
ਐਸ.ਏ.ਐਸ. ਨਗਰ, 23 ਦਸੰਬਰ (ਕਿਰਨਦੀਪ ਕੌਰ ਔਲਖ) : ਜ਼ਿਲ੍ਹਾ ਮੋਹਾਲੀ ਜਿਸ ਨੂੰ ਸਿਹਤ ਸੇਵਾਵਾਂ ਵਜੋਂ ਪੰਜਾਬ ਭਰ 'ਚੋਂ ਮੋਹਰੀ ਵੀ ਮੰਨਿਆਂ ਜਾਂਦਾ ਹੈ, ਉਸ ਜ਼ਿਲ੍ਹੇ ਵਿਚ ਹਰ ਰੋਜ਼ ਔਸਤ 5 ਮਰੀਜ਼ ਟੀਬੀ ਦੇ ਸਾਹਮਣੇ ਆਉਂਦੇ ਹਨ। ਇਨ੍ਹਾਂ ਵੱਡੀ ਗਿਣਤੀ ਦੇ ਵਿਚ ਮਰੀਜ਼ਾਂ ਦਾ ਸਾਹਮਣੇ ਆਉਣਾ ਇਕ ਚਿੰਤਾ ਦਾ ਵਿਸ਼ਾ ਹੈ। ਜਾਣਕਾਰੀ ਮੁਤਾਬਕ ਜਿਲ੍ਹੇ ਵਿਚ 2016 ਤੋਂ ਨਵੰਬਰ 2017 ਤਕ ਟੀਬੀ ਦੇ 1849 ਮਰੀਜ਼ਾਂ ਦੀ ਪਛਾਣ ਹੋਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਹਸਪਤਾਲ ਵਿਚ 7009 ਲੋਕਾਂ ਦੇ ਟੈਸਟ ਇਸ ਸਾਲ ਦੇ ਸਮੇਂ ਦੌਰਾਨ ਲਏ ਗਏ ਜਿਸ ਵਿਚੋਂ 863 ਮਰੀਜ਼ ਫੇਫੜਿਆਂ ਦੀ ਟੀਬੀ ਤੋਂ ਗ੍ਰਸਤ ਪਾਏ ਗਏ ਜਦਕਿ ਬਾਕੀ 986 ਮਰੀਜ਼ ਹੋਰ ਟੀਬੀ ਦੇ ਪਾਏ ਗਏ। ਫੇਫੜਿਆਂ ਦੀ ਟੀਬੀ ਮਰੀਜ਼ਾਂ ਵਿਚੋਂ ਸਭ ਤੋਂ ਜ਼ਿਆਦਾ 562 ਮਰਦ ਰੋਗੀ ਪਾਏ ਗਏ, 130 ਔਰਤਾਂ ਅਤੇ (0-14) ਸਾਲ ਦੇ 27 ਬੱਚੇ ਇਸ ਰੋਗ ਤੋਂ ਗ੍ਰਸਤ ਮਿਲੇ। ਇਸ ਤੋ ਇਲਾਵਾ ਦੂਸਰੀ ਕਿਸਮ ਦੀ ਟੀਬੀ ਦੇ 986 ਕੇਸਾਂ ਵਿਚੋਂ 454 ਮਰਦ, 432 ਔਰਤਾਂ ਅਤੇ 100 ਬੱਚੇ ਰੋਗੀ ਪਾਏ ਗਏ। ਜਾਣਕਾਰੀ ਮੁਤਾਬਕ ਟੀਬੀ ਦੇ ਗ੍ਰਸਤ ਰੋਗੀਆਂ ਦੀ ਮੌਤ ਦਰ 4 ਫ਼ੀ ਸਦੀ ਹੈ। ਹਸਪਤਾਲ ਮੁਤਾਬਕ ਟੀਬੀ ਦੇ ਮਰੀਜ਼ਾਂ 'ਚੋਂ 2 ਫ਼ੀ ਸਦੀ ਕੇਸਾਂ ਨੂੰ ਠੀਕ ਕਰਨ ਵਿਚ ਅਸਫ਼ਲਤਾ ਮਿਲਦੀ ਹੈ, ਜਦਕਿ 4 ਫ਼ੀ ਸਦੀ ਮਰੀਜ਼ ਇਥੋਂ ਕਿਤੇ ਹੋਰ ਚੱਲੇ ਜਾਂਦੇ ਹਨ, ਜਿਸ ਕਾਰਨ ਉਹ ਅਪਣਾ ਇਲਾਜ ਅੱਧ ਵਿਚਕਾਰ ਹੀ ਛੱਡ ਜਾਂਦੇ ਹਨ।
ਡਰੱਗ ਰੈਜੀਮਨ (ਡਾਟਸ): ਜ਼ਿਲ੍ਹੇ ਵਿਚੋਂ ਟੀਬੀ ਦੇ ਮਰੀਜ਼ ਗ੍ਰਸਤ ਪਾਏ ਗਏ ਉਨ੍ਹਾਂ ਵਿਚੋਂ 719 ਮਰੀਜ਼ ਇਲਾਜ ਲਈ ਡਾਟਸ ਤਹਿਤ ਅਪਣਾ ਇਲਾਜ ਕਰਵਾ ਰਹੇ ਹਨ। ਡਾਟਸ ਤਹਿਤ ਮਰੀਜ਼ ਨੂੰ ਦਵਾਈ ਡਾਕਟਰ ਕੋਲ ਆ ਕੇ ਰੋਜ਼ਾਨਾ ਖਾਣੀ ਹੁੰਦੀ ਹੈ। ਇਸ ਬੀਮਾਰੀ ਦੇ ਮਰੀਜ਼ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਦੀ ਕੋਈ ਲਈ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਟੀਬੀ ਦੀ ਬੀਮਾਰੀ ਪੁਰਾਣੀ ਹੁੰਦੀ ਹੈ ਉਸ ਦਾ ਇਲਾਜ ਐਮਡੀਆਰ ਅਤੇ ਐਕਸਟਰਾਡੀਆਰ ਰਾਹੀਂ ਕੀਤਾ ਜਾਂਦਾ ਹੈ। ਜ਼ਿਲ੍ਹੇ ਵਿਚ 54 ਮਰੀਜ਼ਾਂ ਦਾ ਐਮਡੀਆਰ ਅਤੇ ਐਕਸਟਰਾਡੀਆਰ ਰਾਹੀਂ 4 ਦਾ ਇਲਾਜ ਚਲ ਰਿਹਾ ਹੈ। ਸਾਵਧਾਨੀ : ਡਾਕਟਰਾਂ ਅਨੁਸਾਰ ਫੇਫੜਿਆਂ ਦੀ ਟੀਬੀ ਤੋਂ ਗ੍ਰਸਤ ਲੋਕਾਂ ਨੂੰ ਆਪਣਾ ਮੂੰਹ ਢੱਕ ਕੇ ਰਖਣਾ ਚਾਹੀਦਾ ਹੈ ਤਾਕਿ ਦੂਸਰਿਆ ਨੂੰ ਇਨਫ਼ੈਕਸ਼ਨ ਨਾ ਹੋਵੇ। ਖੁਰਾਕ ਚੰਗੀ ਖਾਣੀ ਚਾਹੀਦੀ ਹੈ ਅਤੇ ਪੂਰੇ ਪਰਵਾਰ ਦੇ ਸਾਰੇ ਟੈਸਟ ਜ਼ਰੂਰੀ ਹੋਣੇ ਚਾਹੀਦੇ ਹਨ।ਆਟਾ-ਦਾਲ ਸਕੀਮ ਦੀ ਕੀਤੀ ਸ਼ੁਰੂਆਤ : ਟੀਬੀ ਦੇ ਮਰੀਜ਼ਾਂ, ਜਿਨ੍ਹਾਂ ਦਾ ਇਲਾਜ ਐਮਡੀਆਰ ਤੇ ਐਕਸਟਰਾਐਮਡੀਆਰ ਰਾਹੀਂ ਚਲ ਰਿਹਾ ਹੈ ਜਿਸ ਕਾਰਨ ਉਹ ਅਪਣਾ ਕੰਮਕਾਰ ਨਹੀਂ ਕਰ ਸਕਦੇ ਤੇ ਵਧੀਆ ਭੋਜਨ ਨਹੀਂ ਖਾ ਸਕਦੇ, ਉਨ੍ਹਾਂ ਮਰੀਜ਼ਾਂ ਵਾਸਤੇ ਸਿਹਤ ਵਿਭਾਗ ਵਲੋਂ ਮੁਫ਼ਤ ਦਵਾਈਆਂ ਨਾਲ ਆਟਾ ਦਾਲ ਸਕੀਮ ਵੀ ਸ਼ੁਰੂ ਕੀਤੀ ਹੈ ਤਾਕਿ ਮਰੀਜ਼ ਪੌਸ਼ਟਿਕ ਭੋਜਨ ਖਾ ਸਕਣ। ਇਸ ਤਹਿਤ ਮਰੀਜ਼ਾਂ ਵਾਸਤੇ ਕਾਰਡ ਬਣਾਏ ਜਾਣਗੇ।ਸਿਵਲ ਸਰਜਨ ਰੀਟਾ ਭਾਰਦਵਾਜ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਮਰੀਜ਼ ਅੱਧ ਵਿਚਕਾਰ ਅਪਣਾ ਇਲਾਜ ਛੱਡ ਦਿੰਦੇ ਹਨ। ਜ਼ਿਲ੍ਹੇ ਵਿਚ ਬਹੁਤ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਜੋ ਇਥੋਂ ਇਲਾਜ ਵਿਚਕਾਰ ਛੱਡ ਕੇ ਕਿਤੇ ਹੋ ਚਲੇ ਜਾਂਦੇ ਹਨ ਅਤੇ ਅਪਣੇ ਮੋਬਾਈਲ ਨੰਬਰ ਵੀ ਬਦਲ ਲੈਂਦੇ ਹਨ ਜਿਸ ਨਾਲ ਉਨ੍ਹਾਂ ਨਾਲ ਮੁੜ ਰਾਬਤਾ ਕਾਇਮ ਕਰਨ 'ਚ ਮੁਸ਼ਕਲ ਆਉਂਦੀ ਹੈ।