
ਮਰੀਜ਼ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਕਈ ਜ਼ਰੂਰੀ ਦਵਾਈਆਂ ਦੀ ਗੰਭੀਰ ਕਮੀ ਦੇ ਕਾਰਨ ਪਰੇਸ਼ਾਨ ਹਨ।
ਇਸਲਾਮਾਬਾਦ : ਪਾਕਿਸਤਾਨ ’ਚ ਆਸਮਾਨ ਛੂਹਦੀ ਮਹਿੰਗਾਈ ਵਿਚਾਲੇ ਜਿਥੇ ਲੋਕ ਵਧੇ ਹੋਏ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਹੇ ਹਨ, ਇਸ ਦੇ ਨਾਲ ਹੀ ਪੂਰੇ ਪ੍ਰਾਂਤ ’ਚ ਵੱਡੀ ਗਿਣਤੀ ’ਚ ਮਰੀਜ਼ਾਂ ’ਚ ਦਵਾਈਆਂ ਲਈ ਮਾਰਾ-ਮਾਰੀ ਹੋ ਰਹੀ ਹੈ। ਮਰੀਜ਼ ਦਵਾਈਆਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਕਈ ਜ਼ਰੂਰੀ ਦਵਾਈਆਂ ਦੀ ਗੰਭੀਰ ਕਮੀ ਦੇ ਕਾਰਨ ਪਰੇਸ਼ਾਨ ਹਨ।
ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ’ਚ ਦਰਜਨਾਂ ਗ਼ੈਰ-ਜ਼ਰੂਰੀ ਦਵਾਈਆਂ ਵੀ ਫ਼ਾਰਮੇਸੀਆਂ ’ਚ ਉਪਲਬਧ ਨਹੀਂ ਹਨ। ਇਹ ਕਮੀ ਮਰੀਜ਼ਾਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੀ ਹੈ ਅਤੇ ਕੁੱਝ ਮਾਮਲਿਆਂ ’ਚ ਜੀਵਨ ਨੂੰ ਖ਼ਤਰੇ ’ਚ ਪਾ ਰਹੀਆਂ ਹਨ। ਇਕ ਸਰਕਾਰੀ ਅਧਿਕਾਰੀ ਨੇ ਡਾਨ ਤੋਂ ਪੁਸ਼ਟੀ ਕੀਤੀ ਕਿ ਪ੍ਰਾਂਤ ਜੈਵਿਕ ਉਤਪਾਦਾਂ, ਟੀਕਿਆਂ, ਕੈਂਸਰ ਦੇ ਇਲਾਜ ਲਈ ਇਮਿਊਨੋਗਲੋਬੁਲਿਨ, ਸ਼ੂਗਰ ਪ੍ਰਬੰਧਨ ਲਈ ਇੰਸੁਲਿਨ ਅਤੇ ਕਈ ਹੋਰ ਉਤਪਾਦਾਂ ਸਮੇਤ ਮੁੱਖ ਦਵਾਈਆਂ ਦੀ ਕਮੀ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਹਨ, ਜੋ ਬਾਜ਼ਾਰ ’ਚ ਉਪਲਬਧ ਨਹੀਂ ਹਨ।
ਸੂਤਰਾਂ ਨੇ ਕਿਹਾ ਕਿ ਸਿਰਫ਼ ਜ਼ਰੂਰੀ ਦਵਾਈਆਂ ਹੀ ਨਹੀਂ, ਦਰਜਨਾਂ ਗ਼ੈਰ-ਜ਼ਰੂਰੀ ਦਵਾਈਆਂ ਵੀ ਹਨ ਜੋ ਪੂਰੇ ਪਾਕਿਸਤਾਨ ’ਚ ਫ਼ਾਰਮੇਸੀਆਂ ’ਚ ਉਪਲੱਬਧ ਨਹੀਂ ਹਨ ਕਿਉਂਕਿ ਨਿਰਮਾਤਾਵਾਂ ਨੇ ਦਵਾਈਆਂ ਦੇ ਨਿਰਮਾਣ ਲਈ ਸਰਗਰਮ ਫ਼ਾਰਮਾਸਿਉਟਿਕਲ ਸਮੱਗਰੀ (ਏਪੀਆਈ) ਜਾਂ ਕੱਚੇ ਮਾਲ ਦਾ ਆਯਾਤ ਬੰਦ ਕਰ ਦਿਤਾ ਹੈ।
ਆਯਾਤ ਰੁਕਣ ਲਈ ਅਮਰੀਕੀ ਡਾਲਰ ਦੀ ਵਧਦੀ ਕੀਮਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੂਤਰਾਂ ਨੇ ਕਿਹਾ ਕਿ ਰੁਪਏ ਦੇ ਵਧਦੇ ਡੀਵੈਲਯੂਏਸ਼ਨ ਅਤੇ ਵਧਦੇ ਅਮਰੀਕੀ ਡਾਲਰ ਦੇ ਵਿਚਾਲੇ, ਆਯਾਤਕਾਂ ਨੇ ਤਿਆਰ ਮਾਲ ਅਤੇ ਦਵਾਈਆਂ ਦੇ ਕੱਚੇ ਮਾਲ ਦਾ ਆਯਾਤ ਕਰਨਾ ਬੰਦ ਕਰ ਦਿੱਤਾ ਹੈ। ਨਤੀਜੇ ਵਜੋਂ ਬਾਜ਼ਾਰ ਤਸਕਰੀ ਅਤੇ ਨਕਲੀ ਦਵਾਈਆਂ ਨਾਲ ਭਰ ਗਿਆ, ਜੋ ਅਫ਼ਗ਼ਾਨਿਸਤਾਨ, ਈਰਾਨ ਅਤੇ ਭਾਰਤ ਤੋਂ ਦੇਸ਼ ’ਚ ਲਿਆਂਦੇ ਜਾ ਰਹੇ ਸਨ। ਇਸ ਤੱਥ ਦੇ ਬਾਵਜੂਦ ਕਿ ਕਈ ਦਵਾਈਆਂ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲ ਹਨ, ਕਈ ਜ਼ਰੂਰੀ ਦਵਾਈਆਂ ਦੀ ਕੋਲਡ ਚੇਨ ਪ੍ਰਬੰਧਨ ਬਿਨਾਂ ਸਾਧਾਰਨ ਟਰੱਕਾਂ ’ਚ ਤਸਕਰੀ ਕੀਤੀ ਜਾ ਰਹੀ ਹੈ।