ਦਰਬਾਰ ਸਾਹਿਬ ਤੋਂ ਬਾਹਰ ਕਿਉਂ ਆਉਣਾ ਚਾਹੁੰਦੇ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ?

By : KOMALJEET

Published : Jun 11, 2023, 1:29 pm IST
Updated : Jun 11, 2023, 1:29 pm IST
SHARE ARTICLE
Beant Singh
Beant Singh

ਜਰਨਲ ਸੁਬੇਗ ਸਿੰਘ ਦੇ ਭਰਾ ਨੇ ਦਸੀਆਂ ਸਾਕਾ ਨੀਲਾ ਤਾਰਾ ਬਾਰੇ ਕੁੱਝ ਅਣਸੁਣੀਆਂ ਗੱਲਾਂ  


1947 ਤੋਂ ਲੈ ਕੇ ਅੱਜ ਤਕ ਕੇਂਦਰ ਕਦੇ ਵੀ ਸਾਡਾ ਵਫ਼ਾਦਰਾਰ ਨਹੀਂ ਰਿਹਾ: ਬੇਅੰਤ ਸਿੰਘ 
ਕਿਹਾ, ਬਹੁਤ ਅਫ਼ਸੋਸ ਹੈ ਕਿ ਸੰਤਾਂ ਦੀ ਸੋਚ ਵਾਲਾ ਕੋਈ ਆਗੂ ਨਹੀਂ ਦਿਖਾਈ ਦੇ ਰਿਹਾ 
"ਪੰਜਾਬ ਦੇ ਆਗੂ ਤਾਂ ਦਿਮਾਗ਼ 'ਚੋਂ ਗੱਲ ਕੱਢ ਦੇਣ ਕਿ ਸੰਤ ਭੱਜਣ ਵਾਲੇ ਸਨ"
ਇੰਦਰਾ ਗਾਂਧੀ ਦੇ ਨਾਲ-ਨਾਲ ਬਾਦਲ, ਟੌਹੜਾ ਤੇ ਇਨ੍ਹਾਂ ਦੇ ਐਸ.ਜੀ.ਪੀ.ਸੀ. ਸਾਥੀ ਜ਼ਿੰਮੇਵਾਰ ਹਨ ਕਿਉਂਕਿ ਜੋ ਵੀ ਹੋਇਆ ਇਨ੍ਹਾਂ ਦੀ ਮਿਲੀਭੁਗਤ ਨਾਲ ਹੀ ਹੋਇਆ : ਬੇਅੰਤ ਸਿੰਘ 

ਮੋਹਾਲੀ (ਕੋਮਲਜੀਤ ਕੌਰ, ਕਮਲਜੀਤ ਕੌਰ, ਸੁਰਖ਼ਾਬ ਚੰਨ) : ਸਾਕਾ ਨੀਲਾ ਤਾਰਾ ਮੌਕੇ ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜ ਨੇ ਹਮਲਾ ਕੀਤਾ ਤਾਂ ਜਨਰਲ ਸੁਬੇਗ ਸਿੰਘ ਨੇ ਮੋਰਚਾ ਸੰਭਾਲਿਆ। ਜੇਕਰ ਜਨਰਲ ਕੁਲਦੀਪ ਸਿੰਘ ਦੀਆਂ ਗੱਲਾਂ 'ਤੇ ਯਕੀਨ ਕੀਤਾ ਜਾਵੇ ਤਾਂ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਸੀ ਕਿ 600 ਸਿੰਘ ਅਤੇ ਕਰੀਬ 300 ਫ਼ੌਜੀ ਜਵਾਨ ਮਾਰੇ ਗਏ ਸਨ। ਪਰ ਇਸ ਪੂਰੇ ਮਸਲੇ ਵਿਚ ਕਿੰਨੀ ਕੁ ਸੱਚਾਈ ਹੈ ਅਤੇ ਉਸ ਤੋਂ ਬਾਅਦ ਜਨਰਲ ਸੁਬੇਗ ਸਿੰਘ ਦੇ ਪ੍ਰਵਾਰ ਨਾਲ ਕੀ-ਕੀ ਹੋਇਆ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਰੋਜ਼ਾਨਾ ਸਪੋਕਸਮੈਨ ਵਲੋਂ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨਾਲ ਗਲਬਾਤ ਕੀਤੀ ਗਈ।

ਸਵਾਲ : ਸਾਕਾ ਨੀਲਾ ਤਾਰਾ ਤੋਂ ਬਾਅਦ ਤੁਹਾਡੇ ਪ੍ਰਵਾਰ ਨੇ ਅਪਣਾ ਬਚਾਅ ਕਿਵੇਂ ਕੀਤਾ? 
ਜਵਾਬ :
ਉਸ ਸਮੇਂ ਮੇਰੇ ਮਾਤਾ ਜੀ, ਭਾਬੀ, ਪਤਨੀ ਅਤੇ ਬੇਟਾ ਇਥੇ ਸਨ। ਉਨ੍ਹਾਂ ਨੂੰ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਸਾਹਬ ਨੇ ਭੇਜ ਦਿਤਾ ਸੀ। ਜਦੋਂ ਇਹ ਭਾਣਾ ਵਾਪਰਿਆ ਤਾਂ ਉਸ ਸਮੇਂ ਮੇਰੀ ਨੌਕਰੀ ਉਤਰਾਖੰਡ 'ਚ ਸੀ। ਹਾਲਾਤ ਅਜਿਹੇ ਹੋ ਗਏ ਸਨ ਕਿ ਯਾਰਾਂ-ਦੋਸਤਾਂ ਕੋਲ ਰਹਿਣਾ ਪੈਂਦਾ ਸੀ ਕਿਉਂਕਿ ਘਰ ਰਹਿ ਨਹੀਂ ਸਕਦੇ ਸੀ ਅਤੇ ਰਿਸ਼ਤੇਦਾਰ ਰੱਖਦੇ ਨਹੀਂ ਸਨ। ਉਦੋਂ ਦੀ ਵਾਹੀ ਛੁੱਟੀ ਫਿਰ ਮੁੜ ਕੇ ਨਹੀਂ ਕੀਤੀ। ਬੱਚਿਆਂ ਨੂੰ ਵੀ ਹਾਸਟਲ ਵਿਚ ਪੜ੍ਹਾਇਆ ਅਤੇ ਘਰਦਿਆਂ ਨੇ ਕਦੇ ਪੇਕੇ ਘਰ ਅਤੇ ਕਦੇ ਇਥੇ ਰਹਿ ਕੇ ਸਮਾਂ ਲੰਘਾਇਆ। ਉਹ ਵਕਤ ਸਿਰਫ਼ ਸਾਡੇ ਲਈ ਹੀ ਨਹੀਂ ਸਗੋਂ ਹਰ ਉਸ ਪ੍ਰਵਾਰ ਲਈ ਭਿਆਨਕ ਸਾਬਤ ਹੋਇਆ ਜੋ ਸੰਤ ਨਾਲ ਜੁੜਿਆ ਸੀ ਜਾਂ ਜਿਸ ਦੀ ਸਾਕਾ ਨੀਲਾ ਤਾਰਾ ਵਿਚ ਸ਼ਮੂਲੀਅਤ ਸੀ।

ਸਵਾਲ : ਜਨਰਲ ਸੁਬੇਗ ਸਿੰਘ ਨੇ ਉਸ ਮੋਰਚੇ ਦੀ ਅਗਵਾਈ ਕੀਤੀ ਸੀ। ਕੀ ਕਦੇ ਉਸ ਦੀ ਵਿਉਂਤਬੰਦੀ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ ?
ਜਵਾਬ :
ਨਹੀਂ, ਫ਼ੌਜੀ ਅਫ਼ਸਰ ਅਪਣੇ ਮੋਰਚਿਆਂ ਦੀ ਵਿਉਂਤਬੰਦੀ ਬਾਰੇ ਕੋਈ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਦੇ ਤੇ ਨਾ ਹੀ ਭਾਈ ਸਾਹਬ ਨੇ ਕੀਤੀ ਸੀ ਕਿਉਂਕਿ ਇਸ ਨਾਲ ਮੁਹਿੰਮ ਦੀ ਸਫ਼ਲਤਾ 'ਤੇ ਅਸਰ ਪੈ ਸਕਦਾ ਹੈ। ਹੋ ਸਕਦਾ ਹੈ ਕਿ ਉਨ੍ਹਾਂ ਨੇ ਸੰਤ ਨਾਲ ਜਾਂ ਕਦੇ ਮਾਤਾ ਜੀ ਨਾਲ ਇਸ ਬਾਰੇ ਕੋਈ ਗੱਲ ਕੀਤੀ ਹੋਵੇ। ਮਾਤਾ ਜੀ ਬਹੁਤ ਹਿੰਮਤ ਵਾਲੇ ਸਨ ਅਤੇ ਭਾਈ ਸਾਹਬ ਨਾਲ ਮੋਰਚਿਆਂ 'ਚ ਸਾਥ ਦਿੰਦੇ ਸਨ ਅਤੇ ਕਈ ਮੋਰਚਿਆਂ 'ਚ ਉਨ੍ਹਾਂ ਦੇ ਨਾਲ ਵੀ ਰਹੇ। ਭਾਈ ਸਾਹਬ ਸੰਤਾਂ ਦੀ ਕਹਿਣੀ 'ਤੇ ਅਮਲ ਕਰਦੇ ਕਿਉਂਕਿ ਉਹ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੁੰਦੇ ਸਨ। ਸਾਡੇ ਲੀਡਰ 1947 ਤੋਂ ਬਾਅਦ ਅੱਜ ਤਕ ਨਾ ਹੀ ਹੱਕਾਂ ਲਈ ਲੜੇ ਅਤੇ ਨਾ ਹੀ ਕੁੱਝ ਕੀਤਾ ਪਰ ਉਸ ਵੇਲੇ ਇਸ ਜਥੇਬੰਦੀ 'ਤੇ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਹੋਈ ਕਿ ਜੋਸ਼ ਅਤੇ ਹੋਸ਼ ਵਿਚ ਰਹਿ ਕੇ ਮੋਰਚੇ ਦੀ ਅਗਵਾਈ ਕੀਤੀ।
ਪੰਜਾਬ ਦੇ ਸਿੱਖ ਸਿਆਸੀ ਲੀਡਰਾਂ ਨੂੰ ਇਹ ਡਰ ਸੀ ਕਿ ਸੰਤ ਅੱਗੇ ਨਾ ਆ ਜਾਣ ਕਿਉਂਕਿ ਉਨ੍ਹਾਂ ਦੀ ਅਗਵਾਈ ਵਿਚ ਇਥੇ ਫ਼ੈਸਲ ਹੋਣ ਲਗ ਪਏ ਸਨ। ਉਨ੍ਹਾਂ ਨੂੰ ਐਸ.ਜੀ.ਪੀ.ਸੀ ਅਤੇ ਪੰਜਾਬ ਦਾ ਰਾਜ-ਭਾਗ ਖੁਸਦਾ ਨਜ਼ਰ ਆ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਕੰਨ ਭਰੇ। 1947 ਤੋਂ ਲੈ ਕੇ ਕੇਂਦਰ ਕਦੇ ਵੀ ਸਾਡਾ ਵਫ਼ਾਦਰਾਰ ਨਹੀਂ ਰਿਹਾ ਅਤੇ ਉਨ੍ਹਾਂ ਦੇ ਮਨਾਂ ਵਿਚੋਂ ਸਾਡੀ ਬਰਖ਼ਿਲਾਫ਼ੀ ਦਾ ਜ਼ਹਿਰ ਕਦੇ ਨਹੀਂ ਨਿਕਲਿਆ। ਕੇਂਦਰ ਸਰਕਰ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦੀ ਇਸ ਕਾਰਵਾਈ ਦਾ ਨਤੀਜਾ ਕੀ ਹੋਵੇਗਾ ਪਰ ਕੇਂਦਰ ਦੇ ਇਸ ਕਦਮ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ, ਧੀਆਂ ਭੈਣਾਂ ਦੀ ਬੇਪਤੀ ਅਤੇ ਵੱਡਾ ਕਤਲੇਆਮ ਹੋਇਆ।

ਸਵਾਲ : ਤੁਹਾਡੇ ਅਨੁਸਾਰ ਫ਼ੌਜ ਨੂੰ ਇੰਨੇ ਵੱਡੇ ਨੁਕਸਾਨ ਦਾ ਇਲਮ ਨਹੀਂ ਸੀ ਪਰ ਕੇ.ਐਸ. ਬਰਾੜ ਦੇ ਬਿਆਨ ਮੁਤਾਬਕ ਇਸ ਅਪ੍ਰੇਸ਼ਨ ਦੌਰਾਨ 600 ਸਿੰਘ ਅਤੇ ਕਰੀਬ 300 ਫ਼ੌਜੀ ਜਵਾਨ ਮਾਰੇ ਗਏ ਸਨ?
ਜਵਾਬ :
ਝੂਠ ਦਾ ਕੋਈ ਅਧਾਰ ਨਹੀਂ ਹੁੰਦਾ। ਤੋਪਾਂ-ਟੈਂਕਾਂ ਦੀ ਲੜਾਈ ਵਿਚ ਮਰਨ ਵਾਲੀ ਦੀ ਗਿਣਤੀ ਮਹਿਜ਼ 600 ਹੋਵੇਗੀ? ਕੋਈ ਵੀ ਸਰਕਾਰ ਅਪਣੀ ਬੇਇੱਜ਼ਤੀ ਦੇ ਡਰੋਂ ਸਹੀ ਅੰਕੜੇ ਨਹੀਂ ਦਸਦੀ। ਇਸ ਤੋਂ ਇਲਾਵਾ ਉਸ ਮੌਕੇ ਸੰਤਾਂ ਦੇ ਨਾਲ ਤਾਂ ਸਿਰਫ਼ 100-150 ਨੌਜਵਾਨ ਹੀ ਸਨ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਬੰਧੀ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਤਕ ਹੋਣ ਆਈਆਂ ਸਨ। ਜਿਨ੍ਹਾਂ ਨਾਲ ਲੜਾਈ ਸੀ ਉਨ੍ਹਾਂ ਨਾਲ ਕਰ ਲੈਂਦੇ ਤੇ ਬਾਹਰੋਂ ਆਈ ਸੰਗਤ ਨੂੰ ਕਿਸੇ ਵਿਉਂਤਬੰਦੀ ਨਾਲ ਉਥੋਂ ਕਢਿਆ ਜਾ ਸਕਦਾ ਸੀ ਪਰ ਸਰਕਾਰ ਨੇ ਇਹ ਸਾਬਤ ਕੀਤਾ ਕਿ ਉਹ ਕਿੰਨੀ ਜ਼ਾਲਮ ਹੈ। ਕਾਰਵਾਈ ਭਾਵੇਂ ਕੇਂਦਰ ਨੇ ਕੀਤੀ ਸੀ ਪਰ ਇਹ ਸਭ ਆਪਣਿਆਂ ਨੇ ਹੀ ਕਰਵਾਇਆ ਸੀ। ਮੇਰੇ ਅਨੁਸਾਰ ਜਨਰਲ ਕੁਲਦੀਪ ਬਰਾੜ ਨੇ ਇਹ ਹਮਲੇ ਵਾਲਾ ਕੰਮ ਕਰਨਾ ਹੀ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਖ਼ੁਦ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਜਦੋਂ ਵੀ ਕਿਸੇ ਮੁਹਿੰਮ 'ਤੇ ਜਾਂਦੇ ਤਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਜਾਂਦੇ ਸਨ। ਜੇਕਰ ਕਿਸੇ ਹੋਰ ਮੁਲਕ ਵਿਚ ਅਜਿਹਾ ਹੁੰਦਾ ਤਾਂ ਉਨ੍ਹਾਂ ਨੇ ਜਨਤਾ ਉਪਰ ਅਜਿਹੀ ਕਾਰਵਾਈ ਨਹੀਂ ਕਰਨੀ ਸੀ। ਇਹ ਸਿਰਫ਼ ਮੂਰਖ ਜਰਨੈਲਾਂ ਦਾ ਕੰਮ ਸੀ ਜਿਨ੍ਹਾਂ ਨੇ ਬਗ਼ੈਰ ਕੁੱਝ ਸੋਚੇ ਸਮਝੇ ਬੇਕਸੂਰਾਂ 'ਤੇ ਗੋਲੀਬਾਰੀ ਕੀਤੀ।

ਸਵਾਲ : ਜਨਰਲ ਕੁਲਦੀਪ ਬਰਾੜ ਤਾਂ ਕਹਿੰਦੇ ਹਨ ਕਿ ਉਨ੍ਹਾਂ 'ਤੇ ਇਸ ਮੁਹਿੰਮ ਨੂੰ ਜਲਦ ਖਤਮ ਕਰਨ ਦਾ ਦਬਾਅ ਸੀ।
ਜਵਾਬ :
ਇੰਦਰ ਗਾਂਧੀ ਨੇ ਜਦੋਂ ਬੰਗਲਾਦੇਸ਼ ਬਣਾਉਣਾ ਸੀ ਤਾਂ ਫ਼ੌਜ ਮੁਖੀ ਮਾਣਕਸ਼ਾਅ ਨੂੰ ਸੱਦ ਕੇ ਹੁਕਮ ਦਿਤਾ ਸੀ ਜਿਸ ਨੂੰ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਦਿਤਾ ਸੀ ਪਰ ਇਹ ਝੋਲੀ ਚੁੱਕ ਜਰਨੈਲ ਜੀ-ਹਜ਼ੂਰੀ ਕਰਨ ਵਾਲੇ ਸਨ। ਮਾਣਕਸ਼ਾਅ ਸੂਝਵਾਨ ਜਰਨੈਲ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਵਿਉਂਤਬੰਦੀ ਕਰ ਕੇ ਕੋਈ ਕਦਮ ਚੁੱਕਾਂਗਾ ਤੇ ਮੋਰਚਾ ਫ਼ਤਹਿ ਕਰਾਂਗਾ ਪਰ ਇਨ੍ਹਾਂ ਵਾਂਗ ਫੀਤੀਆਂ ਲਗਵਾਉਣ ਤੇ ਬੱਲੇ-ਬੱਲੇ ਖੱਟਣ ਵਾਲੇ ਨਹੀਂ ਸਨ। ਉਨ੍ਹਾਂ ਨੇ ਅਪਣੀ ਸਮਝ ਨਾਲ ਘੱਟ ਨੁਕਸਾਨ 'ਚ ਇਕ ਦੇਸ਼ ਬਣਾ ਕੇ ਦਿਤਾ ਪਰ ਇਨ੍ਹਾਂ ਨੇ ਸਿਰਫ਼ ਹੈਂਕੜਬਾਜ਼ੀ ਵਿਚ ਆ ਕੇ ਬੇਕਸੂਰੇ ਲੋਕਾਂ 'ਤੇ ਟੈਂਕਾਂ ਨਾਲ ਧਾਵਾ ਬੋਲ ਦਿਤਾ।

ਸਵਾਲ : ਉਨ੍ਹਾਂ ਅਨੁਸਾਰ ਹਦਾਇਤਾਂ ਸਨ ਕਿ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਹਨ ਕਿ ਅਸੀਂ ਜੋ ਵੀ ਕੀਤਾ ਬਚਾਅ ਕੇ ਹੀ ਕੀਤਾ।
ਜਵਾਬ :
ਦਰਬਾਰ ਸਾਹਿਬ 'ਚ ਇਨ੍ਹਾਂ ਨੇ ਰਹਿਣ ਵੀ ਕੀ ਦਿਤਾ? ਤੋਸ਼ਾਖਾਨਾ ਤੇ ਲਾਇਬ੍ਰੇਰੀ ਵੀ ਲੈ ਗਏ। ਜੇਕਰ ਤਤਕਾਲੀ ਪੰਜਾਬ ਸਰਕਾਰ ਹੱਕ 'ਤੇ ਹੁੰਦੀ ਤਾਂ ਉਹ ਇਸ ਦਾ ਵਿਰੋਧ ਕਰਦੀ। ਇਸ ਤੋਂ ਵੀ ਅੱਗੇ ਜੇਕਰ ਉਹ ਲਿਖ਼ਤੀ ਰੂਪ ਵਿਚ ਲੈ ਕੇ ਗਏ ਸਨ ਤਾਂ ਸਰਕਾਰ ਦੀ ਕੋਸ਼ਿਸ਼ ਸਦਕਾ ਲਿਖ਼ਤੀ ਰੂਪ ਵਿਚ ਵਾਪਸ ਵੀ ਆ ਸਕਦਾ ਸੀ ਪਰ ਅੱਜ ਤਕ ਉਹ ਸਭ ਵਾਪਸ ਨਹੀਂ ਮਿਲਿਆ ਜੋ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਜੋ ਵੀ ਹੋਇਆ ਉਹ ਸਮੇਂ ਦੀ ਸਰਕਾਰ ਨੇ ਹੀ ਕਰਵਾਇਆ ਸੀ। ਇਸ ਕਾਰਵਾਈ ਲਈ ਇੰਦਰਾ ਗਾਂਧੀ ਦੂਜੇ ਦੂਜੇ ਨੰਬਰ 'ਤੇ ਹੈ ਪਹਿਲੇ ਨੰਬਰ 'ਤੇ ਪੰਜਾਬ ਦੀ ਤਤਕਾਲੀ ਸਰਕਾਰ, ਅਕਾਲੀ ਦਲ ਦੇ ਨੁਮਾਇੰਦੇ ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ, ਗੁਰਚਨ ਸਿੰਘ ਟੌਹੜਾ ਜਾਂ ਇਨ੍ਹਾਂ ਦੇ ਨਾਲ ਦੇ ਹੋਰ ਐਸ.ਜੀ.ਪੀ.ਸੀ. ਦੇ ਸਾਥੀ ਹੀ ਮੁੱਖ ਜ਼ਿੰਮੇਵਾਰ ਹਨ ਕਿਉਂਕਿ ਇਹ ਸੱਭ ਇਨ੍ਹਾਂ ਦੀ ਮਿਲੀਭੁਗਤ ਨਾਲ ਹੀ ਹੋਇਆ ਹੈ। ਐਸ.ਜੀ.ਪੀ.ਸੀ. ਤਾਂ 328 ਸਰੂਪਾਂ ਦਾ ਹਿਸਾਬ ਨਹੀਂ ਦੇ ਰਹੀ ਫਿਰ ਉਸ ਕਾਰਵਾਈ ਦਾ ਕੀ ਹਿਸਾਬ ਦੇਵੇਗੀ।

ਸਵਾਲ : ਕੀ ਕਦੇ ਜਨਰਲ ਸੁਬੇਗ ਸਿੰਘ ਨੇ ਤੁਹਾਡੇ ਨਾਲ ਜਾਂ ਸੰਤਾਂ ਨਾਲ ਵੱਖਰਾ ਦੇਸ਼ ਬਣਾਉਣ ਬਾਰੇ ਜ਼ਿਕਰ ਕੀਤਾ?
ਜਵਾਬ :
ਨਹੀਂ, ਇਹ ਸਰਾਸਰ ਝੂਠ ਹੈ। ਉਹ ਸਿਰਫ਼ ਪੰਜਾਬ ਦੇ ਪਾਣੀਆਂ, ਬਿਜਲੀ ਤੇ ਪੰਜਾਬੀ ਬੋਲਦੇ ਇਲਾਕਿਆਂ ਸਮੇਤ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਖ਼ਾਲਿਸਤਾਨ ਜਾਂ ਵੱਖਰਾ ਮੁਲਕ ਬਣਾਉਣ ਬਾਰੇ ਮੰਗ ਨਹੀਂ ਕੀਤੀ ਸਗੋਂ ਇਹ ਕਹਿੰਦੇ ਸਨ ਕਿ ਜੇਕਰ ਦੇਣਗੇ ਤਾਂ ਲੈ ਲਵਾਂਗੇ।

ਸਵਾਲ : ਜਿਸ ਚੀਜ਼ ਨੂੰ ਅੱਜ ਇੰਨਾ ਵੱਡਾ ਬਣਾ ਕੇ ਕਿਹਾ ਜਾ ਰਿਹਾ ਕਿ ਇਸ ਦਾ ਨੀਂਹ ਪੱਥਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਰਖਿਆ, ਉਸ ਬਾਰੇ ਕੀ ਕਹਿਣਾ ਹੈ?
ਜਵਾਬ :
ਨੀਂਹ ਤਾਂ ਆਪੇ ਹੀ ਰੱਖੀ ਗਈ ਕਿਉਂਕਿ ਸਾਨੂੰ ਸਾਡੇ ਹੱਕ ਦਿਤੇ ਹੀ ਨਹੀਂ ਜਾ ਰਹੇ। ਵਿਦੇਸ਼ਾਂ ਵਿਚ ਰਹਿਣ ਵਾਲੇ ਆਜ਼ਾਦ ਹਨ ਤੇ ਅਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹਨ ਪਰ ਇਥੇ ਅਜਿਹਾ ਨਹੀਂ ਹੈ। ਬੰਦੀ ਸਿੰਘ ਰਿਹਾਅ ਕਿਉਂ ਨਹੀਂ ਹੋ ਸਕਦੇ ਕਿਉਂਕਿ ਮੇਰੇ ਅਨੁਸਾਰ ਪੰਜਾਬ 'ਤੇ ਹਿੰਦੂ ਰਾਸ਼ਟਰ ਦਾ ਰਾਜ ਹੈ। ਖ਼ੁਦਮੁਖ਼ਤਿਆਰੀ ਦੀ ਗੱਲ ਕਰਨ ਵਾਲਿਆਂ ਨੂੰ ਇਨ੍ਹਾਂ ਰਗੜ ਕੇ ਰੱਖਣਾ ਹੈ। ਹਿੰਦੂ ਰਾਸ਼ਟਰ ਦੀ ਇਹ ਸੋਚ ਹੈ ਕਿ ਪੰਜਾਬ ਨੂੰ ਉੱਠਣ ਨਹੀਂ ਦੇਣਾ।

ਸਵਾਲ : ਜਨਰਲ ਸੁਬੇਗ ਸਿੰਘ ਤੇ ਸੰਤਾਂ ਨਾਲ ਤੁਹਾਡੀ ਆਖ਼ਰੀ ਮੁਲਾਕਾਤ ਕਦੋਂ ਹੋਈ?
ਜਵਾਬ :
ਸੰਤਾਂ ਨਾਲ ਮੁਲਾਕਾਤ ਦੋ-ਤਿੰਨ ਮਹੀਨੇ ਪਹਿਲਾਂ ਹੋਈ ਸੀ ਤੇ ਭਾਈ ਸਾਹਬ ਨੂੰ ਲੜਕੇ ਦੀ ਦਸਤਾਰਬੰਦੀ ਮੌਕੇ ਕਰੀਬ 20 ਕੁ ਦਿਨ ਪਹਿਲਾਂ ਹੀ ਮਿਲਿਆ ਸੀ। ਉਸ ਮੌਕੇ ਸਥਿਤੀ ਸਪਸ਼ਟ ਨਹੀਂ ਸੀ ਪਰ ਇਹ ਭਿਣਕ ਜ਼ਰੂਰ ਸੀ ਕਿ ਅੰਦਰ-ਖਾਤੇ ਕੁੱਝ ਹੋ ਰਿਹਾ ਹੈ।

ਸਵਾਲ : ਕੀ ਸੰਤ ਜਰਨੈਲ ਸਿੰਘ ਦਾ ਕਦੇ ਇਹ ਰਵਈਆ ਰਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਚਲੇ ਜਾਂਦੇ ਹਾਂ? ਤੁਹਾਡਾ ਇਕ ਬਿਆਨ ਵਾਇਰਲ ਹੋਇਆ ਸੀ ਜਿਸ 'ਤੇ ਕਾਫੀ ਸਿਆਸਤ ਹੋਈ, ਉਸ ਦੀ ਅਸਲੀਅਤ ਕੀ ਹੈ?
ਜਵਾਬ :
ਸੰਤ ਚਾਹੁੰਦੇ ਸਨ ਕਿ ਉਨ੍ਹਾਂ ਦੀ ਵਜ੍ਹਾ ਕਾਰਨ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਨਾ ਹੋਵੇ। ਇਹ ਗੱਲ ਉਹ ਹਮੇਸ਼ਾ ਹੀ ਕਹਿੰਦੇ ਹੁੰਦੇ ਸਨ।

ਸਵਾਲ- ਮੌਕੇ 'ਤੇ ਸਿਆਸਦਾਨਾਂ ਨਾਲ ਗੱਲਬਾਤ ਹੁੰਦੀ ਰਹੀ?
ਜਵਾਬ-
ਉਨ੍ਹਾਂ ਦਿਨਾਂ 'ਚ ਮੀਟਿੰਗਾਂ ਚਲਦੀਆਂ ਰਹੀਆਂ, ਟੌਹੜਾ ਸਾਹਿਬ, ਬਾਦਲ ਸਾਹਿਬ, ਲੌਂਗੋਵਾਲ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ, ਕੋਈ ਪੱਕੀ ਜਗ੍ਹਾ ਨਹੀਂ ਸੀ। ਸੰਤਾਂ ਨੂੰ ਜਾਨ ਵਾਰਨ ਦਾ ਕੋਈ ਭੈਅ ਨਹੀਂ ਸੀ ਤੇ ਨਾ ਹੀ ਉਨ੍ਹਾਂ ਨਾਲ ਤੁਰੇ ਸਿੰਘਾਂ ਨੂੰ ਡਰ ਸੀ ਸਗੋਂ ਸਿੰਘ ਉਨ੍ਹਾਂ ਤੋਂ ਪਹਿਲਾਂ ਜਾਨ ਵਾਰਨ ਨੂੰ ਤਿਆਰ ਸਨ ਤੇ ਉਹ ਸਿੰਘ ਜਾਨ ਵਾਰ ਕੇ ਵੀ ਗਏ। ਕੁੱਝ ਲੋਕ ਧੋਖਾ ਦੇਣ ਵਾਲੇ ਸਨ, ਉਹ ਧੋਖਾ ਦੇ ਕੇ ਵੀ ਗਏ।

ਸਵਾਲ- ਉਸੇ ਧੋਖਾ ਨੇ ਸਿਆਸਤ ਦਾ ਅਖਾੜਾ ਭਖਾਇਆ ਕਿ ਸੰਤ ਜਰਨੈਲ ਸਿੰਘ ਮੈਦਾਨ ਛੱਡਣਾ ਚਾਹੁੰਦੇ ਸਨ?
ਜਵਾਬ-
ਬਿਲਕੁਲ ਵੀ ਨਹੀਂ, ਸੰਤ ਤੇ ਭਾਜੀ ਪਿਛੇ ਹਟਣ ਵਾਲੇ ਨਹੀਂ ਸਨ। ਭਾਜੀ ਫ਼ੌਜ 'ਚ ਸਨ ਤੇ ਫ਼ੌਜੀ ਜਰਨੈਲ ਸਰੰਡਰ ਨਹੀਂ ਕਰਦੇ। ਉਨ੍ਹਾਂ ਅੰਦਰ ਸੱਚ ਸੀ, ਉਹ ਨੂੰ ਰਾਜ-ਭਾਗ ਨਾਲ ਕੋਈ ਵਾਸਤਾ ਨਹੀਂ ਸੀ। ਉਹ ਅਖੀਰ ਤਕ ਪੰਜਾਬ ਦੇ ਹੱਕ ਲਈ ਲੜਦੇ ਰਹੇ।

ਸਵਾਲ- ਉਹ ਕਿਹੜੀ ਕੜੀ ਹੈ ਜੋ ਅਜੇ ਤੱਕ ਬਾਹਰ ਨਹੀਂ ਆਈ ਤੇ ਸੰਤਾਂ ਨੂੰ ਮਜਬੂਰ ਕਰ ਦਿਤਾ ਕਿ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਜਾਣਾ ਇਥੇ ਹਮਲਾ ਹੋਣਾ ਹੀ ਹੈ।
ਜਵਾਬ-
ਸੰਤਾਂ ਨੂੰ ਰਾਜ-ਭਾਗ ਦਾ ਕੋਈ ਲਾਲਚ ਨਹੀਂ ਸੀ, ਲੋਕ ਸੰਤਾਂ ਦੀ ਸੱਚਾਈ ਤੇ ਭਗਤੀ ਨਾਲ ਜੁੜੇ ਸਨ। ਜਨਰਲ ਸਾਹਿਬ ਨੂੰ ਵੀ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਸੀ। ਭਾਈ ਜੀ ਆਪ ਜਰਨੈਲ ਹੁੰਦਿਆਂ ਵੀ ਸੰਤਾਂ ਨੂੰ ਜਰਨੈਲ ਮੰਨਿਆ। ਸੰਤਾਂ ਦੀ ਭਗਤੀ ਨੂੰ ਅੱਗੇ ਮੱਥਾ ਟੇਕਦੇ ਸਨ। ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਸਨ। ਪੰਜਾਬ ਦੇ ਲੀਡਰ ਤਾਂ ਦਿਮਾਗ਼ 'ਚੋਂ ਗੱਲ ਕੱਢ ਦੇਣ ਕਿ ਸੰਤ ਭੱਜਣ ਵਾਲੇ ਸਨ। ਭਾਈ ਸਾਬ੍ਹ ਨੇ ਗੁਰੂ ਦੀ ਬੇਅਦਬੀ, ਪੰਥ ਤੇ ਪੰਜਾਬ ਲਈ ਕੁਰਬਾਨੀ ਦਿਤੀ। ਮੇਰੇ ਭਰਾ ਕਰਕੇ ਅੱਜ ਸਾਡੀ ਇੱਜ਼ਤ ਹੈ।

ਸਵਾਲ- ਜਦੋਂ ਤੁਸੀਂ ਜਨਰਲ ਸਾਬ੍ਹ ਨੂੰ ਮਿਲਦੇ ਸੀ ਤਾਂ ਉਦੋਂ ਮੌਜੂਦ ਪੰਜਾਬ ਦਾ ਕਿਹੜਾ ਲੀਡਰ ਉਨ੍ਹਾਂ ਦੇ ਨੇੜੇ ਘੁੰਮਦਾ ਨਜ਼ਰ ਆਉਂਦਾ ਸੀ।

ਜਵਾਬ: ਮੈਂ ਉਹਨਾਂ ਕੋਲ ਬਹੁਤ ਘੱਟ ਗਿਆ। ਕਈ ਲੀਡਰ ਘੁੰਮਦੇ ਹੁੰਦੇ ਸੀ ਪਰ ਸੰਤ ਕਦੇ ਉਨ੍ਹਾਂ ਕੋਲ ਖ਼ੁਦ ਨਹੀਂ ਗਏ। ਅਕਾਲ ਤਖ਼ਤ ਸਾਹਿਬ ’ਤੇ ਵੀ ਇਹੀ ਗੱਲ ਹੋਈ, ਸੰਤਾਂ ਨੇ 20 ਦਿਨ ਪਹਿਲਾਂ ਹੀ ਕਿਹਾ ਸੀ ਕਿ ਟੌਹੜਾ ਸਾਹਿਬ, ਹਰਿਮੰਦਰ ਸਾਹਿਬ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਅਸੀਂ ਛੱਡ ਜਾਂਦੇ ਹਾਂ, ਸਰਕਾਰ ਸਾਡੇ ਨਾਲ ਜੋ ਮਰਜ਼ੀ ਕਰੇ, ਸਾਨੂੰ ਡਰ ਨਹੀਂ। ਭਾਜੀ ਨੇ ਕਿਹਾ ਸੀ ਕਿ ਜੋ ਹੋਣਾ ਹੈ, ਉਸ ਲਈ ਤਿਆਰੀ ਰੱਖੋ। ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ।

ਸਵਾਲ: ਇਕ ਸਵਾਲ ਇਹ ਵੀ ਉਠਦਾ ਹੈ ਕਿ ਜਨਰਲ ਸੁਬੇਗ ਸਿੰਘ ਨੂੰ ਫ਼ੌਜ ਵਿਚ ਬਣਦਾ ਮਾਣ- ਸਤਿਕਾਰ ਨਹੀਂ ਮਿਲਿਆ। ਇਸ ਦਾ ਬਦਲਾ ਲੈਣ ਲਈ ਇਹ ਸਾਰਾ ਕੁੱਝ ਕੀਤਾ।

ਜਵਾਬ: ਨਹੀਂ, ਜਦੋਂ ਉਨ੍ਹਾਂ ਨੂੰ ਡਿਸਮਿਸ ਕੀਤਾ ਤਾਂ ਉਨ੍ਹਾਂ ਦੇ ਮਨ ਨੂੰ ਠੇਸ ਜ਼ਰੂਰ ਪਹੁੰਚੀ ਪਰ ਮਾਤਾ ਜੀ ਨੇ ਕਿਹਾ ਸੀ ਕਿ ਕੋਈ ਹੋਣਾ ਸੀ ਹੋ ਗਿਆ, ਤੂੰ ਗੁਰੂ ਸਾਹਿਬ ਦੇ ਚਰਨੀਂ ਲੱਗ। ਜਦੋਂ ਉਹ ਦਰਬਾਰ ਸਾਹਿਬ ਜਾਣ ਲੱਗੇ ਤਾਂ ਹੌਲੀ-ਹੌਲੀ ਉਹ ਸੰਤਾਂ ਨਾਲ ਜੁੜੇ ਅਤੇ ਸੰਤਾਂ ਦੇ ਹੁਕਮ ਮੁਤਾਬਕ ਸਿੰਘਾਂ ਨੂੰ ਜ਼ੁਬਾਨੀ ਸਿਖਲਾਈ ਦਿਤੀ। ਉਨ੍ਹਾਂ ਨੇ ਅਨੇਕਾਂ ਲੜਾਈਆਂ ਲੜੀਆਂ, ਉਸ ਹਿਸਾਬ ਨਾਲ ਹੀ ਮੋਰਚਾਬੰਦੀ ਕੀਤੀ ਸੀ।

ਸਵਾਲ: ਜਦੋਂ ਦਰਬਾਰ ਸਾਹਿਬ ’ਤੇ ਫ਼ੌਜ ਦੇ ਟੈਂਕ ਚੜ੍ਹੇ ਤਾਂ ਤੁਹਾਨੂੰ ਸੂਚਨਾ ਮਿਲਦੀ ਸੀ?

ਜਵਾਬ: ਬਿਲਕੁਲ ਨਹੀਂ, ਪੰਜਾਬ ਸਾਰਾ ਸੀਲ ਕੀਤਾ ਹੋਇਆ ਸੀ। ਜਦੋਂ ਸਾਕਾ ਨੀਲਾ ਤਾਰਾ ਵਾਪਰਿਆ ਤਾਂ 10-12 ਦਿਨ ਬਾਅਦ ਜਨਰਲ ਸਾਹਿਬ ਦਾ ਵੱਡਾ ਲੜਕਾ (ਜੋ ਕਰਨਲ ਸੀ) ਚੰਡੀਗੜ੍ਹ ਤੋਂ ਫ਼ੌਜ ਦੀ ਜੀਪ ਲੈ ਕੇ ਆਇਆ ਅਤੇ ਇਨ੍ਹਾਂ ਨੂੰ ਨਾਲ ਲੈ ਕੇ ਗਿਆ। ਉਸ ਦੌਰਾਨ ਜਾਣਕਾਰੀ ਮਿਲੀ ਕਿ ਪੰਜਾਬ ਵਿਚ ਕੀ ਵਾਪਰਿਆ।

ਸਵਾਲ:ਇਨ੍ਹਾਂ 39 ਸਾਲਾਂ ਵਿਚ ਜਨਰਲ ਸੁਬੇਗ ਸਿੰਘ ਦੇ ਪ੍ਰਵਾਰ ਦੀ ਬਾਂਹ ਕਿਸ ਨੇ ਫੜੀ?

ਜਵਾਬ: ਸਾਡੀ ਬਾਂਹ ਪਹਿਲੇ ਦਿਨ ਤੋਂ ਹੀ ਗੁਰੂ ਰਾਮਦਾਸ ਜੀ ਨੇ ਫੜੀ ਹੋਈ ਸੀ, ਸਾਡੇ ਕੋਲ ਪ੍ਰਮਾਤਮਾ ਦਾ ਦਿਤਾ ਸੱਭ ਕੁੱਝ ਸੀ। ਸਾਨੂੰ ਨਾ ਕੋਈ ਪੁਛਣ ਆਇਆ ਅਤੇ ਨਾ ਹੀ ਅਸੀਂ ਕਿਸੇ ਕੋਲ ਗਏ। ਅਸੀਂ ਗੁਰੂ ਘਰ ਜਾਂਦੇ ਹਾਂ ਅਤੇ ਝੋਲੀਆਂ ਭਰ ਕੇ ਲਿਆਉਂਦੇ ਹਾਂ। ਸਾਨੂੰ ਬਹੁਤ ਸਨਮਾਨ ਮਿਲਦਾ ਹੈ, ਅਸੀਂ ਸਿੱਖ ਕੌਮ ਦਾ ਦੇਣਾ ਨਹੀਂ ਦੇ ਸਕਦੇ।

ਸਵਾਲ: ਤੁਸੀਂ ਕਹਿੰਦੇ ਹੋ ਕਿ ਜਿਹੜੇ ਲੋਕ ਉਸ ਸਮੇਂ ਨਾਲ ਨਹੀਂ ਖੜ੍ਹੇ ਅੱਜ ਉਹ ਸਿਆਸਤ ਵਿਚ ਰਾਜ-ਭਾਗ ਸਾਂਭੀ ਬੈਠੇ ਨੇ, ਕੋਈ ਗਿਲਾ ਸ਼ਿਕਵਾ?

ਜਵਾਬ:  ਗਿਲਾ ਸ਼ਿਕਵਾ ਸਿਰਫ਼ ਇਹ ਹੈ ਕਿ ਘੱਟੋ ਘੱਟ ਇਲਜ਼ਾਮ ਨਾ ਲਗਾਓ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਉਤੇ ਹਮਲਾ ਕਰਕੇ ਵੀ ਇਹੀ ਕੀਤਾ ਗਿਆ। ਸਿੱਖ ਇਤਿਹਾਸ ਨੂੰ ਮਿਟਾਉਣ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾਡੇ ਕੁੱਝ ਸਿੱਖ ਆਗੂਆਂ ਨੇ ਵੀ ਸਾਥ ਦਿਤਾ। ਉਹ ਵਿਕਾਊ ਨੇ, ਉਨ੍ਹਾਂ ਦਾ ਕੀ ਕਰ ਸਕਦੇ ਹਾਂ।

ਸਵਾਲ: 1984 ਤੋਂ ਲੈ ਕੇ 2023 ਤਕ ਅਕਾਲੀ ਦਲ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ?

ਜਵਾਬ: ਅਕਾਲੀ ਦਲ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਠੁੱਸ ਕਰ ਦਿਤਾ। ਇਹ ਹੁਣ ਅਕਾਲੀ ਦਲ ਨਹੀਂ ਰਿਹਾ, ਪਹਿਲਾਂ ਅਕਾਲੀ ਦਲ ਦੀ ਨੀਂਹ ਪਿੰਡਾਂ ਵਿਚ ਹੁੰਦੀ ਸੀ। ਹਰੇਕ ਪਿੰਡ ਵਿਚ ਜਥੇਦਾਰ ਹੁੰਦਾ ਸੀ। ਹੁਣ ਤਾਂ ਇਹ ਅਪਣੀ ਮਰਜ਼ੀ ਨਾਲ ਜਥੇਦਾਰ ਬਦਲ ਦਿੰਦੇ ਨੇ ਤੇ ਕਦੀ ਹੈੱਡ ਗ੍ਰੰਥੀ ਬਦਲ ਦਿੰਦੇ ਨੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿਚ ਰਾਜ ਆਇਆ, ਉਦੋਂ ਹੀ ਪੰਜਾਬ, ਸਿੱਖੀ, ਪੜ੍ਹਾਈ, ਨੌਜੁਆਨੀ ਦਾ ਨੁਕਸਾਨ ਹੋਇਆ।

ਸਵਾਲ: ਸਿਆਸਤ ਵਲੋਂ ਤੈਅ ਕੀਤੀ ਗਈ ਦਰਬਾਰ ਸਾਹਿਬ ’ਤੇ ਹਮਲੇ ਦੀ ਰਣਨੀਤੀ ਅੱਜ 2023 ਵਿਚ ਕਾਮਯਾਬ ਹੋ ਚੁਕੀ ਹੈ?

ਜਵਾਬ: ਸਿੱਖਾਂ ਨੂੰ ਦਬਾਉਣ ਦਾ ਕੰਮ ਤਾਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ, ਕਈ ਸਿੱਖਾਂ ਨੇ ਵੀ ਕੇਂਦਰ ਦਾ ਸਾਥ ਦਿਤਾ। ਅੱਜ ਦੇਖੋ ਸਾਡੀ ਕੀ ਸਥਿਤੀ ਬਣ ਗਈ ਹੈ, ਜਵਾਨੀ ਅਤੇ ਪੜ੍ਹਾਈ ਖ਼ਤਮ ਕਰ ਦਿਤੀ ਗਈ, ਇਹ ਸੱਭ ਕੇਂਦਰ ਦੀ ਯੋਜਨਾ ਨਾਲ ਹੀ ਹੋਇਆ। ਜੇਕਰ ਸੂਬੇ ਦੇ ਅਪਣੀ ਯੋਜਨਾ ਹੋਵੇ ਤਾਂ ਕੋਈ ਕਿਵੇਂ ਦਖ਼ਲ ਦੇ ਸਕਦਾ ਹੈ। ਮਮਤਾ ਬੈਨਰਜੀ ਇਕ ਔਰਤ ਹੋ ਕੇ ਵੀ ਕੇਂਦਰ ਦੀ ਪ੍ਰਵਾਹ ਨਹੀਂ ਕਰਦੇ ਜਦਕਿ ਪੰਜਾਬ ਵਿਚ ਖੁਦ ਨੂੰ ਸਿੱਖ ਅਖਵਾਉਣ ਵਾਲੇ ਅਪਣੀ ਮਰਜ਼ੀ ਨਾਲ ਸਰਕਾਰ ਨਹੀਂ ਚਲਾ ਸਕਦੇ। ਇਸ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਸੰਤਾਂ ਦੀ ਸੋਚ ਵਾਲਾ ਕੋਈ ਆਗੂ ਨਹੀਂ ਦਿਖਾਈ ਦੇ ਰਿਹਾ ਹੈ।  ਉਨ੍ਹਾਂ ਨੇ ਕਦੀ ਵੀ ਅਪਣੀ ਗੱਲ ਨਹੀਂ ਕੀਤੀ, ਹਮੇਸ਼ਾ ਪੰਜਾਬ ਅਤੇ ਬਾਣੀ ਦੀ ਗੱਲ ਕੀਤੀ।

ਸਵਾਲ: ਪੰਜਾਬ ਵਿਚ ਅਤੇ ਪੰਜਾਬ ਤੋਂ ਬਾਹਰ ਇਹ ਚਰਚਾ ਹੁੰਦੀ ਹੈ ਕਿ ਉਸ ਵੇਲੇ ਜੋ ਦਰਬਾਰ ਸਾਹਿਬ ਦੇ ਅੰਦਰ ਸੀ ਉਹ ਸਾਰੇ ਅਤਿਵਾਦੀ ਸੀ?

ਜਵਾਬ: ਦਰਬਾਰ ਸਾਹਿਬ ਦੇ ਅੰਦਰ ਜੇ ਪੂਰਾ ਪੰਜਾਬ ਹੁੰਦਾ ਤਾਂ ਉਨ੍ਹਾਂ ਨੂੰ ਵੀ ਅਤਿਵਾਦੀ ਕਹਿਣਾ ਸੀ। ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤ ਅਤੇ ਬੱਚੇ ਅਤਿਵਾਦੀ ਨਹੀਂ ਸੀ। ਸਰਕਾਰਾਂ ਜੋ ਮਰਜ਼ੀ ਕਹੀ ਜਾਣ। ਏਜੰਸੀਆਂ ਨੇ ਕਈ ਬੰਦੇ ਰੱਖੇ ਹੁੰਦੇ ਹਨ, ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਸਾਡੇ ਨੌਜੁਆਨਾਂ ਨੂੰ ਆਸਾਮ ਭੇਜ ਦਿਤਾ ਗਿਆ। ਲੋਕਾਂ ਨੂੰ ਹਿੰਦੂ ਰਾਸ਼ਟਰ ਦੀ ਤਰ੍ਹਾਂ ਰਹਿਣ ਲਈ ਕਿਹਾ ਜਾ ਰਿਹਾ ਹੈ ਸਿਰਫ਼ ਐਲਾਨ ਹੀ ਨਹੀਂ ਕੀਤਾ ਗਿਆ ਪਰ ਸਾਨੂੰ ਅਹਿਸਾਸ ਹੋ ਰਿਹਾ ਹੈ। ਜੇਕਰ ਇਹ ਐਲਾਨ ਕਰ ਦਿੰਦੇ ਹਨ ਤਾਂ ਭਾਰਤ ਦੇ ਟੁੱਟਣ ਦਾ ਡਰ ਹੈ, ਇਸ ਲਈ ਇਹ ਜੱਗ ਜ਼ਾਹਰ ਨਹੀਂ ਹੁੰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement