
ਯੇਰੂਸ਼ਲਮ, 4 ਦਸੰਬਰ : ਵਿਗਿਆਨੀਆਂ ਵਲੋਂ ਕੀਤੇ ਗਏ ਇਕ ਨਵੇਂ ਅਧਿਐਨ ਮੁਤਾਬਕ ਜਿਹੜੇ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਪਰ ਬਾਕੀ ਦਾ ਦਿਨ ਸਥਿਰ ਤਰੀਕੇ ਨਾਲ ਭੋਜਨ ਕਰਦੇ ਹਨ, ਉਨ੍ਹਾਂ ਦਾ ਵਜ਼ਨ ਵੀ ਵੱਧ ਸਕਦਾ ਹੈ।ਅਧਿਐਨ ਵਿਚ ਇਹ ਗੱਲ ਕਹੀ ਗਈ ਹੈ ਕਿ ਨਾਸ਼ਤਾ ਨਾ ਕਰਨ ਕਾਰਨ ਬੌਡੀ ਕਲਾਕ ਗੜਬੜਾ ਜਾਂਦਾ ਹੈ, ਜਿਸ ਨਾਲ ਵਜ਼ਨ ਵਧਣ ਲਗਦਾ ਹੈ। ਖਾਣ-ਪੀਣ ਦੇ ਸਮੇਂ ਵਿਚ ਗੜਬੜੀ ਜਿਵੇਂ ਨਾਸ਼ਤਾ ਨਾ ਕਰਨਾ ਆਦਿ ਨਾਲ ਭਾਰ ਵਧਣ,
ਟਾਈਪ-ਦੋ ਸ਼ੂਗਰ, ਹਾਈ ਬੀ.ਪੀ. ਅਤੇ ਦਿਲ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਤੇਲ ਅਬੀਬ ਯੂਨੀਵਰਸਟੀ ਅਤੇ ਇਜ਼ਰਾਈਲ ਦੀ ਹੀਬੂ ਯੂਨੀਵਰਸਟੀ ਦੇ ਖੋਜ ਕਰਤਾਵਾਂ ਨੇ ਅਪਣੇ ਅਧਿਐਨ ਵਿਚ ਪਾਇਆ ਹੈ ਕਿ ਭੋਜਨ ਮਗਰੋਂ ਸਿਹਤਮੰਦ ਅਤੇ ਸ਼ੂਗਰ ਦੇ ਸ਼ਿਕਾਰ ਦੋਵੇਂ ਵਿਅਕਤੀਆਂ 'ਤੇ ਗਲੂਕੋਜ਼ ਅਤੇ ਇਨਸੁਲਿਨ ਨੂੰ ਨਿਯਮਿਤ ਕਰਨ ਵਾਲੇ 'ਕਲਾਕ ਜੀਨ' 'ਤੇ ਨਾਸ਼ਤੇ ਦਾ ਅਸਰ ਪੈਂਦਾ ਹੈ। ਗੌਰਤਲਬ ਹੈ ਕਿ ਸਰੀਰ ਦੇ ਇੰਟਰਨੈਸ਼ਨਲ ਕਲਾਕ ਦੀ ਮਹੱਤਤਾ ਅਤੇ ਭੋਜਨ ਦੇ ਸਮੇਂ ਦਾ ਸਰੀਰ 'ਤੇ ਪੈਣ ਵਾਲਾ ਅਸਰ ਇਸ ਸਾਲ ਮੈਡੀਸਨ ਦੇ ਖੇਤਰ ਵਿਚ ਨੋਬੇਲ ਪੁਰਸਕਾਰ ਦੀ ਖੋਜ ਦਾ ਵਿਸ਼ਾ ਸੀ। ਤੇਲ ਅਵੀਵ ਯੂਨੀਵਰਸਟੀ ਦੇ ਡੈਨੀਅਲ ਜਾਕੁਬੋਵਿਕ ਨੇ ਕਿਹਾ ਕਿ ਨਾਸ਼ਤੇ ਦਾ ਸਰੀਰ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। (ਪੀਟੀਆਈ)