
ਚੰਡੀਗੜ੍ਹ, 1 ਨਵੰਬਰ (ਸਸਸ): ਮੰਗਲਵਾਰ ਤਕ ਪੰਜਾਬ ਅੰਦਰ ਡੇਂਗੂ ਬੁਖ਼ਾਰ ਦੇ 8700 ਕੇਸ ਦਰਜ ਕੀਤੇ ਹਨ ਅਤੇ ਰੋਜ਼ਾਨਾ ਸੈਂਕੜੇ ਕੇਸ ਸਾਹਮਣੇ ਆਉਣ ਨਾਲ ਸੂਬੇ ਦੇ ਸਿਹਤ ਵਿਭਾਗ ਨੇ ਇਹ ਅੰਕੜਾ ਹੋਰ ਅੱਗੇ ਵੱਧਣ ਦੀ ਖ਼ਦਸ਼ਾ ਪ੍ਰਗਟਾਇਆ ਹੈ। ਬੀਤੇ ਸਾਲ ਪੰਜਾਬ ਅੰਦਰ ਡੇਂਗੂ ਦੇ 10439 ਕੇਸ ਸਾਹਮਣੇ ਆਏ ਸਨ ਤੇ 15 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਸਾਲ ਮੋਹਾਲੀ 'ਚ ਡੇਂਗੂ ਦੇ 1633 ਕੇਸ ਸਾਹਮਣੇ ਆਏ ਹਨ ਜਦਕਿ ਪਟਿਆਲਾ ਤੇ ਹੁਸ਼ਿਆਰਪੁਰ ਕ੍ਰਮਵਾਰ 1213 ਤੇ 1109 ਕੇਸਾਂ ਨਾਲ ਇਸ ਤੋਂ ਬਾਅਦ ਆਉਂਦੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ 28 ਮਰੀਜ਼ਾਂ ਦੀ ਇਸ ਬੀਮਾਰੀ ਨਾਲ ਮਰਨ ਦਾ ਖ਼ਦਸ਼ਾ ਹੈ। ਮੌਤ ਦੇ ਇਨ੍ਹਾਂ ਮਾਮਲਿਆਂ ਦਾ ਰੀਵਿਊ ਜ਼ਿਲ੍ਹਾ ਤੇ ਸਟੇਟ ਕਮੇਟੀਆਂ ਵਲੋਂ ਕੀਤਾ ਜਾਂਦਾ ਹੈ ਤਾਂ ਜੋ ਮੌਤ ਦੇ ਸਹੀ ਕਾਰਨਾਂ ਦੀ ਪਛਾਣ ਕੀਤੀ ਜਾ ਸਕੇ।ਇਸ ਸਾਲ ਦੋਨਾਂ ਨਿਜੀ ਤੇ ਸਰਕਾਰੀ ਸਿਹਤ ਕੇਂਦਰਾਂ 'ਚ ਡੇਂਗੂ ਦੇ 19000 ਤੋਂ ਵੱਧ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਹਾਲਾਤਾਂ ਨਾਲ ਨਿਪਟਣ ਨੂੰ ਟੈਸਟ ਦੀਆਂ ਸੁਵਿਧਾਵਾਂ ਤੇ ਦਵਾਈਆਂ ਦੀ ਕੋਈ ਘਾਟ ਨਹੀਂ ਹੈ ਜਦਕਿ ਮੱਛਰਾਂ ਦੇ ਵੱਧਣ ਕਾਰਨ ਬੀਮਾਰੀ ਦਾ ਲਗਾਤਾਰ ਵਧਣਾ ਜਾਰੀ ਹੈ ਜਿਹੜਾ ਮੁੱਦਾ ਸਥਾਨਕ ਸਰਕਾਰਾਂ ਵਿਭਾਗ ਸਮੇਤ ਹੋਰ ਵਿਭਾਗਾਂ ਅਧੀਨ ਹੈ, ਜਿਹੜੇ ਫੋਗਿੰਗ ਸਮੇਤ ਹੋਰ ਬਚਾਅ ਕਾਰਜਾਂ ਲਈ ਜ਼ਿੰਮੇਵਾਰ ਹਨ।ਸੂਤਰਾਂ ਮੁਤਾਬਕ ਸੂਬੇ ਅੰਦਰ ਫੋਗਿੰਗ ਰਾਹੀਂ ਬਚਾਅ ਕਾਰਜ ਕਰਨ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਤੇ ਸਿਹਤ ਵਿਭਾਗ ਜ਼ਿੰਮੇਵਾਰ ਹਨ। ਇਸ ਬਾਰੇ ਜਦੋਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਡੇਂਗੂ ਇੰਫ਼ੈਕਸ਼ਨ ਦੀ ਪਛਾਣ ਕਰਨ ਲਈ ਏਲਿਸਾ ਟੈਸਟ ਦੀ ਸੁਵਿਧਾ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਤੇ ਸਰਕਾਰੀ ਮੈਡੀਕਲ ਕਾਲਜਾਂ 'ਚ ਉਪਲਭਧ ਹੋਵੇ ਤੇ ਇਨ੍ਹਾਂ ਨਾਲ ਮੁਫ਼ਤ ਜਾਂਚ ਕੀਤੀ ਜਾਵੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਹਤ ਵਿਭਾਗ ਬਹੁਤ ਸਰਗਰਮ ਹੈ ਤੇ ਇਸ ਸਾਲ ਚਾਰ ਨਵੇਂ ਟੈਸਟ ਕੇਂਦਰ ਵੀ ਸਥਾਪਤ ਕੀਤੇ ਹਨ ਜਿਨ੍ਹਾਂ ਤੋਂ ਸਬ ਡਵੀਜ਼ਨਲ ਇਲਾਕਿਆਂ ਨੂੰ ਵਧਾਉਣ 'ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਪਾਜੀਟਿਵ ਪਾਏ ਗਏ ਡੇਂਗੂ ਦੇ 70 ਪ੍ਰਤੀਸ਼ਤ ਤੋਂ ਵੱਧ ਕੇਸਾਂ ਦਾ ਹੁਣ ਤਕ ਇਲਾਜ ਕੀਤਾ ਜਾ ਚੁੱਕਾ ਹੈ। ਬਾਕੀਆਂ ਦਾ ਇਲਾਜ ਜਾਰੀ ਹੈ ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਰੀਬ 25000 ਘਰਾਂ ਤੋਂ ਡੇਂਗੂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਪੰਜਾਬ ਅੰਦਰ 10 ਲੱਖ ਤੋਂ ਵਧ ਘਰਾਂ ਦੀ ਜਾਂਚ ਵੀ ਕੀਤੀ ਹੈ ਤਾਂ ਜੋ ਮੱਛਰ ਦੀ ਪਛਾਣ ਹੋ ਸਕੇ।ਸਿਹਤ ਵਿਭਾਗ ਨੇ ਇਕ ਵਖਰਾ ਬਿਆਨ ਜਾਰੀ ਕਰ ਕੇ ਕਿਹਾ ਕਿ ਮੱਛਰਾਂ ਦੀ ਪੈਦਾਵਾਰ ਨੂੰ ਲੈ ਕੇ ਸਬੰਧਤ ਨਗਰ ਨਿਗਮਾਂ ਤੇ ਕਮੇਟੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ, ਤਾਂ ਜੋ ਰੋਜ਼ਾਨਾ ਪੱਧਰ 'ਤੇ ਫੋਗਿੰਗ ਵਰਗੇ ਉਪਾਅ ਕੀਤੇ ਜਾ ਸਕਣ। ਇਨ੍ਹਾਂ 'ਤੇ ਕਾਰਵਾਈ ਕਰਨਾ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ ਹੈ।ਬਚਾਅ ਨੂੰ 300 ਮੀਟਿੰਗਾਂ ਦਾ ਅਯੋਜਨ: ਡੇਂਗੂ ਦੇ ਫੈਲਣ ਤੋਂ ਪਹਿਲਾਂ ਪੰਜਾਬ ਸਿਹਤ ਵਿਭਾਗ ਵਲੋਂ 300 ਤੋਂ ਵੱਧ ਮੀਟਿੰਗਾਂ ਕੀਤੀਆਂ ਸਨ, ਇਸ ਸਾਲ ਵਧੀਆ ਤਰੀਕੇ ਨਾਲ ਆਂਤਰਿਕ ਸਹਿਯੋਗ ਪੁਖਤਾ ਕੀਤਾ ਜਾ ਸਕੇ। ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਡੇਂਗੂ ਦੇ ਮਾਮਲਿਆਂ 'ਚ ਵਾਧਾ ਸਥਾਨਕ ਸਰਕਾਰਾਂ ਵਿਭਾਗ ਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਲੋਂ ਹਾਲੇ ਵੀ ਬਚਾਅ ਕਾਰਜ ਕਰਨ ਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਗਰਮ ਨਾ ਹੋਣ ਦਾ ਨਤੀਜਾ ਹੈ।