
ਮੂਲੀ ਦੇ ਰਸ ਵਿਚ ਸਿਰਕਾ ਮਿਲਾ ਕੇ ਲਗਾਉਣ ਨਾਲ ਵੀ ਚਿਹਰੇ ਦੇ ਦਾਗ਼ ਸਾਫ਼ ਹੋ ਜਾਂਦੇ ਹਨ
ਸਾਡੀ ਨਾਜ਼ੁਕ ਚਮੜੀ ਨੂੰ ਧੁੱਪ ਨਾਲ ਵੀ ਬਹੁਤ ਨੁਕਸਾਨ ਹੁੰਦਾ ਹੈ। ਕਈ ਵਾਰ ਚਮੜੀ ਸੜ ਵੀ ਜਾਂਦੀ ਹੈ ਅਤੇ ਚਿਹਰੇ ’ਤੇ ਦਾਗ਼ ਬਣ ਜਾਂਦੇ ਹਨ। ਇਸ ਨਾਲ ਸਾਡੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਸਾਡੀ ਸੁੰਦਰਤਾ ਖ਼ਰਾਬ ਹੋ ਜਾਂਦੀ ਹੈ, ਪਰ ਕੁੱਝ ਚੀਜ਼ਾਂ ਦਾ ਉਪਯੋਗ ਕਰ ਕੇ ਅਤੇ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀ ਇਸ ਸਮੱਸਿਆ ਤੋਂ ਬਚ ਸਕਦੇ ਹੋ। ਤੁਹਾਡੇ ਚਿਹਰੇ ’ਤੇ ਹਲਕੇ ਦਾਗ਼ ਹਨ ਤਾਂ ਨਿੰਬੂ ਦੇ ਰਸ ਨੂੰ ਖੱਟੀ ਲੱਸੀ ਵਿਚ ਮਿਲਾ ਕੇ ਲਾਉ। ਸੁੱਕ ਜਾਣ ’ਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ।
ਮੂਲੀ ਦੇ ਰਸ ਵਿਚ ਸਿਰਕਾ ਮਿਲਾ ਕੇ ਲਗਾਉਣ ਨਾਲ ਵੀ ਚਿਹਰੇ ਦੇ ਦਾਗ਼ ਸਾਫ਼ ਹੋ ਜਾਂਦੇ ਹਨ। ਲਾਲ ਮੂਲੀ ਨੂੰ ਖੱਟੀ ਲੱਸੀ ਵਿਚ ਇਕ ਘੰਟੇ ਤਕ ਉਬਾਲੋ ਅਤੇ ਫਿਰ ਲਗਾਉ। ਇਹ ਇਕ ਤੇਜ਼ ਬਲੀਚ ਦਾ ਕੰਮ ਕਰਦਾ ਹੈ। ਜਿਸ ਵੀ ਸਬਜ਼ੀ ਵਿਚ ਵਿਟਾਮਿਨ ਸੀ ਹੁੰਦਾ ਹੈ, ਉਸ ਨੂੰ ਲਗਾਉਣ ਨਾਲ ਦਾਗ਼ ਸਾਫ਼ ਹੁੰਦੇ ਹਨ। ਸੜੀ ਹੋਈ ਚਮੜੀ ’ਤੇ ਖੀਰੇ ਦੇ ਰਸ ਵਿਚ ਗੁਲਾਬ ਜਲ ਅਤੇ ਗਲੈਸਰੀਨ ਮਿਲਾ ਕੇ ਲਗਾਉਣ ਨਾਲ ਸੜੀ ਹੋਈ ਚਮੜੀ ਠੀਕ ਹੋ ਜਾਂਦੀ ਹੈ।
ਖੀਰੇ ਦੇ ਟੁਕੜੇ ਨੂੰ ਦੁੱਧ ਵਿਚ ਭਿਉਂ ਕੇ ਰੱਖੋ। ਕੁੱਝ ਦੇਰ ਬਾਅਦ ਚਿਹਰੇ ’ਤੇ ਲਗਾਉ। ਇਸ ਦੀ ਵਰਤੋਂ ਨਾਲ ਸੂਰਜ ਦੀ ਤਪਸ਼ ਦਾ ਅਸਰ ਘੱਟ ਹੋ ਜਾਂਦਾ ਹੈ। ਗੁਲਾਬ ਜਲ ਵਿਚ ਨਿੰਬੂ ਦਾ ਰਸ ਬਰਾਬਰ-ਬਰਾਬਰ ਮਿਲਾਉ। ਪੂਰੇ ਚਿਹਰੇ ’ਤੇ ਰੂੰ ਨਾਲ ਲਗਾਉ। ਇਹ ਮੁਹਾਸਿਆਂ ਵਾਲੀ ਚਮੜੀ ਲਈ ਵੀ ਕਾਰਗਰ ਹੈ। ਰੁੱਖੀ ਚਮੜੀ ਲਈ ਖੀਰੇ ਦੇ ਰਸ ਨੂੰ ਹਰ ਰੋਜ਼ 15-20 ਮਿੰਟ ਤਕ ਲਗਾਉਣ ਨਾਲ ਚਿਹਰੇ ਦਾ ਰੁੱਖਾਪਨ ਖ਼ਤਮ ਹੋ ਜਾਂਦਾ ਹੈ।
ਪੁਦੀਨੇ ਦੇ ਰਸ ਨੂੰ ਰੋਜ਼ ਰਾਤ ਨੂੰ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ ਅਤੇ ਪੁਦੀਨਾ, ਚਮੜੀ ਦੇ ਰੁੱਖੇਪਨ ਨੂੰ ਖ਼ਤਮ ਕਰਨ ਵਿਚ ਬੇਹੱਦ ਮਦਦਗਾਰ ਹੁੰਦਾ ਹੈ। ਹਲਦੀ ਅਤੇ ਚੰਦਨ ਨੂੰ ਚੰਗੀ ਤਰ੍ਹਾਂ ਮਿਲਾ ਲਉ। ਇਹ ਪੇਸਟ ਚਮੜੀ ਦੇ ਰੁੱਖੇਪਨ ਨੂੰ ਕਾਫ਼ੀ ਹੱਦ ਤਕ ਖ਼ਤਮ ਕਰ ਦਿੰਦੀ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਇਸ ’ਤੇ ਦੁੱਧ ਦੀ ਮਲਾਈ ਲਗਾਉਣ ਨਾਲ ਚੇਹਰੇ ਦਾ ਰੁੱਖਾਪਨ ਖ਼ਤਮ ਹੋਵੇਗਾ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਬਣੇਗੀ।
ਚਿਹਰੇ ਦੀ ਚਮੜੀ ਢਲ ਰਹੀ ਹੈ ਤਾਂ ਚਮੜੀ ’ਚ ਚਮਕ ਲਿਆਉਣ ਲਈ ਘਰੇਲੂ ਉਪਾਅ ਕਰੋ। ਚਿਹਰੇ ’ਤੇ ਚਮਕ ਲਿਆਉਣ ਲਈ ਪੌਸ਼ਟਿਕ ਆਹਾਰ, ਕਸਰਤ, ਚੰਗੀ ਨੀਂਦ ਅਤੇ ਤਣਾਅ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਹਫ਼ਤੇ ਵਿਚ ਇਕ ਵਾਰ ਸਕਰੱਬ ਜਾਂ ਕੋਈ ਫ਼ੇਸ ਪੈਕ ਦਾ ਇਸਤੇਮਾਲ ਕਰੋ। ਚਾਰ ਚਮਚ ਚੌਲ, ਚੌਲਾਂ ਦਾ ਆਟਾ ਲੈ ਕੇ ਉਸ ’ਚ ਦੋ ਚਮਚ ਦਹੀਂ ਮਿਲਾਉ।
ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਦੀ ਸਕੱਰਬਿੰਗ ਲਈ ਇਹ ਪੇਸਟ ਬੇਹੱਦ ਲਾਭਦਾਇਕ ਹੈ। ਸਕਰੱਬ ਕਰਦੇ ਰਹਿਣ ਨਾਲ ਚਮੜੀ ’ਤੇ ਰੁੱਖਾਪਨ ਨਹੀਂ ਰਹਿੰਦਾ ਅਤੇ ਇਸ ਤੋਂ ਬਾਅਦ ਗੁਲਾਬ ਜਲ ਨਾਲ ਚਿਹਰੇ ਦੀ ਟੋਨਿੰਗ ਕਰੋ ਅਤੇ ਫਿਰ ਪੈਕ ਲਾਉ। ਪੈਕ ਬਣਾਉਣ ਲਈ ਇਕ ਚਮਚ ਦਹੀਂ, ਇਕ ਚਮਚ ਸ਼ਹਿਦ ਮਿਲਾਉ। ਇਸ ਪੈਕ ਨੂੰ ਹਫ਼ਤੇ ਵਿਚ ਦੋ ਵਾਰ ਲਗਾਉ। ਲਗਭਗ 15-12 ਮਿੰਟ ਮਾਲਿਸ਼ ਕਰਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਉ।