
Health News: ਖੋਜਕਰਤਾਵਾਂ ਦੀ ਟੀਮ ਵਲੋਂ ਕੀਤੇ ਗਏ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ
Health News: ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ’ਚ ਹਰ ਦੋ ’ਚੋਂ ਇਕ ਮੈਡੀਕਲ ਨੁਸਖਾ ਮਾਨਕ ਹਦਾਇਤਾਂ ਤੋਂ ਵੱਖ ਹੁੰਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਖੋਜਕਰਤਾਵਾਂ ਦੀ ਟੀਮ ਵਲੋਂ ਕੀਤੇ ਗਏ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਟੀਮ ਨੇ ਮਿਆਰੀ ਇਲਾਜ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਗੱਸਤ 2019 ਅਤੇ ਅਗੱਸਤ 2020 ਦੇ ਵਿਚਕਾਰ ਡਾਕਟਰਾਂ ਵਲੋਂ ਲਿਖੀਆਂ 4,838 ਨੁਸਖਿਆਂ ਦਾ ਵਿਸ਼ਲੇਸ਼ਣ ਕੀਤਾ।
ਇਹ ਨੁਸਖ਼ੇ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਵਲੋਂ ਸਥਾਪਤ 13 ‘ਰੈਸ਼ਨਲ ਯੂਜ਼ ਆਫ਼ ਮੈਡੀਸਨ ਸੈਂਟਰ’ (ਆਰ.ਯੂ.ਐਮ.ਸੀ.) ’ਚ ਜਾਰੀ ਕੀਤੇ ਗਏ ਸਨ ਜੋ ਦੇਸ਼ ਭਰ ਦੇ ਤੀਜੇ ਦਰਜੇ ਦੇ ਅਧਿਆਪਨ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ’ਚ ਸਥਿਤ ਹਨ।
ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ 475 ਨੁਸਖਿਆਂ ਨੂੰ ਮਾਨਕ ਹਦਾਇਤਾਂ ਤੋਂ ਵੱਖ ਪਾਇਆ ਗਿਆ ਹੈ ਉਨ੍ਹਾਂ ’ਚੋਂ 54 ’ਚ ਵਿਚ ਪੈਂਟੋਪਰਾਜ਼ੋਲ ਹੈ ਜਿਸ ਨੂੰ ਸੱਭ ਤੋਂ ਵੱਧ ਵਾਰ ਲਿਖਿਆ ਗਿਆ ਸੀ।
ਪੈਂਟੋਪਰਾਜ਼ੋਲ ਪੇਟ ’ਚ ਬਣਨ ਵਾਲੇ ਐਸਿਡ ਨੂੰ ਘਟਾਉਣ ’ਚ ਮਦਦ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਆਮ ਤੌਰ ’ਤੇ ਪੈਨ 40 ਵਰਗੀਆਂ ਕਈ ਦਵਾਈਆਂ ਦੇ ਨਾਮਾਂ ਨਾਲ ਉਪਲਬਧ ਹੁੰਦਾ ਹੈ। ‘ਇੰਡੀਅਨ ਜਰਨਲ ਆਫ ਮੈਡੀਕਲ ਰੀਸਰਚ’ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਪੈਰਾਸੀਟਾਮੋਲ ਅਤੇ ਮਰਹਮ ਸਮੇਤ ਹੋਰ ਦਵਾਈਆਂ ਦੇ ਨਾਲ 40 ਮਿਲੀਗ੍ਰਾਮ ਪੈਂਟੋਪਰਾਜ਼ੋਲ ਦੀਆਂ ਗੋਲੀਆਂ ਵੀ ਲਿਖੀਆਂ ਗਈਆਂ।
ਇਹ 475 ਨੁਸਖੇ ਉੱਪਰੀ ਸਾਹ ਨਾਲੀ ਦੀ ਲਾਗ (ਯੂ.ਆਰ.ਟੀ.ਆਈ.) ਅਤੇ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਲਈ ਲਿਖੇ ਗਏ ਸਨ। ਖੋਜਕਰਤਾਵਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਤਰਕਹੀਣ ਦਵਾਈਆਂ ਦੇ ਨੁਸਖੇ ਸੁਝਾਉਣ ਦੇ ਨਤੀਜੇ ਉੱਚ ਇਲਾਜ ਲਾਗਤ ਅਤੇ ਦਵਾਈਆਂ ਦੇ ਮਾੜੇ ਪ੍ਰਭਾਵਾਂ ਦੇ ਰੂਪ ’ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡਾਕਟਰਾਂ ਨੇ ਆਈ.ਸੀ.ਐਮ.ਆਰ. ਦੀਆਂ ਹਦਾਇਤਾਂ ਦੀ ਪਾਲਣਾ ਕੀਤੀ, ਜਿਸ ਦਾ ਅੰਕੜਾ 55 ਫ਼ੀ ਸਦੀ ਸੀ।