
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਐਕਸ-15 ਨਾਮਕ ਜਹਾਜ਼ ਦੁਨੀਆਂ ਦਾ ਸੱਭ ਤੋਂ ਤੇਜ਼ ਰਫ਼ਤਾਰ ਨਾਲ ਉਡਣ ਵਾਲਾ ਪਾਇਲਟਯੁਕਤ ਰਾਕੇਟ ਹਵਾਈ ਜਹਾਜ਼ ਸੀ
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਐਕਸ-15 ਨਾਮਕ ਜਹਾਜ਼ ਦੁਨੀਆਂ ਦਾ ਸੱਭ ਤੋਂ ਤੇਜ਼ ਰਫ਼ਤਾਰ ਨਾਲ ਉਡਣ ਵਾਲਾ ਪਾਇਲਟਯੁਕਤ ਰਾਕੇਟ ਹਵਾਈ ਜਹਾਜ਼ ਸੀ। ਇਸ ਜਹਾਜ਼ ਨੇ ਸੰਨ 1959 ਤੋਂ ਸੰਨ 1968 ਤਕ 199 ਵਾਰ ਉਡਾਣ ਭਰੀ ਸੀ। ਹੈਰਾਨੀਜਨਕ ਅਤੇ ਦਿਲਚਸਪ ਤੱਥ ਇਹ ਹੈ ਕਿ ਇਸ ਦੌਰਾਨ ਇਸ ਜਹਾਜ਼ ਦੀ ਵੱਧ ਤੋਂ ਵੱਧ ਰਫ਼ਤਾਰ 4520 ਕਿਲੋਮੀਟਰ ਪ੍ਰਤੀ ਘੰਟਾ ਰਹੀ ਸੀ।
ਦੁਨੀਆਂ ਦਾ ਸੱਭ ਤੋਂ ਵੱਡ-ਆਕਾਰੀ ਜਹਾਜ਼ ਏ-380 ਹੈ। ਇਸ ਦੇ ਇਕ ਖੰਭ ਦੇ ਸਿਰੇ ਤੋਂ ਲੈ ਕੇ ਦੂਜੇ ਖੰਭ ਦੇ ਸਿਰੇ ਤਕ ਚੌੜਾਈ 267 ਫੁੱਟ ਹੈ ਅਤੇ ਇਸ ਵਿਚ ਇਕੋ ਸਮੇਂ 520 ਯਾਤਰੀ ਸਫ਼ਰ ਕਰ ਸਕਦੇ ਹਨ।
ਸਕਾਟਲੈਂਡ ਵਾਸੀ ਜਾਹਨ ਲੌਜਿਕ ਬੈਰਡ ਨੇ ਸੰਨ 1926 ਵਿਚ ਪਹਿਲਾ ਟੀ.ਵੀ. ਸੈੱਟ ਬਣਾਇਆ ਸੀ। ਉਸ ਨੇ ਇਹ ਟੀ.ਵੀ. ਸੈੱਟ ਕਬਾੜ ਬਣ ਚੁੱਕੇ ਟੁੱਟੇ-ਭੱਜੇ ਪਦਾਰਥਾਂ ਤੋਂ ਬਣਾਇਆ ਸੀ ਜਿਸ ਵਿਚ ਇਕ ਟੋਪੀ ਰੱਖਣ ਦਾ ਸਥਾਨ ਅਤੇ ਇਕ ਬਿਸਕੁਟ ਰੱਖਣ ਵਾਲਾ ਡੱਬਾ ਵੀ ਸ਼ਾਮਲ ਸੀ।
ਸੰਨ 1960 ਵਿਚ ਕੰਪਿਊਟਰ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਵੱਖ-ਵੱਖ ਥਾਵਾਂ ਤੇ ਪਏ ਕੰਪਿਊਟਰਾਂ ਦਾ ਸਬੰਧ ਆਪਸ ਵਿਚ ਜੋੜ ਕੇ ਦੁਨੀਆਂ ਦਾ ਪਹਿਲਾ ਕੰਪਿਊਟਰ ਨੈੱਟਵਰਕ ਤਿਆਰ ਕੀਤਾ ਸੀ। ਇਸ ਤੋਂ ਬਾਅਦ ਹੋਰ ਦੇਸ਼ਾਂ ਵਿਚ ਵੀ ਅਜਿਹੇ ਕਪਿੰਊਟਰ ਨੈੱਟਵਰਕ ਸਥਾਪਤ ਕਰ ਦਿਤੇ ਗਏ ਅਤੇ ਅਖ਼ੀਰ ਸੰਨ 1983 ਵਿਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਪਏ ਕੰਪਿਊਟਰਾਂ ਦਾ ਸਬੰਧ ਆਪਸ ਵਿਚ ਜੋੜ ਕੇ 'ਇੰਟਰਨੈੱਟ' ਦੀ ਨੀਂਹ ਰੱਖ ਦਿਤੀ ਗਈ ਸੀ।
-ਪਰਮਜੀਤ ਸਿੰਘ ਨਿੱਕੇ ਘੁੰਮਣ, ਸੰਪਰਕ : 97816-46008