
ਦੇਸ਼ 'ਚ ਨੌਜਵਾਨਾਂ ਦਾ ਜਿਮ ਪ੍ਰਤੀ ਆਕਰਸ਼ਣ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਉੱਥੇ ਹੀ ਜਲਦੀ ਸਰੀਰ ਬਣਾਉਣ ਦੇ ਚੱਕਰਾਂ 'ਚ ਉਹ ਧੜੱਲੇ ਨਾਲ ਫੂਡ ਸਪਲੀਮੈਂਟ ਦਾ ਇਸਤੇਮਾਲ ਵੀ ਕਰ ਰਹੇ ਹਨ। ਭਾਰਤੀ ਖੁਰਾਕ ਸੁਰੱਖਿਆ ਅਥਾਰਟੀ ਐੱਫ. ਐੱਸ. ਐੱਸ. ਏ ਆਈ. ਨੇ ਸਿਹਤ ਲਈ ਖਤਰਨਾਕ ਫੂਡ ਸਪਲੀਮੈਂਟ 'ਤੇ ਸ਼ਿਕੰਜੇ ਦੀ ਤਿਆਰੀ ਕਰ ਲਈ ਹੈ। ਅਥਾਰਟੀ ਦੇ ਸੂਤਰਾਂ ਮੁਤਾਬਕ ਜਿਨ੍ਹਾਂ ਪ੍ਰਾਡਕਟ 'ਚ 'ਕ੍ਰੀਟੇਨ ਮੋਨੋਹਾਈਡ੍ਰੇਟ' ਮਿਲਿਆ ਹੁੰਦਾ ਹੈ, ਸਭ ਤੋਂ ਪਹਿਲਾਂ ਉਨ੍ਹਾਂ ਦੀ ਵਿਕਰੀ 'ਤੇ ਰੋਕ ਲਗਾਈ ਜਾਵੇਗੀ। ਖਾਸ ਤੌਰ 'ਤੇ ਆਨਲਾਈਨ ਬਾਜ਼ਾਰ 'ਚ ਇਸ ਨੂੰ ਵੇਚਣ 'ਤੇ ਰੋਕਿਆ ਜਾਵੇਗਾ। ਜਾਣਕਾਰੀ ਮੁਤਾਬਕ ਇਸ ਸੰਬੰਧ 'ਚ ਈ-ਕਾਮਰਸ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਸੂਤਰਾਂ ਮੁਤਾਬਕ ਦੇਸ਼ ਭਰ 'ਚ ਛਾਪੇਮਾਰੀ ਦਾ ਵੀ ਫੈਸਲਾ ਲਿਆ ਗਿਆ ਹੈ। ਇਸ ਵਾਸਤੇ ਦੇਸ਼ ਭਰ ਦੇ ਫੂਡ ਕਮਿਸ਼ਨਰਾਂ, ਸੈਂਟਰਲ ਲਾਈਸੈਂਸਿੰਗ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਖੇਤਰਾਂ 'ਚ ਜਾ ਕੇ ਜਾਂਚ ਕਰਨ ਅਤੇ ਅਜਿਹੇ ਉਤਪਾਦਾਂ ਦੀ ਵਿਕਰੀ 'ਤੇ ਰੋਕ ਲਾਉਣ। ਇਸ ਦੇ ਨਾਲ ਹੀ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਕਰਨ ਅਤੇ ਰਿਪੋਰਟ ਐੱਫ. ਐੱਸ. ਐੱਸ. ਏ ਆਈ. ਨੂੰ ਦੇਣ ਲਈ ਕਿਹਾ ਗਿਆ ਹੈ।
ਬਿਨਾਂ ਨਿਯਮ ਵਿਕ ਰਹੇ ਮਿਲਾਵਟੀ ਬਾਡੀ ਬਿਲਡਿੰਗ ਪ੍ਰਾਡਕਟ
ਕ੍ਰੀਟੇਨ ਮੋਨੋਹਾਈਡ੍ਰੇਟ ਦੀ ਵਿਕਰੀ ਅਤੇ ਇਸਤੇਮਾਲ ਲਈ ਭਾਰਤ 'ਚ ਅਜੇ ਤਕ ਕੋਈ ਨਿਯਮ-ਕਾਨੂੰਨ ਨਹੀਂ ਹੈ। ਇਸ ਦੇ ਬਾਵਜੂਦ ਕੰਪਨੀਆਂ ਫੂਡ ਸਪਲੀਮੈਂਟ 'ਚ ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੀਆਂ ਹਨ। ਐੱਫ. ਐੱਸ. ਐੱਸ. ਏ ਆਈ. ਮੁਤਾਬਕ ਦੇਸ਼ ਭਰ 'ਚ ਤਕਰੀਬਨ 13 ਅਜਿਹੀਆਂ ਕੰਪਨੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੇ ਲਾਈਸੈਂਸ ਤਾਂ ਫੂਡ ਦੇ ਨਾਮ 'ਤੇ ਲਿਆ ਪਰ ਉਸ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕ੍ਰੀਟੇਨ ਮੋਨੋਹਾਈਡ੍ਰੇਟ ਮਿਲਾਉਣਾ ਸ਼ੁਰੂ ਕਰ ਦਿੱਤਾ। ਸਿਹਤ ਦੇ ਲਿਹਾਜ ਨਾਲ ਵੀ ਇਨ੍ਹਾਂ ਜਾ ਇਸਤੇਮਾਲ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਬਾਰੇ ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ ਅਤੇ ਹੋਮਸ਼ਾਪ18-ਕਾਮ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਪ੍ਰਾਡਕਟਸ ਦੀ ਵਿਕਰੀ ਤੁਰੰਤ ਬੰਦ ਕਰ ਦੇਣ। ਅਧਿਕਾਰੀ ਮੁਤਾਬਕ ਜੋ ਪ੍ਰਾਡਕਟ ਬਾਜ਼ਾਰ 'ਚ ਹਨ ਉਨ੍ਹਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਜਾਵੇਗੀ।
ਇਹ ਹਨ ਇਨ੍ਹਾਂ ਪ੍ਰਾਡਕਟਸ ਦੇ ਖਤਰਨਾਕ ਨਤੀਜੇ
ਕਈ ਰਿਸਰਚ 'ਚ ਮੰਨਿਆ ਗਿਆ ਹੈ ਕਿ ਕ੍ਰੀਟੇਨ ਦਾ ਇਸਤੇਮਾਲ ਮਾਸ-ਪੇਸ਼ੀਆ ਦੀ ਮਜ਼ਬੂਤੀ ਅਤੇ ਵਿਕਾਸ 'ਚ ਮਦਦਗਾਰ ਹੁੰਦਾ ਹੈ ਪਰ ਇਸ ਦੇ ਲਗਾਤਾਰ ਖਾਣ ਨਾਲ ਸੰਭਾਵਤ ਸਾਈਡ ਇਫੈਕਟਸ (ਬੁਰੇ ਪ੍ਰਭਾਵ) ਵੀ ਹੋ ਸਕਦੇ ਹਨ, ਜੋ ਇਸ ਤਰ੍ਹਾਂ ਹਨ—
* ਕੈਫਿਨ ਜਾਂ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਕ੍ਰੀਟੇਨ ਦੀ ਵਰਤੋਂ ਕਾਰਨ ਦਿਮਾਗ ਦੇ ਦੌਰੇ (ਬ੍ਰੇਨ ਸਟ੍ਰੋਕ) ਦੀ ਸੰਭਾਵਨਾ ਵਧ ਜਾਂਦੀ ਹੈ।
* ਇਸ ਪ੍ਰਾਡਕਟ ਦੀ ਵਰਤੋਂ ਨਾਲ ਦਿਲ ਦੇ ਰੋਗ ਲੱਗ ਸਕਦੇ ਹਨ। ਇੰਨਾ ਹੀ ਨਹੀਂ ਕਿਡਨੀ 'ਚ ਪੱਥਰੀ ਦੀ ਸਮੱਸਿਆ ਵੀ ਆ ਸਕਦੀ ਹੈ।
* ਕ੍ਰੀਟੇਨ ਸੇਵਨ ਕਰਨ ਨਾਲ ਪੇਟ ਸੰਬੰਧਤ ਬਿਮਾਰੀਆਂ ਵੀ ਲੱਗ ਸਕਦੀਆਂ ਹਨ। ਇਸ ਪ੍ਰਾਡਕਟ ਦੀ ਜ਼ਿਆਦਾ ਵਰਤੋਂ ਨਾਲ ਮਾਸ-ਪੇਸ਼ੀਆ 'ਚ 'ਚਾਰਲੀ ਹਾਰਸਜ਼' ਨਾਮਕ ਪ੍ਰੇਸ਼ਾਨੀ ਯਾਨੀ ਮਾਸ-ਪੇਸ਼ੀਆ 'ਚ ਖਿੱਚ ਦੇ ਨਾਲ ਦਰਦ ਹੋਣ ਵਰਗੀ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ।
* ਇਸ ਦੇ ਇਲਾਵਾ ਮਾਸ-ਪੇਸ਼ੀਆ ਦੀਆਂ ਕੋਸ਼ੀਕਾਵਾਂ 'ਚ ਪਾਣੀ ਭਾਰ ਸਕਦਾ ਹੈ, ਜਿਸ ਕਾਰਨ ਡੀਹਾਈਡ੍ਰੋਜਨ ਦੀ ਸਮੱਸਿਆ ਪੈਦਾ ਹੋਣਾ ਸੰਭਵ ਹੈ। ਕੁੱਲ ਮਿਲਾ ਕੇ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਹੋਰ ਦਵਾਈਆਂ ਦੀ ਵਰਤੋਂ ਦਾ ਵੀ ਮਾੜਾ ਅਸਰ ਪੈ ਸਕਦਾ ਹੈ।