
ਆਪਣੀ ਨੂੰਹ ਦੀ ਜਾਨ ਬਚਾਉਣ ਲਈ ਮੈਂ ਅਕੀਲ ਨੂੰ ਕੀਤਾ ਸੀ ਪੁਲਿਸ ਹਵਾਲੇ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖੁਦ ਖਿਲਾਫ਼ ਆਪਣੇ ਪੁੱਤਰ ਅਕੀਲ ਅਖਤਰ ਦੀ ਹੱਤਿਆ ਦਾ ਕੇਸ ਦਰਜ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਖ਼ਿਲਾਫ਼ ਕੇਸ ਪੰਚਕੂਲਾ ’ਚ ਦਰਜ ਹੋਇਆ ਹੈ, ਜਿੱਥੇ ਅਕੀਲ ਦੀ ਮੌਤ ਹੋਈ। ਮੁਸਤਫਾ ਨੇ ਆਪਣੇ ਪੁੱਤਰ ਦੀ ਮੌਤ ਤੋਂ ਲੈ ਕੇ ਨੂੰਹ ਨਾਲ ਆਪਣੇ ਰਿਸ਼ਤਿਆਂ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪੁੱਤਰ ਦੀ ਮੌਤ ਤੋਂ ਬਾਅਦ ਮੈਂ ਦੁਖੀ ਸੀ ਅਤੇ ਮੈਂ ਕਿਸੇ ਦਾ ਫ਼ੋਨ ਨਹੀਂ ਚੁੱਕਿਆ। ਮੇਰੇ ਅੰਦਰ ਹਿੰਮਤ ਨਹੀਂ ਸੀ ਕਿਉਂਕਿ ਮੈਂ ਆਪਣਾ 35 ਸਾਲਾ ਇਕਲੌਤਾ ਪੁੱਤ ਖੋਇਆ ਹੈ। ਪਰ ਹੁਣ ਮੈਂ ਆਪਣੇ ਅੰਦਰ ਦੇ ਪਿਤਾ ਨੂੰ ਸੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਦਾ ਸਿਪਾਹੀ ਜਾਗ ਗਿਆ ਹੈ। ਉਨ੍ਹਾਂ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ ਅਤੇ ਸੱਚ ਸਭ ਦੇ ਸਾਹਮਣੇ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਕੀਲ 18 ਸਾਲ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਮੈਂ ਉਸ ਦਾ ਬਹੁਤ ਇਲਾਜ਼ ਕਰਵਾਇਆ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਉਹ ਕਈ ਵਾਰ ਪੁਲਿਸ ਕਸਟਡੀ ਵਿਚ ਵੀ ਰਿਹਾ। ਅਕੀਲ ਇਲਾਜ ਦੇ ਦੌਰਾਨ ਹਿੰਸਕ ਹੋ ਜਾਂਦਾ ਸੀ ਅਤੇ ਇਕ ਵਾਰ ਤਾਂ ਮੇਰੀ ਨੂੰਹ ਦੀ ਜਾਨ ਜਾਂਦੇ-ਜਾਂਦੇ ਬਚੀ, ਉਦੋਂ ਮੈਂ ਖੁਦ ਅਕੀਲ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਉਸ ਤੋਂ ਬਾਅਦ ਦੁਪਹਿਰ ਤੱਕ ਉਸ ਦੀ ਮਾਂ, ਨੂੰਹ ਅਤੇ ਭੈਣ ਰੋਣ ਲੱਗੀਆਂ, ਇਸ ਤੋਂ ਬਾਅਦ ਮੇਰਾ ਵੀ ਦਿਲ ਪਿਘਲ ਗਿਆ ਅਤੇ ਰਾਤ ਤੱਕ ਅਸੀਂ ਸ਼ਿਕਾਇਤ ਵਾਪਸ ਲੈ ਲਈ।
ਮੁਹੰਮਦ ਮੁਸਤਫਾ ਨੇ ਅੱਗੇ ਦੱਸਿਆ ਕਿ ਉਸ ਦਾ 40 ਫੀਸਦੀ ਦਿਮਾਗ ਖਰਾਬ ਹੋ ਚੁੱਕਿਆ ਸੀ। ਅਕੀਲ 2006 ਤੋਂ ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਸਾਫਟ ਡਰੱਗ ਤੋਂ ਸ਼ੁਰੂ ਹੋ ਕੇ ਹੈਰੋਇਨ ਅਤੇ ਐਸਿਡ ਡਰੱਗ ਤੱਕ ਪਹੁੰਚ ਗਿਆ ਸੀ, ਜਿਸ ਨਾਲ ਉਸ ਦਾ ਦਿਮਾਗ ਖਰਾਬ ਹੋਇਆ। ਮੈਂ 18 ਸਾਲ ਤੱਕ ਉਸ ਦਾ ਇਲਾਜ ਕਰਵਾਇਆ, ਉਸ ਦੇ ਕਈ ਸਕੂਲ ਬਦਲੇ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਮੈਂ ਕਈ ਵਾਰ ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਫੜਾਇਆ ਤਾਂ ਕਿ ਉਸ ਨੂੰ ਮਿਲਣ ਵਾਲਾ ਨਸ਼ਾ ਬੰਦ ਹੋ ਸਕੇ ਪਰ ਮੈਂ ਸਫ਼ਲ ਨਹੀਂ ਹੋ ਸਕਿਆ। ਅਕੀਲ ਜਦੋਂ ਵੀ ਹਿੰਸਕ ਹੁੰਦਾ ਸੀ ਤਾਂ ਮੈਂ ਪੁਲਿਸ ਨੂੰ ਬੁਲਾਉਂਦਾ ਸੀ।
ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉਸ ਦਾ ਰੁਟੀਨ ਸੀ ਕਿ ਉਹ ਦਿਨ ਭਰ ਸੌਂਦਾ ਸੀ ਅਤੇ ਰਾਤ ਨੂੰ ਜਾਗਦਾ ਸੀ। ਮੌਤ ਵਾਲੇ ਦਿਨ ਉਸ ਦੀ ਭੈਣ ਦਰਵਾਜ਼ਾ ਖੜਕਾਉਂਦੀ ਰਹੀ ਪਰ ਉਹ ਬਾਹਰ ਨਹੀਂ ਆਇਆ। ਸਾਬਕਾ ਡੀਜੀਪੀ ਨੇ ਦੱਸਿਆ ਕਿ ਉਹ ਅਕਸਰ 7 ਜਾਂ 7:30 ਵਜੇ ਉਠ ਜਾਂਦਾ ਸੀ ਪਰ ਉਸ ਦਿਨ ਦੇਰ ਹੋ ਗਈ ਸੀ। ਉਸ ਦੀ ਮਾਂ ਅਤੇ ਭੈਣ ਦਰਵਾਜ਼ਾ ਖੜਕਾ ਰਹੀਆਂ ਸਨ, ਉਹ ਬਾਹਰ ਨਹੀਂ ਆ ਰਿਹਾ ਸੀ। ਮੈਂ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ ਅਤੇ ਉਸਦੀ ਮਾਂ ਨੇ ਮੈਨੂੰ ਦੱਸਿਆ ਕਿ ਲਗਦਾ ਹੈ ਕਿ ਉਹ ਜ਼ਿਆਦਾ ਲੈਣ ਲੱਗਿਆ ਹੈ। ਉਸ ਨੇ ਕਈ ਦਿਨਾਂ ਤੋਂ ਖਾਣਾ ਵੀ ਨਹੀਂ ਖਾਧਾ। ਮੇਰੀ ਬੇਟੀ ਬਾਲਕਨੀ ਵਾਲੇ ਦਰਵਾਜ਼ੇ ਰਾਹੀਂ ਅੰਦਰ ਗਈ ਅਤੇ ਉਦੋਂ ਪਤਾ ਚਲਿਆ ਕਿ ਉਸਦੀ ਮੌਤ ਹੋ ਗਈ ਹੈ।