Punjabi Culture: ਪੰਜਾਬੀ ਸਭਿਆਚਾਰ ਦੇ ਨਜ਼ਾਰੇ-ਪਿੰਡਾਂ ਦੇ ਚੁਬਾਰੇ
Published : Mar 17, 2025, 8:39 am IST
Updated : Mar 17, 2025, 8:39 am IST
SHARE ARTICLE
Scenes of Punjabi culture - Village attics
Scenes of Punjabi culture - Village attics

ਇਹ ਚੁਬਾਰੇ ਸਭਿਆਚਾਰਕ ਦਿੱਖ ਨੂੰ ਵੀ ਨਿਖਾਰਦੇ ਸਨ

 

 Punjabi Culture: ਪੁਰਾਣੇ ਸਮਿਆਂ ਵਿਚ ਭਾਵੇਂ ਪਿੰਡਾਂ ਵਿਚ ਅੰਤਾਂ ਦੀ ਗ਼ਰੀਬੀ ਹੁੰਦੀ ਸੀ। ਪਰ ਪੰਜਾਬ ਦੇ ਪਿੰਡਾਂ ਦੇ ਲੋਕ ਅਪਣੀ ਬੋਲੀ, ਅਪਣੇ ਪਹਿਰਾਵੇ ਅਤੇ ਪੰਜਾਬੀ ਸਭਿਆਚਾਰ ਸਦਕਾ ਸਦਾ ਹੀ ਖ਼ੁਸ਼ੀਆਂ ਭਰੇ ਵਾਤਾਵਰਣ ਵਿਚ ਜੀਵਨ ਗੁਜ਼ਾਰਦੇ ਰਹੇ ਹਨ। ਕਿਹਾ ਜਾਂਦਾ ਹੈ ਕਿ ਜਿਸ ਸਮਾਜ ਦਾ ਵਿਰਸਾ ਅਤੇ ਸਭਿਆਚਾਰ ਖ਼ੁਸ਼ਗਵਾਰ ਹੋਵੇ ਤਾਂ ਲੋਕਾਂ ਦਾ ਰਹਿਣ-ਸਹਿਣ, ਭਾਈਚਾਰਾ, ਆਪਸੀ ਪ੍ਰੇਮ ਅਤੇ ਮਿਲਵਰਤਣ ਅਪਣੇ ਆਪ ਹੀ ਸੁਖਦਾਇਕ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਗ਼ਰੀਬੀ ਦੇ ਹੁੰਦਿਆਂ ਵੀ ਪੰਜਾਬ ਦੇ ਪਿੰਡਾਂ ਦੇ ਕੁੱਝ ਰੱਜੇ-ਪੁੱਜੇ ਲੋਕ ਅਪਣੇ ਘਰਾਂ ਵਿਚ ਚੁਬਾਰੇ ਬਣਾ ਲੈਂਦੇ ਸਨ। 

ਇਨ੍ਹਾਂ ਚੁਬਾਰਿਆਂ ਦੇ ਬਨਣ ਦੇ ਵੀ ਕਈ ਕਾਰਨ ਸਨ ਜਿਵੇਂ ਇਕ ਤਾਂ ਚੁਬਾਰੇ ਵਾਲੇ ਘਰ ਦੀ ਸਮਾਜ ਵਿਚ ਠੁਕ ਵਜਦੀ ਸੀ, ਦੂਜੇ ਘਰਾਂ ਲਈ ਤੰਗ ਥਾਂ ਹੋਣਾ ਕਰ ਕੇ ਕੋਠਿਆਂ ਉਪਰ ਚੁਬਾਰਾ ਪਾ ਲਿਆ ਜਾਂਦਾ ਸੀ। ਪਰ ਇਹ ਚੁਬਾਰੇ ਸਭਿਆਚਾਰਕ ਦਿੱਖ ਨੂੰ ਵੀ ਨਿਖਾਰਦੇ ਸਨ ਅਤੇ ਚੁਬਾਰੇ ਵਾਲੇ ਘਰ ਦਾ ਵਖਰਾ ਹੀ ਨਜ਼ਾਰਾ ਹੁੰਦਾ ਸੀ। ਇਥੋਂ ਤਕ ਕਿ ਕਿਸੇ ਆਏ ਖ਼ਾਸ ਮਹਿਮਾਨ ਨੂੰ ਚੁਬਾਰੇ ਵਿਚ ਠਹਿਰਾਇਆ ਜਾਂਦਾ ਸੀ। ਇਸ ਤਰ੍ਹਾਂ ਇਹ ਚੁਬਾਰਾ ਜਿਥੇ ਪ੍ਰਵਾਰਕ ਲੋੜ ਨੂੰ ਪੂਰਾ ਕਰਦਾ ਸੀ ਉਥੇ ਸਭਿਆਚਾਰਕ ਭੁੱਖ ਨੂੰ ਵੀ ਮਿਟਾਉਂਦਾ ਸੀ। ਚੁਬਾਰੇ ਵਾਲੇ ਘਰ ਦਾ ਇਕ ਪ੍ਰੇਮੀ ਅਪਣੇ ਘਰ ਦੀ ਹੀ ਪਹਿਚਾਣ ਨੂੰ ਪੰਜਾਬੀ ਗੀਤ ਰਾਹੀਂ ਇਸ ਤਰ੍ਹਾਂ ਦਸਦਾ ਸੀ:

ਵਿਹੜਾ ਨਿੰਮ ਵਾਲਾ, ਉਤੇ ਨੀ ਚੁਬਾਰਾ
ਉਹ ਘਰ ਮਿੱਤਰਾਂ ਦਾ।

ਇਸ ਤਰ੍ਹਾਂ ਉਹ ਨੌਜਵਾਨ ਨਾਲੇ ਨਿੰਮ ਦੇ ਰੁਖ ਦੀ ਪ੍ਰਸ਼ੰਸਾ ਕਰ ਦੇਂਦਾ ਅਤੇ ਨਾਲ ਹੀ ਅਪਣੇ ਘਰ ਦੇ ਚੁਬਾਰੇ ਦੀ। ਪਿੰਡਾਂ ਵਿਚ ਚੁਬਾਰਿਆਂ ਦੀ ਜ਼ਰੂਰਤ ਇਸ ਕਰ ਕੇ ਵੀ ਮਹਿਸੂਸ ਕੀਤੀ ਜਾਂਦੀ ਸੀ ਕਿ ਉਨ੍ਹਾਂ ਦਿਨਾਂ ਵਿਚ ਨਾ ਹੀ ਬਿਜਲੀ ਹੁੰਦੀ ਸੀ ਅਤੇ ਨਾ ਹੀ ਬਿਜਲੀ ਨਾਲ ਚਲਣ ਵਾਲੇ ਪੱਖੇ, ਬਸ ਲੋਕਾਂ ਨੂੰ ਕੁਦਰਤੀ ਹਵਾ ਲੈਣ ਲਈ ਕੋਠਿਆਂ ’ਤੇ ਹੀ ਪੈਣਾ ਪੈਂਦਾ ਸੀ ਅਤੇ ਮੀਂਹ ਕਣੀ ਦੇ ਮੌਕੇ, ਵਾਰ-ਵਾਰ ਹੇਠਾਂ ਉਤਰਣ ਤੋਂ ਬਚਣ ਲਈ ਮੰਜਿਆਂ ਨੂੰ ਚੁਬਾਰੇ ਅੰਦਰ ਸੌਖਾ ਹੀ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਇਨ੍ਹਾਂ ਚੁਬਾਰਿਆਂ ਦਾ ਚੰਗਾ ਸੁੱਖ ਮਹਿਸੂਸ ਕੀਤਾ ਜਾਂਦਾ ਸੀ।

ਉਂਝ ਵੀ ਜਿਸ ਪਿੰਡ ਵਿਚ ਚੰਗੇ ਉਚੇ ਚੁਬਾਰੇ ਅਤੇ ਅਟਾਰੀਆਂ ਹੁੰਦੀਆਂ ਸਨ ਉਸ ਪਿੰਡ ਨੂੰ ਉੱਚੇ ਚੁਬਾਰਿਆਂ ਜਾਂ ਅਟਾਰੀਆਂ ਵਾਲਾ ਪਿੰਡ ਕਹਿ ਕੇ ਦੂਰ-ਦੂਰ ਤਕ ਚਰਚਾ ਹੁੰਦੀ ਰਹਿੰਦੀ ਸੀ। ਪਿੰਡਾਂ ਵਿਚ ਚੰਗੇ ਪੱਕੇ ਚੁਬਾਰੇ ਦੇਖ ਗ਼ਰੀਬ ਲੋਕ ਵੀ ਅਪਣੇ ਕੋਠਿਆਂ ਉਤੇ ਭਾਵੇਂ ਕੱਚੇ ਹੀ ਸਹੀ ਚੁਬਾਰੇ ਪਾਉਣ ਲੱਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਿੰਡਾਂ ਦੇ ਲੋਕਾਂ ਦੀ ਆਰਥਕ ਸਥਿਤੀ ਵਿਚ ਕੁੱਝ ਸੁਧਾਰ ਹੋਇਆ ਤਾਂ ਲੋਕਾਂ ਦਾ ਰੁਝਾਨ ਅਪਣੇ ਪਿੰਡਾਂ ਵਿਚ ਚੁਬਾਰੇ ਪਾਉਣ ਦਾ ਰੁਝਾਨ ਬਹੁਤ ਵੱਧ ਗਿਆ ਤਾਂ ਹੀ ਤਾਂ ਇਕ ਭਰਜਾਈ ਵੀ ਅਪਣੇ ਕੁਆਰੇ ਦਿਉਰ ਨੂੰ ਕੁੱਝ ਇਸ ਤਰ੍ਹਾਂ ਕਹਿ ਦੇਂਦੀ ਸੀ:

ਉੱਚੇ ਟਿੱਬੇ ਉਤੇ ਦਿਉਰਾ, ਪਾਊਂਗੀ ਚੁਬਾਰਾ,
ਸੁਹਣਿਆਂ ਦਿਉਰਾ ਵੇ, ਤੈਨੂੰ ਰੱਖੂਗੀ ਕੁਆਰਾ।

ਇਨ੍ਹਾਂ ਚੁਬਾਰੇ ਬਣਾਉਣ ਦੇ ਰੁਝਾਨ ਨੇ ਸਾਡੇ ਪੰਜਾਬੀ ਸਭਿਆਚਾਰ ਵਿਚ ਅਜਿਹਾ ਰੰਗ ਬੰਨਿ੍ਹਆ ਕਿ ਗੀਤਾਂ, ਨਾਟਕਾਂ, ਨਾਵਲਾਂ, ਕਵਿਤਾਵਾਂ, ਲੋਕ ਗੀਤਾਂ ਅਤੇ ਬੋਲੀਆਂ ਵਿਚ ਚੁਬਾਰਿਆਂ ਦਾ ਜ਼ਿਕਰ ਆਮ ਹੀ ਹੋਣ ਲੱਗ ਪਿਆ। ਸਾਹਿਤਕਾਰ ਵੀਰਾਂ ਨੂੰ ਤਾਂ ਜਿਵੇਂ ਲਿਖਣ ਲਈ ਨਵਾਂ ਹੀ ਕੁੱਝ ਮਿਲ ਗਿਆ ਹੋਵੇ। ਉਨ੍ਹਾਂ ਨੇ ਸਮਾਜ ਦੇ ਹਰ ਪੱਖ ਨੂੰ ਇਨ੍ਹਾਂ ਚੁਬਾਰਿਆਂ ਨਾਲ ਜੋੜ ਕੇ ਲਿਖਣਾ ਸ਼ੁਰੂ ਕਰ ਦਿਤਾ ਅਤੇ ਚੁਬਾਰਿਆਂ ਨੂੰ ਇਕ ਪ੍ਰਵਾਰਕ ਲੋੜ ਹੀ ਨਹੀਂ ਸਗੋਂ ਸਮਾਜਕ ਅਤੇ ਸਭਿਆਚਾਰਕ ਲੋੜ ਦੀ ਨਿਸ਼ਾਨੀ ਬਣਾ ਦਿਤਾ। ਜਿਵੇਂ ਇਕ ਪੰਜਾਬੀ ਬੋਲੀ ਵਿਚ ਕਿਹਾ ਜਾਂਦਾ ਸੀ:

ਮੁੰਡੇ ਮੇਰੇ ਨੇ ਕਰੇਲੇ ਲਿਆਂਦੇ, ਨੂੰਹ ਮੇਰੀ ਨੇ ਤੜਕੇ
ਨੂੰਹ ਸੱਸ ਨੇ ਰਲ ਕੇ ਖਾਧੇ, ਦੇਖ ਚੁਬਾਰੇ ਚੜ੍ਹਕੇ।

ਇਥੇ ਹੀ ਬਸ ਨਹੀਂ ਪਿੰਡਾਂ ਦੀਆਂ ਤ੍ਰੀਮਤਾਂ ਜਿਨ੍ਹਾਂ ਨੂੰ ਵੀ ਘਰ ਦੀ ਸੰਭਾਲ ਕਰਨੀ ਪੈਂਦੀ ਸੀ, ਉਹ ਚਾਹੁੰਦੀਆਂ ਸਨ ਕਿ ਹੁਣ ਘਰ ਦੀ ਲੋੜ ਲਈ ਚੁਬਾਰਾ ਪਾਇਆ ਜਾਵੇ ਅਤੇ ਉਹ ਚੁਬਾਰੇ ਲਈ ਜ਼ਿੱਦ ਕਰਦੀਆਂ ਹੋਈਆਂ ਆਨੇ-ਬਹਾਨੇ ਅਪਣੇ ਘਰ ਵਾਲੇ ਨਾਲ ਲੜਦੀਆਂ ਰਹਿੰਦੀਆਂ ਅਤੇ ਤਾਂ ਹੀ ਇਕ ਔਰਤ ਅਪਣੇ ਘਰ ਵਾਲੇ ਨੂੰ ਕਹਿੰਦੀ ਸੀ:

ਪੱਕੀ ਸੜਕ ਤੇ ਨਹਿਰ ਕਿਨਾਰੇ ਪੱਕਾ ਚੁਬਾਰਾ ਪਾਉਣਾ
ਰਖਣਾ ਜੇ ਤੇਰੀ ਮਰਜ਼ੀ ਪੇਕੇ ਜਾ ਕੇ ਮੜ੍ਹਕ ਨਾਲ ਆਉਣਾ।

ਗੱਲ ਉਸ ਦੀ ਵੀ ਠੀਕ ਸੀ ਦੇਸ਼ ਵਿਚ ਆਜ਼ਾਦੀ ਆਉਣ ਤੋਂ ਬਾਅਦ ਦੇਸ਼ ਵਿਚ ਅਤੇ ਖ਼ਾਸ ਕਰ ਕੇ ਪੰਜਾਬ ਵਿਚ ਸੜਕਾਂ ਅਤੇ ਨਹਿਰਾਂ ਦਾ ਜਾਲ ਵਿਛ ਗਿਆ ਸੀ ਅਤੇ ਹਰ ਕੋਈ ਪ੍ਰਵਾਰ ਚਾਹੁੰਦਾ ਸੀ ਕਿ ਸੜਕ ’ਤੇ ਜਾ ਕੇ ਚੰਗਾ ਪੱੱਕਾ ਘਰ ਚੁਬਾਰੇ ਵਾਲਾ ਪਾਇਆ ਜਾਵੇ ਤਾਕਿ ਹਰ ਕੋਈ ਲੰਘਦਾ ਕਰਦਾ ਉਸ ਚੁਬਾਰੇ ਦੀਆਂ ਸਿਫ਼ਤਾਂ ਕਰੇ। ਇਨ੍ਹਾਂ ਚੁਬਾਰਿਆਂ ਨੇ ਪੰਜਾਬੀ ਸਭਿਆਚਾਰ ਨੂੰ ਨਿਵੇਕਲਾ ਹੀ ਰੰਗ ਦੇ ਦਿਤਾ। ਕੋਈ ਵੀ ਪਿਆਰ ਮੁਹੱਬਤ ਦੀ ਗੱਲ ਹੋਵੇ ਤਾਂ ਗੱਲ ਚੁਬਾਰੇ ਨਾਲ ਜਾ ਜੁੜਦੀ। ਜਵਾਨ ਮੁੰਡੇ ਅਤੇ ਮੁਟਿਆਰਾਂ ਤਾਂ ਚੁਬਾਰਿਆਂ ਨੇ ਜਿਵੇਂ ਕੀਲੇ ਪਏ ਸਨ। ਇਸੇ ਲਈ ਕਿਹਾ ਜਾਂਦਾ ਸੀ:

ਸਾਹਮਣੇ ਚੁਬਾਰੇ ਨੀ ਮੈਂ ਖੇਡਾਂ ਗੀਟੀਆਂ,
ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ।

ਇਸੇ ਤਰ੍ਹਾਂ ਜਿਨ੍ਹਾਂ ਮੁਟਿਆਰਾਂ ਦੇ ਪਿੰਡਾਂ ਵਿਚ ਵਿਆਹ ਹੋ ਜਾਂਦੇ ਸਨ ਉਹ ਵੀ ਘਰ ਦੇ ਚੁਬਾਰਿਆਂ ਨੂੰ ਖ਼ੂਬ ਪਿਆਰ ਕਰਦਿਆਂ ਅਤੇ ਚੁਬਾਰੇ ਦੀ ਸ਼ਾਨੋ ਸ਼ੌਕਤ ਦੇ ਗੁਣ ਗਾਉਂਦੀਆਂ ਰਹਿੰਦੀਆਂ ਪਰ ਪ੍ਰਵਾਰਾਂ ਵਿਚ ਕਿਉਂਕਿ ਟੱਬਰ ਵੱਡੇ ਹੁੰਦੇ ਸਨ ਅਤੇ ਨਵਵਿਆਹੀਆਂ ਅਪਣੇ ਸੱਸ ਸਹੁਰੇ ਦਾ ਖ਼ੂਬ ਸਤਿਕਾਰ ਕਰਦੀਆਂ ਸਨ ਅਤੇ ਵੱਡੇ ਹੋਣ ਦੇ ਨਾਤੇ ਉਨ੍ਹਾਂ ਦਾ ਆਖਾ ਮੰਨਣਾ ਅਤੇ ਡਰ ਭਾਉ ਰਖਣਾ ਅਪਣਾ ਫ਼ਰਜ਼ ਸਮਝਦੀਆਂ ਸਨ ਤਾਂ ਹੀ ਇਹ ਤੁਕਾਂ ਪੰਜਾਬ ਦੇ ਪਿੰਡਾਂ ਵਿਚ ਆਮ ਸੁਣੀਆਂ ਜਾਂਦੀਆਂ ਸਨ:

ਸਾਹਮਣੇ ਚੁਬਾਰੇ ਜਿਥੇ ਮਾਹੀ ਵਸਦਾ,
ਚਿੱਤ ਕਰੇ ਮਿਲਣੇ ਨੂੰ ਡਰ ਸੱਸ ਦਾ।

ਉਨ੍ਹਾਂ ਦਿਨਾਂ ਵਿਚ ਦੇਖਣ ਵਿਚ ਆਉਂਦਾ ਸੀ ਕਿ ਪਿੰਡਾਂ ਵਿਚ ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਸਨ ਜਿਨ੍ਹਾਂ ਦੇ ਵਿਆਹ ਨਹੀਂ ਸਨ ਹੁੰਦੇ ਪਰ ਉਹ ਸਮਾਜ ਦੇ ਵਿਸ਼ੇਸ਼ ਅੰਗ ਹੁੰਦੇ ਸਨ ਅਤੇ ਛੜਿਆਂ ਦੇ ਨਾਂ ਨਾਲ ਸਾਰੇ ਪਿੰਡ ਵਿਚ ਮਸ਼ਹੂਰ ਹੁੰਦੇ ਸਨ। ਜੇ ਕਿਸੇ ਛੜੇ ਦੇ ਘਰ ਕੋਈ ਚੁਬਾਰਾ ਹੁੰਦਾ ਸੀ ਤਾਂ ਉਸ ਦੀਆਂ ਗੱਲਾਂ ਤਾਂ ਸਾਰਾ ਪਿੰਡ ਹੀ ਕਰਦਾ ਰਹਿੰਦਾ ਸੀ। ਕਈ ਵਾਰ ਅਪਣੇ ਕੰਮ ਧੰਦੇ ਸਦਕਾ ਜਾਂ ਰੋਟੀ ਪਾਣੀ ਦੀ ਖੇਚਲ ਨੂੰ ਸੌਖਾ ਕਰਨ ਲਈ ਦੋ ਜਾਂ ਤਿੰਨ ਛੜੇ ਇਕੱਠੇ ਹੋ ਕੇ ਵੀ ਰਹਿਣ ਲੱਗ ਜਾਂਦੇ ਸਨ ਜੋ ਸਾਡੀ ਸਭਿਆਚਾਰ ਰੰਗੀਨੀ ਦਾ ਕਾਰਨ ਬਣਦੇ ਸਨ। ਉਨ੍ਹਾਂ ਬਾਰੇ ਪਿੰਡਾਂ ਦੇ ਗਿੱਧਿਆਂ ਦੇ ਪਿੜਾਂ ਵਿਚ ਵੀ ਗੱਲਾਂ ਹੁੰਦੀਆਂ ਅਤੇ ਔਰਤਾਂ ਅਪਣੇ ਮਨ ਪ੍ਰਚਾਵੇ ਲਈ ਛੜਿਆਂ ਬਾਰੇ ਬੋਲੀਆਂ ਨੂੰ ਬਹੁਤ ਹੀ ਉਤਸ਼ਾਹ ਨਾਲ ਗਿੱਧੇ ਦਾ ਸ਼ਿੰਗਾਰ ਬਣਾਉਂਦੀਆਂ ਜਿਵੇਂ:

ਦੋ ਛੜਿਆਂ ਦੀ ਇਕ ਢੋਲਕੀ ਰੋਜ਼ ਰਾਤ ਨੂੰ ਖੜਕੇ,
ਨੀ ਮੇਲਾ ਛੜਿਆਂ ਦਾ ਦੇਖ ਚੁਬਾਰੇ ਚੜ੍ਹਕੇ।

ਇਸ ਤਰ੍ਹਾਂ ਇਨ੍ਹਾਂ ਚੁਬਾਰਿਆਂ ਨੇ ਸਮਾਜ ਦੇ ਕਈ ਮਹੱਤਵਪੂਰਣ ਪਹਿਲੂਆਂ ਦੇ ਨਾਲ ਸਿੱਖ ਇਤਿਹਾਸ ਨੂੰ ਵੀ ਅਣਛੂਹਿਆਂ ਨਹੀਂ ਛਡਿਆ। ਅੱਜ ਭਾਵੇਂ ਸ਼ਹਿਰਾਂ ਅਤੇ ਪਿੰਡਾਂ ਵਿਚ ਵੱਡੀਆਂ-ਵੱਡੀਆਂ ਕਈ-ਕਈ ਮੰਜ਼ਲਾਂ ਸ਼ਾਨਦਾਰ ਕੋਠੀਆਂ ਬਣ ਗਈਆਂ ਹਨ ਪਰ ਉਹ ਪੰਜਾਬੀ ਸਭਿਆਚਾਰ ਦੇ ਮੁਦਈ ਪੁਰਾਣੇ ਪਿੰਡਾ ਦੇ ਚੁਬਾਰਿਆਂ ਦੀ ਥਾਂ ਲੈਣ ਵਿਚ ਅਸਫ਼ਲ ਰਹੀਆਂ ਹਨ। 

-ਬਹਾਦਰ ਸਿੰਘ ਗੋਸਲ, ਚੰਡੀਗੜ੍ਹ। 
98764-52223 

 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement