ਖ਼ਤਮ ਹੁੰਦਾ ਜਾ ਰਿਹੈ ਵਿਆਹ ਸਮਾਗਮਾਂ ਵਿਚ ਭੱਠੀ ਚੜ੍ਹਾਉਣ ਦਾ ਰਿਵਾਜ
Published : May 2, 2025, 7:46 am IST
Updated : May 2, 2025, 7:46 am IST
SHARE ARTICLE
The custom of lighting a fire at weddings is dying out News In Punjabi
The custom of lighting a fire at weddings is dying out News In Punjabi

ਵਿਆਹ ਤੋਂ ਤਕਰੀਬਨ ਮਹੀਨਾ ਬਾਅਦ ਵੀ ਘਰ ਵਿਚ ਬਣੀ ਮਠਿਆਈ ਰਹਿੰਦੀ ਸੀ, ਬਹੁਤ ਖ਼ੁਸ਼ੀ ਨਾਲ ਉਸ ਨੂੰ ਖਾਇਆ ਜਾਂਦਾ ਸੀ

Punjabi Culture: ਪੰਜਾਬੀ ਸਭਿਆਚਾਰ ਸੱਭ ਤੋਂ ਅਮੀਰ ਵਿਰਸਾ ਹੈ। ਦਿਨ ਪ੍ਰਤੀ ਦਿਨ ਅਸੀਂ ਅਪਣੇ ਵਿਰਸੇ ਨੂੰ ਭੁਲ ਰਹੇ ਹਾਂ। ਪਛਮੀ ਸਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਕੋਈ ਵੇਲਾ ਹੁੰਦਾ ਸੀ ਜਦੋਂ ਵਿਆਹ ਸਮਾਗਮਾਂ ਵਿਚ ਘਰ ਭੱਠੀ ਚੜ੍ਹਾਈ ਜਾਂਦੀ ਸੀ। ਘਰ ਵਿਚ ਬਣਾਈ ਗਈ ਮਠਿਆਈ ਵਿਚ ਬਹੁਤ ਬਰਕਤ ਹੁੰਦੀ ਸੀ। ਜੋ ਨਾਨਕਾ ਮੇਲ ਆਉਂਦਾ ਸੀ, ਉਸ ਨੂੰ ਤਕਰੀਬਨ 31 ਕਿਲੋ ਭਾਜੀ ਦਿਤੀ ਜਾਂਦੀ ਸੀ। ਥੈਲਾ ਮਠਿਆਈਆਂ ਨਾਲ ਭਰ ਕੇ ਦਿਤਾ ਜਾਂਦਾ ਸੀ ਕਿਉਂਕਿ ਅੱਗੇ ਨਾਨਕਾ ਮੇਲ ਨੇ ਅਪਣੇ ਪੂਰੇ ਪਿੰਡ ਵਿਚ ਵੰਡਣੀ ਹੁੰਦੀ ਸੀ। ਹੋਰ ਵੀ ਜੋ ਸ਼ਰੀਕਾ, ਦੋਸਤ ਮਿੱਤਰ ਆਉਂਦੇ ਸਨ ਉਨ੍ਹਾਂ ਨੂੰ ਵੀ ਘੱਟੋ-ਘੱਟ ਤਿੰਨ ਤੋਂ ਚਾਰ ਕਿਲੋ ਭਾਜੀ (ਮਠਿਆਈ) ਆਮ ਦਿਤੀ ਜਾਂਦੀ ਸੀ।

ਵਿਆਹ ਤੋਂ ਤਕਰੀਬਨ ਮਹੀਨਾ ਬਾਅਦ ਵੀ ਘਰ ਵਿਚ ਬਣੀ ਮਠਿਆਈ ਰਹਿੰਦੀ ਸੀ, ਬਹੁਤ ਖ਼ੁਸ਼ੀ ਨਾਲ ਉਸ ਨੂੰ ਖਾਇਆ ਜਾਂਦਾ ਸੀ। ਕਹਿਣ ਦਾ ਮਤਲਬ ਇਹ ਹੈ ਕਿ ਖਾਣ-ਪੀਣ ਵਾਲੀਆਂ ਸਾਰੀਆਂ ਹੀ ਚੀਜ਼ਾਂ ਘਰ ਹੀ ਬਣਾਈ ਜਾਂਦੀਆਂ ਸਨ। ਅੱਜ ਕਿਹੋ ਜਿਹਾ ਸਮਾਂ ਆ ਚੁੱਕਾ ਹੈ ਕਿ ਕਿਸੇ ਕੋਲ ਸਮਾਂ ਨਹੀਂ ਹੈ, ਬਾਜ਼ਾਰੂ ਚੀਜ਼ਾਂ ਨੂੰ ਤਰਜੀਹ ਦਿਤੀ ਜਾਂਦੀ ਹੈ। ਵਿਆਹ ਸਮਾਗਮ ਸਿਰਫ਼ ਨਾਮਾਤਰ ਹੀ ਰਹਿ ਚੁੱਕੇ ਹਨ। ਜਦੋਂ ਕਿਸੇ ਦੇ ਘਰ ਤੇ ਲੜੀਆਂ ਲਗਾ ਦਿਤੀਆਂ ਜਾਂਦੀਆਂ ਹਨ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੇ ਘਰ ਕੋਈ ਸਮਾਗਮ ਹੋਣ ਜਾ ਰਿਹਾ ਹੈ। ਪਿੰਡਾਂ ਵਿਚ ਅੱਜ ਵੀ ਕਿਤੇ-ਕਿਤੇ ਘਰ ਵਿਚ ਹੀ ਭੱਠੀ ਚੜ੍ਹਾਈ ਜਾਂਦੀ ਹੈ। ਮਠਿਆਈ, ਨਮਕੀਨ ਵਸਤਾਂ ਪਕੌੜੇ ਬਣਾਏ ਜਾਂਦੇ ਹਨ। ਜਦੋਂ ਕਿਸੇ ਘਰ ਵਿਚ ਵਿਆਹ ਰਖਿਆ ਜਾਂਦਾ ਹੈ ਤਾਂ ਬਾਜ਼ਾਰ ਤੋਂ ਸਾਰਾ ਕੱਚਾ ਰਾਸ਼ਨ ਲੈ ਕੇ ਆਇਆ ਜਾਂਦਾ ਸੀ। ਪਿੰਡਾਂ ਵਿਚ ਅਕਸਰ ਬਾਲਣ ਆਮ ਹੁੰਦਾ ਹੈ। ਜਦੋਂ ਭੱਠੀ ਚੜ੍ਹਾਈ ਜਾਂਦੀ ਸੀ ਤਾਂ ਨਾਈ ਪੂਰੇ ਪਿੰਡ ਵਿਚ ਸੱਦਾ ਦੇ ਕੇ ਆਉਂਦਾ ਸੀ ਕਿ ਫਲਾਣੇ ਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੈ। ਅੱਜ ਭੱਠੀ ਚੜ੍ਹਾਈ ਜਾਣੀ ਹੈ। 

ਸਵੇਰ ਤੋਂ ਹੀ ਵਿਆਹ ਵਾਲੇ ਘਰ ਵਿਚ ਰੌਣਕ ਲੱਗ ਜਾਂਦੀ ਸੀ। ਲੋਕਾਂ ਵਿਚ ਵੀ ਬਹੁਤ ਪਿਆਰ ਹੁੰਦਾ ਸੀ। ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ ਕਿ ਸਾਡੇ ਪਿੰਡ ਵਿਚ ਫਲਾਣੇ ਦੇ ਘਰ ਵਿਆਹ ਹੈ ਕਿਉਂਕਿ ਭੱਠੀ ਚੜ੍ਹਾਉਣ ਲਈ ਕਾਫ਼ੀ ਜ਼ਿਆਦਾ ਆਦਮੀਆਂ  ਦੀ ਜ਼ਰੂਰਤ ਪੈਂਦੀ ਸੀ, ਜੋ ਵਿਹਲੇ ਹੁੰਦੇ ਸਨ, ਉਹ ਭੱਠੀ ਦੇ ਕੋਲ ਆ ਕੇ ਬੈਠ ਜਾਂਦੇ ਸਨ ਤੇ ਕੰਮ ਕਰਵਾਉਂਦੇ ਸਨ। ਪ੍ਰਵਾਰ ਵਲੋਂ ਚਾਹ ਪਾਣੀ, ਪ੍ਰਸ਼ਾਦਾ ਤਕ ਉਨ੍ਹਾਂ ਨੂੰ ਛਕਾਇਆ ਜਾਂਦਾ ਸੀ।

ਸ਼ਾਮ ਨੂੰ ਜਦੋਂ ਲੱਡੂਆਂ ਦੀ ਬੂੰਦੀ ਤਿਆਰ ਹੋ ਜਾਂਦੀ ਸੀ ਤਾਂ ਪਿੰਡ ਦੇ ਬਜ਼ੁਰਗ, ਨੌਜਵਾਨ ਆ ਕੇ ਲੱਡੂ ਬੋਚਦੇ ਸਨ। ਗੂੜਪਾਰੇ, ਸ਼ਕਰਪਾਰੇ ਮੱਠੀਆਂ, ਜਲੇਬੀਆਂ ਹੋਰ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਜਦੋਂ ਬੰਨ, ਬਟਣਾ ਲਗਣਾ ਹੁੰਦਾ ਸੀ ਤਾਂ ਘਰ ਵਿਚ ਹੀ ਹਲਵਾਈ ਵਲੋਂ ਗੁਲਗਲੇ, ਪਕੌੜੇ ਬਣਾਏ ਜਾਂਦੇ ਸਨ। ਇਕ ਤਾਂ ਇਹ ਬਿਲਕੁਲ ਸ਼ੁਧ ਹੁੰਦੇ ਸਨ। ਘਰ ਦਾ ਹੀ ਸਰੋਂ ਦਾ ਤੇਲ ਵਰਤਿਆ ਜਾਂਦਾ ਸੀ। ਕੋਈ ਮਿਲਾਵਟ ਵੀ ਨਹੀਂ ਸੀ ਹੁੰਦੀ। ਪੈਸੇ ਦੀ ਹੋੜ ਨਹੀਂ ਸੀ। ਇਕ-ਦੂਜੇ ਦਾ ਸਤਿਕਾਰ ਕੀਤਾ ਜਾਂਦਾ ਸੀ।

ਸਬਜ਼ੀਆਂ ਵੀ ਘਰ ਹੀ ਬਣਾਈਆਂ ਜਾਂਦੀਆਂ ਸਨ। ਕਹਿਣ ਦਾ ਮਤਲਬ ਹੈ ਕਿ ਬਜ਼ਾਰ ਤੋਂ ਕੋਈ ਵੀ ਖਾਣ-ਪੀਣ ਦੀ ਵਸਤੂ ਨਹੀਂ ਲੈ ਕੇ ਆਈ ਜਾਂਦੀ ਸੀ। ਕੁੜੀ ਦੇ ਵਿਆਹ ਵਿਚ ਕਿੰਨੀ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਸਨ। ਸਾਰੀ ਹੀ ਘਰ ਤਿਆਰ ਕੀਤੀਆਂ ਜਾਂਦੀਆਂ ਸਨ। ਖੁਲ੍ਹੇ ਵਿਚ ਟੈਂਟ ਲਗਾ ਕੇ ਮਹਿਮਾਨਾਂ ਦੀ ਆਉ ਭਗਤ ਕੀਤੀ ਜਾਂਦੀ ਸੀ। ਸਮਾਂ ਬਦਲਿਆ। ਭੱਠੀ ਚੜ੍ਹਾਉਣ ਦਾ ਰਿਵਾਜ ਖ਼ਤਮ ਹੁੰਦਾ ਜਾ ਰਿਹਾ ਹੈ। ਅੱਜਕਲ ਤਾਂ ਨਾਮਵਰ ਮਠਿਆਈਆਂ ਦੀਆਂ ਦੁਕਾਨਾਂ ਤੋਂ ਭਾਜੀ ਦੇ ਬਣੇ-ਬਣਾਏ ਡੱਬੇ ਆਮ ਘਰਾਂ ਵਿਚ ਆ ਜਾਂਦੇ ਹਨ। ਕਿਸੇ ਕੋਲ ਸਮਾਂ ਹੀ ਨਹੀਂ ਹੈ ਕਿ ਘਰ ਵਿਚ ਭੱਠੀ ਚੜ੍ਹਾਈ ਜਾ ਸਕੇ। ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਕੋਈ ਕਿਸੇ ਦੀ ਤਰੱਕੀ ਦੇਖ ਕੇ ਖ਼ੁਸ਼ ਨਹੀਂ ਹੈ।

ਕੋਈ ਫ਼ਾਲਤੂ ਕਿਸੇ ਦੇ ਘਰ ਜਾਂਦਾ ਨਹੀਂ ਹੈ। ਇਥੋਂ ਤਕ ਕਿ ਹੁਣ ਤਾਂ ਇਹ ਰਿਵਾਜ ਚਲ ਪਿਆ ਹੈ ਕਿ ਜੋ ਸਬਜ਼ੀਆਂ, ਦਾਲਾਂ ਆਦਿ ਜੋ ਘਰ ਆਏ ਮਹਿਮਾਨਾਂ ਨੂੰ ਖਾਣਾ ਖੁਆਇਆ ਜਾਂਦਾ ਹੈ, ਉਹ ਵੀ ਬਾਹਰ ਤੋਂ ਆਰਡਰ ਦੇ ਕੇ ਆ ਜਾਂਦਾ ਹੈ। ਚਾਹੇ ਤੁਸੀਂ ਇਕ ਹਜ਼ਾਰ ਮੈਂਬਰਾਂ ਦਾ ਖਾਣਾ ਆਰਡਰ ਦੇ ਦੇਵੋ। ਮੈਰਿਜ ਪੈਲੇਸਾਂ ਵਿਚ ਅੱਜਕਲ ਤਾਂ ਵਿਆਹ ਕੀਤੇ ਜਾਂਦੇ ਹਨ। ਪੈਸਾ ਉਹ ਲੈ ਲੈਂਦੇ ਹਨ। ਅਪਣੇ ਆਪ ਹੀ ਉਹ ਮਿਠਾਈਆਂ ਤਿਆਰ ਕਰ ਕੇ ਸੋਹਣੀ-ਸੋਹਣੀ ਟਰੇਆਂ ਵਿਚ ਸਜਾ ਕੇ ਰੱਖ ਦਿੰਦੇ ਹਨ। ਮਤਲਬ ਕਿ ਪੈਸਾ ਹੀ ਪ੍ਰਧਾਨ ਹੋ ਚੁੱਕਾ ਹੈ ਜਿਸ ਦੀ ਜੇਬ ਵਿਚ ਪੈਸੇ ਹਨ, ਉਹ ਕੁੱਝ ਵੀ ਕਰ ਰਿਹਾ ਹੈ।

ਅਕਸਰ ਅਸੀਂ ਸੁਣਦੇ ਹੀ ਹਾਂ ਕਿ ਸਿਹਤ ਮੰਤਰਾਲਾ  ਤਿਉਹਾਰਾਂ ਵੇਲੇ ਚੈਕਿੰਗ ਕਰਦਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਨਕਲੀ ਮਠਿਆਈਆਂ, ਪਕਵਾਨ ਫੜੇ ਜਾਂਦੇ ਹਨ ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਜਦੋਂ ਇਹ ਤਿਉਹਾਰਾਂ ਵਿਚ ਨਕਲੀ ਮਠਿਆਈਆਂ ਪਰੋਸਦੇ ਹਨ, ਵਿਚਾਰਨ ਵਾਲੀ ਗੱਲ ਹੈ ਜਦੋਂ ਅਸੀਂ ਇਨ੍ਹਾਂ ਤੋਂ ਆਰਡਰ ਲਈ ਕੁੱਝ ਮੰਗਵਾਉਂਦੇ ਹਾਂ ਕਿ ਉਹ ਸਹੀ ਹੋਣਾ ਹੈ ਕਿ ਇਹ ਸ਼ੁਧ ਖਾਣਾ ਤਿਆਰ ਕਰਦੇ ਹਨ। ਅੱਜ ਇਨਸਾਨ ਤਰ੍ਹਾਂ-ਤਰ੍ਹਾਂ ਦੀਆਂ ਨਾਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਛੋਟੀ-ਛੋਟੀ ਉਮਰ ਦੇ ਬੱਚਿਆਂ ਨੂੰ ਦਿਲ ਦੇ ਦੌਰੇ ਪੈ ਰਹੇ ਹਨ। ਦਿਲ ਦੇ ਰੋਗਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜੇ ਵੀ ਸੰਭਲਣ ਦਾ ਵੇਲਾ ਹੈ। ਡੁੱਲੇ ਬੇਰਾਂ ਦਾ ਕੱੁਝ ਨਹੀਂ ਵਿਗੜਿਆ ਹੈ। ਭੱਠੀ ਚੜ੍ਹਾਉਣਾ ਇਹ ਸਾਡੇ ਸਭਿਆਚਾਰ ਦਾ ਇਕ ਹਿੱਸਾ ਹੈ। ਇਸ ਨੂੰ ਸੰਭਾਲਣ ਦਾ ਵੇਲਾ ਹੈ। 

-ਸੰਜੀਵ ਸਿੰਘ ਸੈਣੀ, ਮੋਹਾਲੀ। 
7888966168

 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement