Punjabi Culture News: ਹੁਣ ਨਹੀਂ ਸੁਣਦਾ ਭਾਂਡੇ ਕਲੀ ਕਰਾ ਲਉ ਦਾ ਹੋਕਾ
Published : May 11, 2025, 7:22 am IST
Updated : May 11, 2025, 7:22 am IST
SHARE ARTICLE
Bhande kali kara lo Punjabi Culture News
Bhande kali kara lo Punjabi Culture News

Punjabi Culture News: ਪਿੱਤਲ ਦੇ ਭਾਂਡੇ ਸਿਹਤ ਲਈ ਬੇਹੱਦ ਲਾਭਕਾਰੀ ਹਨ

Bhande kali kara lo Punjabi Culture News  : ਦੋ ਢਾਈ ਦਹਾਕੇ ਪਹਿਲਾਂ ਗਲੀਆਂ, ਮੁਹੱਲਿਆਂ, ਪਿੰਡਾਂ ਵਿਚ ਇਹ ਹੋਕਾ ਅਕਸਰ ਸੁਣਨ ਨੂੰ ਮਿਲਦਾ ਸੀ ‘ਭਾਂਡੇ ਕਲੀ ਕਰਾ ਲਉ’ ਪਰ ਅੱਜ ਇਹ ਆਵਾਜ਼ ਅਲੋਪ ਹੋ ਚੁੱਕੀ ਹੈ। ਸਾਈਕਲ ’ਤੇ ਛੋਟੀ ਜਿਹੀ ਭੱਠੀ ਲਈ ਇਕ ਵਿਅਕਤੀ ਅਕਸਰ ਪਿੱਤਲ ਦੇ ਭਾਂਡੇ ਕਲੀ ਕਰਨ ਲਈ ਆਉਂਦਾ ਤੇ ਪੂਰਾ ਮੁਹੱਲਾ ਵਾਰੀ-ਵਾਰੀ ਆ ਕੇ ਅਪਣੇ ਭਾਂਡੇ ਕਲੀ ਕਰਵਾ ਲੈਂਦਾ ਕਿਉਂਕਿ ਪਿੱਤਲ ਦੇ ਬਰਤਨ ਕੁੱਝ ਸਮਾਂ ਵਰਤਣ ਤੋਂ ਬਾਅਦ ਕੁਸੈਲਾਪਣ ਛੱਡਣ ਲੱਗ ਪੈਂਦੇ ਹਨ ਜਿਸ ਲਈ ਉਨ੍ਹਾਂ ਨੂੰ ਕਲੀ ਕਰਨਾ ਜ਼ਰੂਰੀ ਹੈ। ਇਹ ਕੰਮ ਕਰਨ ਵਾਲੇ ਵੀ ਹੁਣ ਇਨ੍ਹਾਂ ਭਾਂਡਿਆਂ ਵਾਂਗ ਅਲੋਪ ਹੋ ਚੁੱਕੇ ਹਨ ਜਿਸ ਦਾ ਕਾਰਨ ਪਿੱਤਲ ਦੀ ਘੱਟ ਵਰਤੋਂ ਤੇ ਕਲੀ ਦਾ ਬਹੁਤ ਮਹਿੰਗਾ ਹੋਣਾ ਹੈ ਜਿਸ ਦੀ ਕੀਮਤ ਲਗਭਗ ਪੰਜ ਹਜ਼ਾਰ ਪ੍ਰਤੀ ਕਿਲੋਗ੍ਰਾਮ ਹੈ।

ਇਸ ਸਬੰਧੀ ਡਾਕਟਰੀ ਮਾਹਰਾਂ ਦਾ ਮੰਨਣਾ ਹੈ ਕਿ ਪਿੱਤਲ ਦੇ ਭਾਂਡੇ ਸਿਹਤ ਲਈ ਬੇਹੱਦ ਲਾਭਕਾਰੀ ਹਨ। ਬਾਜ਼ਾਰ ਵਿਚ ਵਿਕ ਰਹੀਆਂ ਬਹੁਤ ਸਾਰੀਆਂ ਦਵਾਈਆਂ ਤਾਂਬਾ ਤੇ ਜਿਸਤ ਯੁਕਤ ਮਿਲਦੀਆਂ ਹਨ। ਤਾਂਬੇ ਦੇ ਬਰਤਨਾਂ ਵਿਚ ਪਾਣੀ-ਪੀਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਜੇ ਅਸੀਂ ਪੁਰਾਣੀਆਂ ਰਸੋਈਆਂ ਨੂੰ ਯਾਦ ਕਰੀਏ ਤਾਂ ਉਨ੍ਹਾਂ ਵਿਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ। ਇਨ੍ਹਾਂ ਭਾਂਡਿਆਂ ਵਿਚ ਪਰਾਤ, ਕੌਲੀਆਂ, ਬਾਟੀਆਂ, ਥਾਲ, ਗਲਾਸ ਅਤੇ ਗੰਗਾਸਾਗਰ (ਜੱਗ) ਹੁੰਦੇ ਸਨ। ਇਨ੍ਹਾਂ ਬਰਤਨਾਂ ਵਿਚ ਪਰਾਤ ਅਤੇ ਗੰਗਾਸਾਗਰ ਦੋ ਵਿਸ਼ੇਸ਼ ਭਾਂਡੇ ਹੁੰਦੇ ਸਨ ਜੋ ਸਾਡੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਹੋਏ ਸਨ। ਇਹ ਦੋਵੇਂ ਭਾਂਡੇ ਆਮ ਤੌਰ ’ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ। ਇਹ ਰੋਜ਼ਮਰ੍ਹਾ ਦੀਆਂ ਪ੍ਰਵਾਰਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿਚ ਵੀ ਪ੍ਰਧਾਨ ਹੁੰਦੇ ਸਨ। ਪੁਰਾਣੇ ਬਜ਼ੁਰਗ ਆਮ ਤੌਰ ’ਤੇ ਮਿੱਟੀ ਦੇ ਭਾਂਡੇ ਵਰਤਦੇ ਸਨ, ਪਰ ਨਾਲ ਹੀ ਹੰਢਣਸਾਰ ਭਾਂਡੇ ਵੀ ਵਰਤਦੇ ਸਨ। ਮਿੱਟੀ ਦੇ ਭਾਂਡੇ ਅਕਸਰ ਜਲਦੀ ਟੁਟ ਜਾਂਦੇ ਹਨ, ਇਸ ਲਈ ਜ਼ਿਆਦਾ ਵਰਤੋਂ ਵਿਚ ਆਉਣ ਵਾਲੇ ਭਾਂਡੇ ਜਿਵੇਂ ਪਰਾਤ, ਜੱਗ, ਗਲਾਸ, ਬਾਟੀਆਂ, ਥਾਲ ਆਦਿ ਪਿੱਤਲ ਦੇ ਹੀ ਵਰਤਦੇ ਸਨ। ਮਿੱਟੀ ਦੇ ਭਾਂਡੇ ਸਸਤੇ ਅਤੇ ਚੁੱਲ੍ਹੇ ’ਤੇ ਚਾੜ੍ਹਨ ਲਈ ਟਿਕਾਊ ਹੁੰਦੇ ਸਨ। 

ਦੂਜੇ ਪਾਸੇ ਪਿੱਤਲ ਦੇ ਭਾਂਡੇ ਲੰਮੇ ਸਮੇਂ ਲਈ ਵਰਤਣਯੋਗ ਅਤੇ ਕਿੰਨੇ ਸਾਲ ਵਰਤਣ ਤੋਂ ਬਾਅਦ ਵੀ ਤਕਰੀਬਨ ਉਨੇ ਹੀ ਪੈਸਿਆਂ ਵਿਚ ਵਿਕ ਜਾਂਦੇ ਸਨ। ਪਿੱਤਲ ਦੇ ਭਾਂਡਿਆਂ ਦੀ ਉਮਰ ਲੰਮੀ ਕਰਨ ਲਈ ਕਈ ਵਾਰ ਉਨ੍ਹਾਂ ਨੂੰ ਕਲੀ ਵੀ ਕਰਵਾਈ ਜਾਂਦੀ ਸੀ ਜਿਸ ਕਾਰਨ ਕਲੀ ਕਰਨ ਵਾਲਿਆਂ ਦਾ ਧੰਦਾ ਵੀ ਖ਼ੂਬ ਵਧਦਾ ਫੁਲਦਾ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿਚ ਪਿੱਤਲ ਦੀ ਪਰਾਤ ਅਤੇ ਪਿੱਤਲ ਦੇ ਜੱਗ ਜਾਂ ਗੰਗਾਸਾਗਰ ਬਹੁਤ ਪ੍ਰਚਲਤ ਸਨ। ਵਿਆਹਾਂ ਵਿਚ ਤਾਂ ਮਠਿਆਈਆਂ ਸਾਂਭਣ ਅਤੇ ਵਰਤਾਉਣ ਸਮੇਂ ਪਰਾਤ ਦੀ ਭੂਮਿਕਾ ਅਹਿਮ ਹੁੰਦੀ ਸੀ। ਜਦੋਂ ਵੀ ਵਿਆਹਾਂ ਵਿਚ ਜ਼ਮੀਨ ’ਤੇ ਬੈਠੇ ਜੰਞ ਵਾਲਿਆਂ ਨੂੰ ਰੋਟੀ ਖੁਆਈ ਜਾਂਦੀ ਸੀ ਤਾਂ ਲੱਡੂ ਅਤੇ ਜਲੇਬੀਆਂ ਨਾਲ ਭਰੀਆਂ ਪਰਾਤਾਂ ਵਾਲੇ ਉਨ੍ਹਾਂ ਨੂੰ ਮਠਿਆਈ ਵਰਤਾਉਂਦੇ ਸਨ। ਰੋਟੀ ਸਮੇਂ ਉਨ੍ਹਾਂ ਨੂੰ ਪਾਣੀ ਵਰਤਾਉਣ ਲਈ ਗੰਗਾਸਾਗਰ ਬਹੁਤ ਸਹਾਈ ਹੁੰਦੇ ਸਨ। ਚਾਹ ਵਰਤਾਉਣ ਲਈ ਵੀ ਇਨ੍ਹਾਂ ਦੀ ਹੀ ਵਰਤੋਂ ਹੁੰਦੀ ਸੀ। ਨਾਨਕਾ ਮੇਲ ਆਉਣ ਸਮੇਂ ਨਾਨਕਿਆਂ ਨੂੰ ਪਿੱਤਲ ਦੀਆਂ ਪਰਾਤਾਂ ਵਿਚ ਹੀ ਮਠਿਆਈਆਂ ਭਰ ਭਰ ਕੇ ਦਿਤੀਆਂ ਜਾਂਦੀਆਂ ਸਨ। ਨਾਨਕਾ ਮੇਲ ਵੀ ਇਨ੍ਹਾਂ ਲੱਡੂਆਂ ਅਤੇ ਜਲੇਬੀਆਂ ਭਰੀਆਂ ਪਰਾਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਸੀ। ਇਹੀ ਕਾਰਨ ਸੀ ਕਿ ਪਿੱਤਲ ਦੀਆਂ ਪਰਾਤਾਂ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁਕੀਆਂ ਸਨ। ਬਹੁਤ ਸਾਰੇ ਗੀਤ, ਲੋਕ ਗੀਤ ਅਤੇ ਬੋਲੀਆਂ ਇਨ੍ਹਾਂ ਬਾਰੇ ਸੁਣਨ ਨੂੰ ਮਿਲਦੀਆਂ ਸਨ:
ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਭਰੀ ਪਰਾਤ ਵੇ,
ਧਰਤੀ ਨੂੰ ਕਲੀ ਕਰਾ ਦੇ, ਮੈਂ ਨੱਚੂੰਗੀ ਸਾਰੀ ਰਾਤ ਵੇ।
ਇਸੇ ਤਰ੍ਹਾਂ ਪਿੱਤਲ ਦੇ ਦੂਜੇ ਭਾਂਡਿਆਂ ਦਾ ਜ਼ਿਕਰ ਵੀ ਸਾਡੇ ਪੰਜਾਬੀ ਲੋਕ ਗੀਤਾਂ ਵਿਚ ਮਿਲਦਾ ਹੈ:
ਥਾਲੀ ਥਾਲੀ ਥਾਲੀ ਨੀ ਅੱਜ, ਮੇਰੇ ਵੀਰੇ ਦੀ ਭੱਜੀ ਫਿਰੂਗੀ ਸਾਲੀ।
ਪਿੱਤਲ ਦੇ ਭਾਂਡਿਆਂ ਨਾਲ ਕਾਂਸੀ ਦਾ ਛੰਨਾ ਵੀ ਅਹਿਮ ਰਿਹਾ। ਬਹੁਤ ਸਾਰੀਆਂ ਪੰਜਾਬੀ ਬੋਲੀਆਂ ਵਿਚ ਇਹ ਆਮ ਸੁਣਨ ਨੂੰ ਮਿਲਦਾ ਹੈ:
ਛੰਨੇ ਉਤੇ ਛੰਨਾ, ਛੰਨਾ ਭਰਿਆ ਜਮੈਣ ਦਾ, ਦੇਖ ਲੈ ਸ਼ੁਕੀਨਾਂ ਗਿੱਧਾ ਜੱਟੀ ਮਲਵੈਣ ਦਾ।

ਸਮੇਂ ਦੇ ਨਾਲ ਨਾਲ ਕੱਚੇ ਕੋਠਿਆਂ ਦੀ ਥਾਂ ਪੱਕੇ ਮਕਾਨ ਬਣ ਗਏ ਅਤੇ ਕੱਚੀਆਂ ਰਸੋਈਆਂ ਦੀ ਥਾਂ ਮਾਡਰਨ ਟਾਈਲਾਂ ਵਾਲੀਆਂ ਪੱਕੀਆਂ ਰਸੋਈਆਂ ਬਣ ਗਈਆਂ। ਉਨ੍ਹਾਂ ਵਿਚ ਪੁਰਾਣੇ ਪਿੱਤਲ ਦੇ ਭਾਂਡਿਆਂ ਦੀ ਥਾਂ ਸਟੀਲ ਦੇ ਭਾਂਡਿਆਂ ਨੇ ਲੈ ਲਈ। ਇਸ ਕਾਰਨ ਪਿੱਤਲ ਦੀਆਂ ਪਰਾਤਾਂ, ਪਿੱਤਲ ਦੇ ਥਾਲ ਅਤੇ ਜੱਗ ਤਾਂ ਅਲੋਪ ਹੀ ਹੋ ਗਏ ਹਨ। ਅੱਜ ਸਮਾਜ ਵਿਚ ਸੱਭ ਕੁੱਝ ਬਦਲ ਗਿਆ ਹੈ। ਵਿਆਹਾਂ ਵਿਚ ਖਾਣਾ ਹੇਠਾਂ ਬੈਠ ਕੇ ਨਹੀਂ ਸਗੋਂ ਆਲੀਸ਼ਾਨ ਮੈਰਿਜ ਪੈਲੇਸਾਂ ਵਿਚ ਭਾਂਤ-ਭਾਂਤ ਦੇ ਚੀਨੀ ਬਰਤਨਾਂ ਵਿਚ ਖੁਆਇਆ ਜਾਂਦਾ ਹੈ। ਅੰਤਾਂ ਦਾ ਖ਼ਰਚ ਵੀ ਕੀਤਾ ਜਾਂਦਾ ਹੈ, ਪਰ ਪਹਿਲੇ ਵਿਆਹਾਂ ਜਿਹਾ ਆਨੰਦ ਨਹੀਂ ਆਉਂਦਾ। ਭਾਵੇਂ ਅੱਜ ਸਾਡੇ ਘਰਾਂ ਵਿਚੋਂ ਪਿੱਤਲ ਦੇ ਥਾਲ, ਪਰਾਤਾਂ ਅਤੇ ਜੱਗ ਅਲੋਪ ਹੋ ਚੁੱਕੇ ਹਨ, ਪਰ ਫਿਰ ਵੀ ਸਾਡੇ ਮਨਾਂ ਅਤੇ ਪੰਜਾਬੀ ਸਭਿਆਚਾਰ ਵਿਚੋਂ ਇਹ ਦੂਰ ਨਹੀਂ ਹੋਏ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੇ ਹੀ ਰਹਿੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement