ਕੁਕਰ ਵਿਚ ਖਾਣਾ ਬਣਾਉਣ ਲਈ ਗੈਸ ਭਲੇ ਹੀ ਘੱਟ ਇਸਤੇਮਾਲ ਹੋਵੇ ਪਰ ਇਸ ਦੌਰਾਨ ਕੁਕਰ ਅੰਦਰ ਜ਼ਿਆਦਾ ਗਰਮੀ ਹੋਣ ਨਾਲ ਭੋਜਨ ਘੱਟ ਤੰਦਰੁਸਤ ਬਣਦਾ ਹੈ
ਮੁਹਾਲੀ: ਖਾਣਾ ਬਣਾਉਣ ਲਈ ਅਕਸਰ ਔਰਤਾਂ ਕੁੱਕਰ ਦਾ ਇਸਤੇਮਾਲ ਕਰਦੀਆਂ ਹਨ। ਇਸ ਵਿਚ ਭੋਜਨ ਜਲਦੀ ਪਕ ਜਾਂਦਾ ਹੈ ਜਿਸ ਨਾਲ ਔਰਤਾਂ ਦਾ ਕਾਫ਼ੀ ਸਮਾਂ ਬਚ ਜਾਂਦਾ ਹੈ। ਉਥੇ ਹੀ, ਕੜਾਹੀ ਵਿਚ ਭੋਜਨ ਪਕਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਕੁੱਕਰ ਵਿਚ ਤੁਸੀ ਖਾਣਾ ਬਣਾਉਂਦੇ ਹੋ, ਉਸ ਦਾ ਅਸਰ ਸਿਹਤ ’ਤੇ ਕੀ ਪੈਂਦਾ ਹੈ? ਅੱਜ ਅਸੀ ਤੁਹਾਨੂੰ ਦਸਾਂਗੇ ਕਿ ਕੁਕਰ ਵਿਚ ਖਾਣਾ ਬਣਾਉਣਾ ਠੀਕ ਹੈ ਜਾਂ ਫਿਰ ਕੜਾਹੀ ਵਿਚ?
ਕੁੱਕਰ ਤੋਂ ਭਾਫ਼ ਬਾਹਰ ਨਹੀਂ ਨਿਕਲ ਪਾਉਂਦੀ ਅਤੇ ਤੇਜ਼ ਅੱਗ ਕਾਰਨ ਪਾਣੀ ਦਾ ਉਬਾਲ ਦਰਜਾ ਵਧਣ ਨਾਲ ਕੁਕਰ ਦੇ ਅੰਦਰ ਦਾ ਦਬਾਅ ਵੀ ਵੱਧ ਜਾਂਦਾ ਹੈ। ਇਹੀ ਭਾਫ਼ ਸਾਡੇ ਖਾਣੇ ਉਤੇ ਦਬਾਅ ਪਾ ਕੇ ਉਨ੍ਹਾਂ ਨੂੰ ਜਲਦੀ ਪਕਾ ਦਿੰਦੀ ਹੈ। ਇਹੀ ਕਾਰਨ ਹੈ ਕਿ ਕੁਕਰ ਵਿਚ ਖਾਣਾ ਜਲਦੀ ਪਕ ਜਾਂਦਾ ਹੈ।
ਕੁਕਰ ਵਿਚ ਖਾਣਾ ਬਣਾਉਣ ਲਈ ਗੈਸ ਭਲੇ ਹੀ ਘੱਟ ਇਸਤੇਮਾਲ ਹੋਵੇ ਪਰ ਇਸ ਦੌਰਾਨ ਕੁਕਰ ਅੰਦਰ ਜ਼ਿਆਦਾ ਗਰਮੀ ਹੋਣ ਨਾਲ ਭੋਜਨ ਘੱਟ ਤੰਦਰੁਸਤ ਬਣਦਾ ਹੈ। ਇਸ ਤੋਂ ਇਲਾਵਾ ਪ੍ਰੈਸ਼ਰ ਕੁਕਰ ਵਿਚ ਸਾਡੇ ਖਾਣੇ ਅੰਦਰ ਮੌਜੂਦ ਸਾਰੇ ਪੌਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਪ੍ਰੈਸ਼ਰ ਕੁਕਰ ਦੇ ਮੁਕਾਬਲੇ ਕੜਾਹੀ ਵਿਚ ਪਕਿਆ ਹੋਇਆ ਖਾਣਾ ਜ਼ਿਆਦਾ ਸਿਹਤਮੰਦ ਅਤੇ ਸਵਾਦਿਸ਼ਟ ਹੁੰਦਾ ਹੈ। ਬਰਤਨ ਬਣਾਉਣ ਲਈ ਐਲਿਊਮੀਨਿਅਮ, ਤਾਂਬਾ, ਲੋਹਾ, ਸ਼ੀਸ਼ਾ, ਕਾਪਰ, ਸਟੇਨਲੇਸ ਸਟੀਲ ਅਤੇ ਟੇਫਲੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭੋਜਨ ਪਕਾਉਂਦੇ ਸਮੇਂ ਭਾਂਡਿਆਂ ਦਾ ਇਹ ਮੈਟੀਰਿਅਲ ਵੀ ਖਾਣੇ ਦੇ ਨਾਲ ਮਿਕਸ ਹੋ ਜਾਂਦਾ ਹੈ, ਜੋ ਕਿ ਸਿਹਤ ਲਈ ਖ਼ਤਰਨਾਕ ਹੈ। ਇਸ ਲਈ ਖਾਣਾ ਬਣਾਉਣ ਲਈ ਤਾਂਬੇ, ਸਟੀਲ, ਲੋਹਾ ਅਤੇ ਪਿੱਤਲ ਦੇ ਭਾਡਿਆਂ ਦਾ ਇਸਤੇਮਾਲ ਕਰੋ।
ਭੋਜਨ ਪਕਾਉਣ ਤੋਂ ਪਹਿਲਾਂ ਕਿਚਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਉ ਕਿਉਂਕਿ ਕਿਚਨ ਵਿਚ ਕਈ ਤਰ੍ਹਾਂ ਦੇ ਕੀਟਾਣੂ ਹੁੰਦੇ ਹਨ, ਜੋ ਕਿ ਖਾਣੇ ਰਾਹੀਂ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਬੀਮਾਰ ਕਰ ਸਕਦੇ ਹਨ। ਖਾਣਾ ਬਣਾਉਣ ਲਈ ਜੈਤੂਨ ਜਾਂ ਸਰ੍ਹੋਂ ਦੇ ਤੇਲ ਦਾ ਹੀ ਪ੍ਰਯੋਗ ਕਰੋ। ਇਸ ਤੋਂ ਇਲਾਵਾ ਖਾਣੇ ਵਿਚ 3 ਚਮਚ ਤੋਂ ਜ਼ਿਆਦਾ ਤੇਲ ਨਾ ਪਾਉ ਅਤੇ ਵਧਦੀ ਉਮਰ ਨਾਲ ਤੇਲ ਦਾ ਘੱਟ ਸੇਵਨ ਕਰੋ। ਜੇਕਰ ਤੁਸੀ ਭਾਰ ਨੂੰ ਕੰਟਰੋਲ ਵਿਚ ਕਰਨਾ ਚਾਹੁੰਦੇ ਹੋ ਤਾਂ ਭੋਜਨ ਵਿਚ ਘਿਉ ਦਾ ਘੱਟ ਇਸਤੇਮਾਲ ਕਰੋ ਅਤੇ ਖਾਣੇ ਨੂੰ ਜ਼ਿਆਦਾ ਭਾਫ਼ ਵਿਚ ਪਕਾਉ। ਇਸ ਲਈ ਤੁਸੀ ਕੜਾਹੀ ਜਾਂ ਪਤੀਲੇ ਦਾ ਇਸਤੇਮਾਲ ਕਰ ਸਕਦੇ ਹੋ। ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ਨੂੰ ਬਣਾਉਣ ਲਈ ਚੰਗੀ ਤਰ੍ਹਾਂ ਧੋ ਲਉ।
ਇਸ ਉਪਰ ਕਈ ਕੀਟਾਣੂ ਲੱਗੇ ਹੁੰਦੇ ਹਨ ਜੋ ਕਿ ਆਸਾਨੀ ਨਾਲ ਨਹੀਂ ਜਾਂਦੇ ਅਤੇ ਖਾਣੇ ਰਾਹੀਂ ਤੁਹਾਨੂੰ ਬੀਮਾਰ ਕਰ ਸਕਦੇ ਹਨ। ਤੁਸੀ ਚਾਹੋ ਤਾਂ ਇਨ੍ਹਾਂ ਨੂੰ ਸਾਫ਼ ਕਰਨ ਲਈ ਲੂਣ ਵਾਲੇ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਗੱਲ ਦਾ ਖ਼ਿਆਲ ਰੱਖੋ ਕਿ ਭੋਜਨ ਉਚਿਤ ਤਾਪਮਾਨ ’ਤੇ ਪਕਾਉ। ਕੁਕਰ ਦਾ ਇਸਤੇਮਾਲ ਘੱਟ ਕਰੋ ਕਿਉਂਕਿ ਉਸ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰ ਕੇ ਨਾ ਖਾਉ। ਮਸਾਲਿਆਂ ਦਾ ਪੂਰਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਖਾਣਾ ਬਣਾਉਂਦੇ ਸਮੇਂ ਉਸ ਵਿਚ ਲੂਣ ਪਾ ਦਿਉ। ਬਾਅਦ ਵਿਚ ਲੂਣ ਪਾਉਣ ਨਾਲ ਮਸਾਲਿਆਂ ਦਾ ਟੇਸਟ ਚਲਾ ਜਾਂਦਾ ਹੈ।