
ਐਸ.ਏ.ਐਸ. ਨਗਰ 2 ਨਵੰਬਰ (ਸੁਖਦੀਪ ਸਿੰਘ ਸੋਈ) ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵਲੋਂ ਅੱਜ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮੋਹਾਲੀ ਵਿਖੇ 'ਚੀਨੀ ਯੁਕਤ ਠੰਢਿਆਂ ਦੇ ਸ੍ਰੀਰ 'ਤੇ ਪ੍ਰਭਾਵ ਅਤੇ ਬਾਲ ਮੋਟਾਪਾ' ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਸਕੂਲ ਦੇ ਤਕਰੀਬਨ 250 ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ।
ਇਸ ਮੌਕੇ ਸੰਸਥਾ ਦੀ ਪ੍ਰਧਾਨ ਅਤੇ ਫ਼ੇਜ਼ 11 ਤੋਂ ਮਿਊਂਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਵਿਦਿਆਰਥੀਆਂ ਕਿਹਾ ਕਿ ਭਾਰਤ ਵਿਚ ਤਕਰੀਬਨ 1 ਕਰੋੜ 44 ਲੱਖ ਬੱਚੇ ਮੋਟਾਪੇ ਦਾ ਸ਼ਿਕਾਰ ਹਨ ਅਤੇ ਇਸ ਦਾ ਮੁੱਖ ਕਾਰਨ ਚੀਨੀ ਯੁਕਤ ਪੀਣ ਵਾਲੇ ਪਦਾਰਥ ਅਤੇ ਜੰਕ ਫ਼ੂਡ ਹਨ। ਉਨ੍ਹਾਂ ਮਸਲੇ ਦੀ ਤਹਿ ਤਕ ਜਾਂਦਿਆਂ ਕਿਹਾ ਕਿ ਬਾਜ਼ਾਰ ਵਿਚ ਸਾਫ਼ਟ ਡਰਿੰਕਸ, ਸਪੋਰਟਸ ਡਰਿੰਕਸ, ਫ਼ਰੂਟ ਡਰਿੰਕਸ, ਐਨਰਜੀ ਡਰਿੰਕਸ, ਫ਼ਲੇਡਰਡ ਵਾਟਰ, ਫ਼ਲੇਵਰਡ ਮਿਲਕ ਆਦਿ ਨਾਵਾਂ ਥੱਲੇ ਸ਼ੂਗਰੀ ਡਰਿੰਕਸ ਮੌਜੂਦ ਹਨ ਜੋ ਬਾਲਗਾਂ ਦੇ ਨਾਲ-ਨਾਲ ਬੱਚਿਆਂ ਵਿਚ ਵੀ ਮੋਟਾਪੇ ਦਾ ਕਾਰਨ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ 600 ਮਿਲੀਲਿਟਰ ਠੰਢੇ ਦੀ ਬੋਤਲ ਵਿਚ 16 ਚਮਚੇ ਸ਼ੂਗਰ ਹੁੰਦੀ ਹੈ ਅਤੇ ਇਹ ਡਬਲਿਊ.ਐਚ.ਓ. ਵਲੋਂ ਬਾਲਗਾਂ ਲਈ ਦੱਸੀ 12 ਚਮਚੇ ਪੂਰੇ ਦਿਨ ਦੀ ਸ਼ੂਗਰ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦੇ ਸਮੇਂ ਵਿਚ ਸ਼ੂਗਰੀ ਡਰਿੰਕਸ ਮੁੱਖ ਤੌਰ 'ਤੇ ਮੋਟਾਪੇ, ਟਾਈਪ-2 ਸ਼ੂਗਰ, ਦਿਲ ਦੀਆਂ ਬੀਮਾਰੀਆਂ, ਦੰਦਾਂ ਦੀਆਂ ਸਮੱਸਿਆਵਾਂ ਆਦਿ ਦਾ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਕੋਲੈਸਟ੍ਰੌਲ ਵਿਚ ਵਾਧਾ, ਬਲੱਡ ਪ੍ਰੈਸ਼ਰ ਦਾ ਵਧਣਾ, ਸੌਣ ਵਿਚ ਦਿੱਕਤ ਅਤੇ ਹੱਡੀਆਂ ਦਾ ਸਮੱਸਿਆਵਾਂ ਪੈਦਾ ਹੋਣ ਦਾ ਕਾਰਨ ਵੀ ਸ਼ੂਗਰੀ ਡਰਿੰਕਸ ਬਣ ਰਹੇ ਹਨ ਅਤੇ ਸ਼ਹਿਰੀਕਰਨ, ਅਸੰਤਲਿਤ ਭੋਜਨ, ਤੇਲ ਅਤੇ ਚਿਪਸ ਦੀ ਜ਼ਿਆਦਾ ਵਰਤੋਂ, ਸ੍ਰੀਰਕ ਗਤੀਵਿਧੀਆਂ ਦਾ ਘਟ ਜਾਣਾ ਅਤੇ ਟੀ.ਵੀ., ਫ਼ੋਨ ਅਤੇ ਜ਼ਿਆਦਾ ਵੀਡੀਓ ਗੇਮਾਂ ਖੇਡਣਾ ਵੀ ਬੱਚਿਆਂ ਵਿਚ ਮੋਟਾਪੇ ਦੀ ਵਜ੍ਹਾ ਬਣ ਰਿਹਾ ਹੈ। ਉਨ੍ਹਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਦਸਦਿਆਂ ਕਿਹਾ ਕਿ ਸਾਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਰੋਜ਼ਾਨਾ ਪੈਦਲ ਚਲਣਾ, ਦੌੜਨਾ ਅਤੇ ਪੌੜੀਆਂ ਚੜ੍ਹਨਾ ਚਾਹੀਦਾ ਹੈ।