
ਸ਼ੌਕ ਨੂੰ ਕਦੇ ਅਪਣੇ ਸੁਪਨੇ ਨਾ ਬਣਾਓ ਤੇ ਖ਼ੁਸ਼ੀ ਨੂੰ ਕਦੇ ਪੈਸੇ ਨਾਲ ਨਾ ਖ੍ਰੀਦੋ : ਗੁਰਇਕਬਾਲ ਸਿੰਘ
ਕਿਹਾ, ਇਕ ਸਿਰਫ਼ ਪਰਮਾਤਮਾ ਦਾ ਨਾਂਅ ਹੈ, ਸੁਖ ਦੇ ਨਾਲ ਦੁੱਖ ਦਾ ਹੋਣਾ ਲਾਜ਼ਮੀ
'ਜ਼ਿੰਦਗੀ ਬਹੁਤ ਛੋਟੀ ਹੈ, ਇਸ ਨੂੰ ਸਰਲ ਤੇ ਸਾਦਾ ਰਖਣਾ ਚਾਹੀਦੈ'
ਮੋਹਾਲੀ (ਕੋਮਲਜੀਤ ਕੌਰ, ਅਰਪਨ ਕੌਰ): ਕਹਿੰਦੇ ਹਨ ਕਿ ਜੋ ਬੀਜੀਏ ਫੱਲ ਵੀ ਉਸੇ ਮੁਤਾਬਕ ਹੀ ਮਿਲਦਾ ਹੈ। ਗ਼ਮ ਦਾ ਨਤੀਜਾ ਨਿਰਾਸ਼ਾ ਤੇ ਖ਼ੁਸ਼ੀਆਂ ਦਾ ਸਿਲਾ ਹਾਸਿਆਂ ਦੇ ਰੂਪ ਵਿਚ ਮਿਲਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿਚ ਅਸੀਂ ਖਿੜਖਿੜਾ ਕੇ ਹਸਣਾ ਭੁੱਲ ਚੁੱਕੇ ਹਾਂ ਤੇ ਹਰ ਵੇਲੇ ਪ੍ਰੇਸ਼ਾਨੀਆਂ ਨੂੰ ਸਹੇੜੀ ਰੱਖਦੇ ਹਾਂ। ਅਪਣੀਆਂ ਮੁਸ਼ਕਲਾਂ ਤੋਂ ਨਿਜਾਤ ਹਾਸਲ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਹਨ ਨਤੀਜਨ ਹਰ ਕੋਈ ਫੁੱਲਾਂ ਵਾਂਗ ਖਿੜੀ ਜ਼ਿੰਦਗੀ ਮਾਣ ਸਕਦਾ ਹੈ। ਰੋਜ਼ਾਨਾ ਸਪੋਕਸਮੈਨ ਟੀਮ ਵਲੋਂ ਖ਼ੁਸ਼ਨੁਮਾ ਜ਼ਿੰਦਗੀ ਬਤੀਤ ਕਰਨ ਵਾਲੇ ਆਲਮੀ ਪੱਧਰ ਦੇ ਮੋਟੀਵੇਸ਼ਨਲ ਸਪੀਕਰ ਗੁਰਇਕਬਾਲ ਸਿੰਘ ਨਾਲ ਵਿਸ਼ੇਸ਼ ਗਲਬਾਤ ਕੀਤੀ ਗਈ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਤੋਂ ਬਾਹਰ ਕਿਉਂ ਆਉਣਾ ਚਾਹੁੰਦੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ?
ਸਰਲ ਅਤੇ ਸੁਖਾਵੇਂ ਢੰਗ ਨਾਲ ਜ਼ਿੰਦਗੀ ਬਤੀਤ ਕਰਨ ਦੇ ਗੁਰ ਸਾਂਝੇ ਕਰਦਿਆਂ ਗੁਰਇਕਬਾਲ ਸਿੰਘ ਨੇ ਦਸਿਆ ਕਿ ਅੱਜ ਦੇ ਸਮੇਂ ਵਿਚ ਜੇਕਰ ਕੋਈ ਉੱਚੀ ਹਸਦਾ ਹੈ ਤਾਂ ਲੋਕ ਉਸ ਨੂੰ ਗਵਾਰ ਸਮਝਦੇ ਹਨ ਪਰ ਪਹਿਲੇ ਸਮੇਂ ਵਿਚ ਇਸ ਦੇ ਬਿਲਕੁਲ ਉਲਟ ਹੁੰਦਾ ਸੀ, ਲੋਕ ਇਕ ਦੂਜੇ ਨਾਲ ਅਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਦੇ ਸਨ ਅਤੇ ਖ਼ੁਸ਼ਹਾਲ ਜੀਵਨ ਜਿਉਂਦੇ ਸਨ। ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਤੋਂ ਖ਼ੁਸ਼ੀ ਹਾਸਲ ਕੀਤੀ ਜਾ ਸਕਦੀ ਹੈ ਪਰ ਹੁਣ ਲੋਕਾਂ ਵਿਚ ਮਾਨਸਿਕ ਤਣਾਅ ਇੰਨਾ ਵੱਧ ਗਿਆ ਹੈ ਕਿ ਉਹ ਖ਼ੁਸ਼ ਰਹਿਣ ਦੇ ਕਾਰਨਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ।
'ਭੰਡਾ ਭੰਡੋਰੀਆ ਕਿੰਨਾ ਕੁ ਭਰ, ਇਕ ਮੁੱਠ (ਮੁਸ਼ਕਲ) ਚੁੱਕ ਤੇ ਦੂਜੀ ਤਿਆਰ' ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਅਸੀਂ ਖ਼ੁਸ਼ੀਆਂ ਨਹੀਂ ਬੀਜਦੇ ਸਗੋਂ ਉਮੀਦਾਂ ਵੱਧ ਰੱਖਦੇ ਹਾਂ ਅਤੇ ਜਦੋਂ ਉਹ ਉਮੀਦ ਪੂਰੀ ਨਹੀਂ ਹੁੰਦੀ ਤਾਂ ਗ਼ਮਜ਼ਦਾ ਹੋ ਜਾਂਦੇ ਹਾਂ। ਗੁਰਇਕਬਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਅਪਣੇ ਦੋਸਤ ਵਲੋਂ ਕਹੀ ਗੱਲ 'ਜ਼ਿੰਦਗੀ ਬਹੁਤ ਛੋਟੀ ਹੈ, ਇਸ ਨੂੰ ਸਰਲ ਤੇ ਸਾਦਾ ਰਖਣਾ ਚਾਹੀਦੈ' ਹਮੇਸ਼ਾ ਯਾਦ ਰਹਿੰਦੀ ਹੈ ਕਿਉਂਕਿ ਇਸ ਗੱਲ ਨੂੰ ਅਪਨਾ ਕੇ ਗੁਰਇਕਬਾਲ ਸਿੰਘ ਵੀ ਅਪਣੀ ਜ਼ਿੰਦਗੀ ਖ਼ੁਸ਼ੀ ਅਤੇ ਸਕੂਨ ਨਾਲ ਬਿਤਾ ਰਹੇ ਹਨ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਗੁਰਇਕਬਾਲ ਸਿੰਘ ਦਾ ਕਹਿਣਾ ਹੈ ਕਿ ਸ਼ੌਕ ਨੂੰ ਕਦੇ ਵੀ ਸੁਪਨਾ ਨਹੀਂ ਬਣਾਉਣਾ ਚਾਹੀਦਾ ਪਰ ਲੋਕ ਇੱਛਾਵਾਂ ਨੂੰ ਜ਼ਰੂਰਤਾਂ ਸਮਝਣ ਲਗ ਗਏ ਹਨ। ਗੱਲ ਸਿਰਫ਼ ਵੱਡਿਆਂ ਦੀ ਨਹੀਂ ਸਗੋਂ ਵੱਡੀ ਗਿਣਤੀ ਵਿਚ ਬੱਚੇ ਵੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮਾਪੇ ਬੱਚਿਆਂ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਿਸੇ ਚੀਜ਼ ਦਾ ਲਾਲਚ ਦਿੰਦੇ ਹਨ। ਸਮੇਂ ਦੇ ਨਾਲ ਇਹ ਆਦਤ ਬੱਚਿਆਂ ਦਾ ਸੁਭਾਅ ਬਣ ਜਾਂਦੀ ਹੈ ਜੋ ਪ੍ਰੇਸ਼ਾਨੀਆਂ ਦਾ ਸਬੱਬ ਬਣਦੀ ਹੈ। ਇਨ੍ਹਾਂ ਦਾ ਹੱਲ ਇਹੀ ਹੈ ਕਿ ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਜੋ ਉਹ ਆਧੁਨਿਕ ਮਸ਼ੀਨਰੀ ਤੋਂ ਨਹੀਂ ਸਗੋਂ ਅਪਣੇ ਮਾਤਾ-ਪਿਤਾ ਤੋਂ ਜੀਵਨ ਦੀ ਸੇਧ ਲੈ ਸਕਣ।
ਵਿਦੇਸ਼ਾਂ ਵਲ ਜਾਣ ਦੀ ਹੋੜ ਵੀ ਵਿਦਿਆਰਥੀਆਂ ਦੇ ਮਾਨਸਿਕ ਤਣਾਅ ਦਾ ਇਕ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੱਭ ਦਾ ਨਿਜੀ ਫ਼ੈਸਲਾ ਹੈ ਪਰ ਮਾਨਸਿਕ ਤੌਰ 'ਤੇ ਮਜ਼ਬੂਤ ਅਤੇ ਜ਼ਿੰਦਗੀ ਦਾ ਥੋੜਾ ਤਜਰਬਾ ਹਾਸਲ ਕਰਨ ਤੋਂ ਬਾਅਦ ਹੀ ਵਿਦੇਸ਼ 'ਚ ਜਾਣ ਵਰਗੇ ਵੱਡੇ ਫ਼ੈਸਲੇ ਲਏ ਜਾਣੇ ਚਾਹੀਦੇ ਹਨ।
ਗੁਰਬਾਣੀ ਦਾ ਹਵਾਲਾ ਦਿੰਦਿਆਂ ਗੁਰਇਕਬਾਲ ਸਿੰਘ ਨੇ ਕਿਹਾ ਕਿ ਇਕ ਸਿਰਫ਼ ਪਰਮਾਤਮਾ ਦਾ ਨਾਂਅ ਹੈ ਬਾਕੀ ਸੱਭ ਜੋੜੇ ਦੇ ਰੂਪ ਵਿਚ ਹੁੰਦਾ ਹੈ। ਮਸਲਨ, ਜੇਕਰ ਦੁੱਖ ਨਹੀਂ ਹੋਵੇਗਾ ਤਾਂ ਸੁਖ ਦਾ ਅਸਲ ਆਨੰਦ ਨਹੀਂ ਆਵੇਗਾ। ਜੇਕਰ ਅਸੀਂ ਜੋ ਵੀ ਹੋ ਰਿਹਾ ਹੈ ਉਸ ਨੂੰ ਸਵੀਕਾਰ ਕਰਨਾ ਸਿੱਖ ਲਈਏ ਤਾਂ ਕਾਫ਼ੀ ਹੱਦ ਤਕ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਕਰਦੇ ਸਮੇਂ ਇਕਾਗਰਚਿਤ ਹੋਣਾ ਜ਼ਰੂਰੀ ਹੈ ਕਿਉਂਕਿ ਇਕ ਕੰਮ ਕਰਦੇ ਸਮੇਂ ਜਦੋਂ ਧਿਆਨ ਭਟਕ ਜਾਂਦਾ ਹੈ ਤਾਂ ਉਸ ਦਾ ਨਤੀਜਾ ਉਮੀਦ ਅਨੁਸਾਰ ਨਹੀਂ ਆਉਂਦਾ ਅਤੇ ਸਾਡੇ ਦੁੱਖ ਦਾ ਕਾਰਨ ਬਣ ਜਾਂਦਾ ਹੈ।
ਗੁਰਇਕਬਾਲ ਸਿੰਘ ਦਾ ਕਹਿਣਾ ਹੈ ਕਿ ਖ਼ੁਦ 'ਤੇ ਯਕੀਨ ਰੱਖ ਕੇ ਮਿਹਨਤ ਕਰੋ ਅਤੇ ਜੋ ਵੀ ਨਤੀਜਾ ਆਉਂਦਾ ਹੈ ਉਸ ਨੂੰ ਸਵੀਕਾਰ ਕਰਨਾ ਸਿੱਖੋ। ਖ਼ੁਦ ਨਾਲ ਪਿਆਰ ਕਰੋ ਅਤੇ ਕੁਦਰਤ ਦੇ ਨੇੜੇ ਰਹਿ ਕੇ ਜ਼ਿੰਦਗੀ ਦਾ ਹਰ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ।