੋਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ। ਸ਼ੁਰੂ-ਸ਼ੁਰੂ ਵਿਚ ਮੁੜੇ ਹੋਏ ਗੋਡਿਆਂ ਨੂੰ ਸਿੱਧਾ ਕਰਨ ਨਾਲ, ਉੱਠ ਕੇ ਖੜੇ ਹੋਣ ਨਾਲ ਤੇ ਪੌੜੀਆਂ ਚੜ੍ਹਨ ਉਤਰਨ ਨਾਲ ਦਰਦ ਹੁੰਦਾ ਹੈ ਜਿਸ ਨਾਲ ਮਰੀਜ਼ ਦਾ ਤੁਰਨਾ ਫਿਰਨਾ ਘਟ ਜਾਂਦਾ ਹੈ। ਹੱਡੀਆਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਗੋਡੇ ਵਿੰਗੇ ਹੋਣ ਲੱਗ ਜਾਂਦੇ ਹਨ। ਇਸ ਨੂੰ ਗੋਡਿਆਂ ਦਾ ਘਸਣਾ ਜਾਂ ਓਸਟੀਓਆਰਥਰਾਈਟਸ ਕਹਿੰਦੇ ਹਨ।
ਕੀ ਨਹੀਂ ਕਰਨਾ ਚਾਹੀਦਾ : ਗੋਡੇ ਨਾ ਮੋੜੋ :  ਪੈਰਾਂ ਭਾਰ ਬਹਿਣ, ਚੌਂਕੜੀ ਮਾਰਨ, ਪੀੜ੍ਹੀ ਫੱਟੀ ਤੇ ਬਹਿਣ ਅਤੇ ਪਖ਼ਾਨੇ ਲਈ ਨਾਰਮਲ ਸੀਟ ਤੇ ਬਹਿਣ ਤੋਂ ਪ੍ਰਹੇਜ਼ ਕਰਨਾ। ਜਿੰਨਾ ਜ਼ਿਆਦਾ ਗੋਡਾ ਮੁੜੇਗਾ ਉਨਾ ਝਿੱਲੀ ਦਾ ਨੁਕਸਾਨ ਜ਼ਿਆਦਾ ਹੋਵੇਗਾ।
ਸਾਈਕਲ ਚਲਾਉਣ ਨਾਲ ਹੁੰਦਾ ਹੈ ਨੁਕਸਾਨ : ਸਾਈਕਲ ਚਲਾਉਣ ਵੇਲੇ 100 ਤਕ ਦਾ ਮੁੜਨਾ ਅਤੇ ਸ੍ਰੀਰ ਦੇ ਭਾਰ ਦਾ 0.5 ਗੁਣਾ ਦਬਾਅ ਹੁੰਦਾ ਹੈ। ਗ਼ਲਤ ਫ਼ਹਿਮੀ ਵਿਚ ਨਾ ਰਹਿਣਾ ਕਿ ਸਾਈਕਲ ਚਲਾਉਣ ਵੇਲੇ ਬਿਲਕੁਲ ਭਾਰ ਨਹੀਂ ਪੈਂਦਾ ਹੋਵੇਗਾ। ਸਾਈਕਲ ਚਲਾਉਣ ਦਾ ਨੁਕਸਾਨ ਲੰਮੇ ਸਮੇਂ ਬਾਅਦ ਪਤਾ ਲਗਦਾ ਹੈ।
ਕੀ ਕਰਨਾ ਚਾਹੀਦਾ ਹੈ : ਗਰਮ ਪਾਣੀ/ਗਰਮ ਰੇਤ ਜਾਂ ਹੀਟਿੰਗ ਪੈਡ ਦਾ ਸੇਕ ਦੇਣ ਨਾਲ ਖ਼ੂਨ ਦੀ ਸਪਲਾਈ ਵੱਧ  ਜਾਂਦੀ ਹੈ ਤੇ ਗੋਡੇ ਨੂੰ ਆਰਾਮ ਪਹੁੰਚਦਾ ਹੈ।
ਕਸਰਤ : ਲੱਤ ਨੂੰ 45 ਕੋਣ ਤੇ ਬਿਨਾਂ ਗੋਡੇ ਨੂੰ ਮੋੜੇ, ਚੁੱਕ ਕੇ 10 ਸਕਿੰਟਾਂ ਲਈ ਰੋਕਣ ਦੀ ਕਸਰਤ ਅਤੇ ਗੋਡੇ ਹੇਠ ਕਪੜਾ ਰੱਖ ਕੇ 10 ਸਕਿੰਟਾਂ ਲਈ ਹੇਠਾਂ ਵਲ ਨੂੰ ਦਬਾ ਕੇ ਰੱਖਣ ਵਾਲੀ ਕਸਰਤ ਕਰਨ ਨਾਲ ਦਰਦ ਘਟੇਗਾ। ਨੇਚਰੋਥਿਰੈਪੀ ਵਿਚ ਜਿੰਨੀ ਕਸਰਤ ਵੱਧ ਹੋਵੇਗੀ ਪੱਟ ਅਤੇ ਲੱਤਾਂ ਦੇ ਪੱਠੇ ਜੋ ਗੋਡੇ ਦਾ ਅਨਿੱਖੜਵਾਂ ਅੰਗ ਹਨ, ਜ਼ਿਆਦਾ ਮਜ਼ਬੂਤ ਹੋਣਗੇ। ਚਪਣੀ ਅਤੇ ਗੋਡੇ ਦੇ ਜੋੜ ਦੀ ਰਗੜ ਖਾਣ ਦੀ ਜਗ੍ਹਾ ਵਿਚ ਫ਼ਰਕ ਪਵੇਗਾ ਅਤੇ ਦਰਦ ਘਟੇਗਾ।
ਸੈਰ ਕਰਨਾ : ਤੁਰਨ ਨਾਲ ਦਰਦ ਹੋ ਸਕਦਾ ਹੈ ਪਰ ਗੋਡਿਆਂ ਦੀ ਘਿਸਾਈ ਨਹੀਂ ਹੁੰਦੀ, ਕਿਉਂਕਿ ਤੁਹਾਡੇ ਗੋਡੇ ਤੁਹਾਡੇ ਭਾਰ ਚੁੱਕਣ ਲਈ ਬਣੇ ਹਨ ਪਰ ਸਾਈਕਲ ਚਲਾਉਣ ਨਾਲ ਦਰਦ ਸ਼ਾਇਦ ਨਾ ਹੋਵੇ ਪਰ ਗੋਡਾ ਘਸੇਗਾ, ਕਿਉਂਕਿ ਰੇਂਜ ਆਫ਼ ਮੋਸ਼ਨ ਵਧ ਗਈ ਅਤੇ ਰਗੜ ਦੀ ਦਰ ਵਧ ਗਈ। ਤੁਰਨ ਵੇਲੇ ਗੋਡਾ 0-15 ਤਕ ਹੀ ਮੁੜਦਾ ਹੈ, ਪੌੜੀਆਂ ਚੜ੍ਹਨ ਉਤਰਨ ਵੇਲੇ ਜਾਂ ਕੁਰਸੀ ਤੋਂ ਉੱਠਣ ਵੇਲੇ 60 ਤਕ ਮੁੜਦਾ ਹੈ। ਸੋ ਸੈਰ ਕਰਨ ਨਾਲ 0-15 ਤਕ ਦਾ ਮੁੜਨਾ ਅਤੇ ਸ੍ਰੀਰ ਦੇ ਭਾਰ ਦਾ 1.2 ਗੁਣਾ ਤਕ ਪੈਂਦਾ ਹੈ।
ਭਾਰ ਘਟਾਉਣਾ : ਜੇ ਮਰੀਜ਼ ਦਾ ਭਾਰ ਉਸ ਦੇ ਅਪਣੇ ਕੱਦ ਅਨੁਸਾਰ ਸਹੀ ਭਾਰ ਤੋਂ 9 ਕਿੱਲੋ ਤੋਂ ਜ਼ਿਆਦਾ ਹੈ ਤਾਂ ਉਸ ਦੇ ਗੋਡਿਆਂ ਦਾ ਦੁਖਣਾ ਤੇ ਘਸਣਾ ਲਾਜ਼ਮੀ ਹੋ ਜਾਂਦਾ ਹੈ। ਅਪਣੇ ਭਾਰ ਨੂੰ ਠੀਕ ਮਾਪਦੰਡ ਅਨੁਸਾਰ ਰਖਣਾ ਵੀ ਅਤੀ ਜ਼ਰੂਰੀ ਹੈ। ਇਸ ਲਈ ਸੈਰ, ਕਸਰਤ ਤੇ ਸਹੀ ਤਰੀਕੇ ਨਾਲ ਖਾਣਾ ਬਹੁਤ ਜ਼ਰੂਰੀ ਹੈ। ਆਮ ਲੋਕਾਂ ਦਾ ਖ਼ਿਆਲ ਹੈ ਕਿ ਸਵੇਰ ਤੇ ਦੁਪਹਿਰ ਜਾਂ ਰਾਤ ਦਾ ਖਾਣਾ ਛੱਡਣ ਨਾਲ ਭਾਰ ਘਟ ਜਾਵੇਗਾ ਜਦੋਂ ਕਿ ਖਾਣਾ ਛੱਡਣ ਨਾਲ ਸ੍ਰੀਰ ਨੂੰ ਰਸਾਇਣਕ ਸੁਨੇਹਾ ਮਿਲਦਾ ਹੈ ਕਿ ਖਾਣਾ ਨਹੀਂ ਮਿਲੇਗਾ, ਸਟੋਰ ਕਰ ਲਵੋ। ਖਾਣੇ ਨੂੰ 3 ਵਾਰ ਦੀ ਜਗ੍ਹਾ 6 ਵਾਰ ਵਿਚ (ਹਰ ਢਾਈ ਘੰਟੇ ਬਾਅਦ ਥੋੜਾ ਖਾਣਾ ਥੋੜੇ ਵਕਫੇ ਬਾਅਦ) ਖਾਣ ਨਾਲ ਚਰਬੀ ਸਟੋਰ ਨਹੀਂ ਹੁੰਦੀ ਅਤੇ ਭਾਰ ਨਹੀਂ ਵਧਦਾ, ਵਧੇ ਹੋਏ ਭਾਰ ਲਈ ਸੈਰ, ਕਸਰਤ ਤੇ ਧੀਰਜ ਨਾਲ ਥੋੜੇ-ਥੋੜੇ ਸਮੇਂ ਬਾਅਦ ਥੋੜਾ-ਥੋੜਾ ਖਾਣਾ ਹੀ ਯੋਗ ਹੈ।
ਜੇਕਰ ਫਿਰ ਵੀ ਦਰਦ ਘੱਟ ਨਾ ਹੋਵੇ ਤਾਂ ਗੋਡਿਆਂ ਦਾ ਆਪ੍ਰੇਸ਼ਨ ਵੀ ਕਰਵਾਇਆ ਜਾ ਸਕਦਾ ਹੈ।
ਆਪ੍ਰੇਸ਼ਨ ਦੇ ਲਾਭ :  ਗੋਡਿਆਂ ਦਾ ਵਿੰਗਾਪਨ ਸਿਧਾ ਹੋ ਸਕਦੇ ਹੈ, ਦਰਦ ਬਿਲਕੁਲ ਖ਼ਤਮ ਹੋ ਜਾਂਦਾ ਹੈ, ਦਰਦ ਰਹਿਤ ਸਰਜਰੀ ਹੈ, ਆਪ੍ਰੇਸ਼ਨ ਦੌਰਾਨ ਅਤੇ ਬਾਅਦ ਵੀ ਦਰਦ ਨਹੀਂ ਹੁੰਦਾ, ਜਿੰਨੇ ਗੋਡੇ ਪਹਿਲਾਂ ਮੁੜਦੇ ਹਨ, ਉਸ ਤੋਂ ਥੋੜਾ ਵੱਧ ਮੁੜਨਗੇ, ਹਰ ਗੋਡਾ ਪੂਰਾ ਮੁੜੇ ਜ਼ਰੂਰੀ ਨਹੀਂ, ਚੌਂਕੜੀ ਮਾਰਨ ਵਾਲੇ ਗੋਡੇ ਪਵਾ ਕੇ ਰੋਜ਼ ਚੌਂਕੜੀ ਮਾਰਨ ਤੋਂ ਪ੍ਰਹੇਜ਼ ਕਰੋ, ਹੱਡੀਆਂ ਤੇ ਦਬਾਅ ਵਧਣ ਨਾਲ ਗੋਡੇ ਦੀ ਉਮਰ ਘਟਦੀ ਹੈ।
ਡਾ. ਗੁਰਿੰਦਰ ਸਿੰਘ ਮਾਨ
ਮੋਬਾਈਲ : 98722-667799

Advertisement
Advertisement

 

Advertisement