
ਦਸ ਤੋਂ ਬਾਰਾਂ ਕੁੜੀਆਂ ਰਲ ਕੇ ਇਹ ਖੇਡ ਰਚਾਉਂਦੀਆਂ ਹਨ।
ਪੰਜਾਬ ਦੀਆਂ ਬਾਲ ਖੇਡਾਂ ਦਾ ਖ਼ਜ਼ਾਨਾ ਬੜਾ ਅਮੀਰ ਹੈ। ਕੁੜੀਆਂ ਅਤੇ ਮੁੰਡਿਆਂ ਦੀ ਸਰੀਰਕ ਸਮਰੱਥਾ ਅਨੁਸਾਰ ਬਹੁਤ ਸਾਰੀਆਂ ਵਖਰੀਆਂ ਅਤੇ ਇਕੱਠੇ ਖੇਡੀਆਂ ਜਾ ਸਕਣ ਵਾਲੀਆਂ ਖੇਡਾਂ ਮੌਜੂਦ ਹਨ। ਜਿੱਥੇ ਮੁੰਡਿਆਂ ਦੀਆਂ ਖੇਡਾਂ ਵਿਚ ਕਿਤੇ ਕਿਤੇ ਸੱਟ ਫੇਟ ਦਾ ਵੀ ਖ਼ਤਰਾ ਰਹਿੰਦਾ ਹੈ ਉੱਥੇ ਕੁੜੀਆਂ ਦੀਆਂ ਖੇਡਾਂ ਵਿਚ ਸੱਟ ਫੇਟ ਦਾ ਕੋਈ ਖ਼ਤਰਾ ਨਹੀਂ ਹੁੰਦਾ। ਕੁੜੀਆਂ ਦੀਆਂ ਖੇਡਾਂ ਵਿਚੋਂ ਇਕ ਹੈ 'ਹਰਾ ਸਮੁੰਦਰ'।
ਦਸ ਤੋਂ ਬਾਰਾਂ ਕੁੜੀਆਂ ਰਲ ਕੇ ਇਹ ਖੇਡ ਰਚਾਉਂਦੀਆਂ ਹਨ। ਇਸ ਖੇਡ ਲਈ ਕਿਸੇ ਨਿਰਧਾਰਤ ਮੈਦਾਨ ਦੀ ਜ਼ਰੂਰਤ ਨਹੀਂ ਹੁੰਦੀ, ਬੱਸ ਥੋੜ੍ਹੀ ਜਿਹੀ ਖੁੱਲ੍ਹੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਖੇਡ ਸ਼ੁਰੂ ਕਰਨ ਲਈ ਸਾਰੀਆਂ ਕੁੜੀਆਂ ਇਕ ਦੂਜੀ ਦੇ ਹੱਥ ਫੜ ਕੇ ਗੋਲ ਚੱਕਰ ਬਣਾ ਲੈਂਦੀਆਂ ਹਨ। ਗੋਲ ਚੱਕਰ ਦੇ ਅੰਦਰਲੇ ਖੇਤਰ ਨੂੰ ਸਮੁੰਦਰ ਕਿਆਸ ਕੀਤਾ ਜਾਂਦਾ ਹੈ ਅਤੇ ਇਕ ਕੁੜੀ ਮਛਲੀ ਬਣ ਕੇ ਗੋਲ ਚੱਕਰ ਦੇ ਵਿਚਕਾਰ ਖੜ ਜਾਂਦੀ ਹੈ। ਗੋਲ ਚੱਕਰ ਬਣਾਉਣ ਵਾਲੀਆਂ ਕੁੜੀਆਂ ਹੌਲੀ ਹੌਲੀ ਲਗਾਤਾਰ ਘੁੰਮਦੀਆਂ ਜਾਂਦੀਆਂ ਹਨ ਅਤੇ ਨਾਲੋਂ ਨਾਲ ਅੰਦਰ ਖੜੀ ਕੁੜੀ ਨੂੰ ਗੀਤਨੁਮਾ ਸਵਾਲ ਕਰਦੀਆਂ ਹਨ:
ਹਰਾ ਸਮੁੰਦਰ ਗੋਪੀ ਚੰਦਰ, ਬੋਲ ਮੇਰੀ ਮਛਲੀ ਕਿੰਨਾ ਕਿੰਨਾ ਪਾਣੀ।
ਗੋਲ ਚੱਕਰ ਵਾਲੀਆਂ ਕੁੜੀਆਂ ਦੇ ਇਸ ਗੀਤ ਦਾ ਜਵਾਬ ਅੰਦਰ ਖੜੀ ਕੁੜੀ ਗੀਤ ਵਿਚ ਹੀ ਦਿੰਦੀ ਹੈ:
ਹਰਾ ਸਮੁੰਦਰ ਗੋਪੀ ਚੰਦਰ, ਪੈਰ ਪੈਰ ਪਾਣੀ।
ਬੱਸ ਇਸੇ ਤਰ੍ਹਾਂ ਇਹ ਖੇਡ ਅੱਗੇ ਵਧਦੀ ਰਹਿੰਦੀ ਹੈ। ਗੋਲ ਚੱਕਰ ਬਣਾ ਕੇ ਘੁੰਮਦੀਆਂ ਕੁੜੀਆਂ ਇਹ ਗੀਤਨੁਮਾ ਸਵਾਲ ਲਗਾਤਾਰ ਪੁਛਦੀਆਂ ਰਹਿੰਦੀਆਂ ਹਨ ਅਤੇ ਗੋਲ ਚੱਕਰ ਦੇ ਅੰਦਰ ਵਾਲੀ ਕੁੜੀ ਨਾਲੋਂ ਨਾਲ ਘੁੰਮਦੀ ਹੋਈ ਗੀਤਨੁਮਾ ਜਵਾਬ ਦਿੰਦੀ ਹੋਈ ਪਾਣੀ ਦਾ ਪੱਧਰ ਪੈਰਾਂ ਤੋਂ ਸ਼ੁਰੂ ਕਰ ਕੇ ਵਧਾਉਂਦੀ ਜਾਂਦੀ ਹੈ:
ਹਰਾ ਸਮੁੰਦਰ ਗੋਪੀ ਚੰਦਰ, ਗਿੱਟੇ ਗਿੱਟੇ ਪਾਣੀ।
ਗੋਲ ਚੱਕਰ ਬਣਾਉਣ ਵਾਲੀਆਂ ਕੁੜੀਆਂ ਇਹ ਸਵਾਲ ਉਸ ਸਮੇਂ ਤਕ ਪੁਛਦੀਆਂ ਜਾਂਦੀਆਂ ਹਨ ਜਦੋਂ ਤਕ ਅੰਦਰਲੀ ਮਛਲੀ ਬਣੀ ਕੁੜੀ ਡੁੱਬ ਨਹੀਂ ਜਾਂਦੀ:
ਹਰਾ ਸਮੁੰਦਰ ਗੋਪੀ ਚੰਦਰ, ਗੋਡੇ ਗੋਡੇ ਪਾਣੀ।
ਲੱਕ ਲੱਕ ਪਾਣੀ। ਗਰਦਨ ਗਰਦਨ ਪਾਣੀ।
ਆਦਿ ਕਹਿੰਦੀ ਹੋਈ ਸਿਰ ਸਿਰ ਪਾਣੀ ਕਹਿੰਦੀ ਹੈ।
ਗੋਲ ਚੱਕਰ ਦੇ ਅੰਦਰਲੀ ਕੁੜੀ ਸਿਰ ਸਿਰ ਪਾਣੀ ਕਹਿਣ ਉਪਰੰਤ ਅਪਣੇ ਆਪ ਦੇ ਡੁੱਬ ਜਾਣ ਦੀ ਐਕਟਿੰਗ ਕਰਦੀ ਹੈ ਅਤੇ ਗੋਲ ਚੱਕਰ ਵਾਲੀਆਂ ਕੁੜੀਆਂ ਉਸ ਨੂੰ ਬਚਾਉੇਣ ਦੀ ਐਕਟਿੰਗ ਕਰਦੀਆਂ ਹਨ। ਇਸ ਤਰ੍ਹਾਂ ਇਸ ਮਛਲੀ ਬਣੀ ਕੁੜੀ ਨੂੰ ਬਚਾ ਲਿਆ ਜਾਂਦਾ ਹੈ। ਮੁੜ ਤੋਂ ਕੋਈ ਹੋਰ ਕੁੜੀ ਮਛਲੀ ਬਣ ਕੇ ਅੰਦਰ ਆਉਂਦੀ ਹੈ ਅਤੇ ਬਾਹਰਲੀਆਂ ਕੁੜੀਆਂ ਮੁੜ ਤੋਂ ਉਹੀ ਸਾਰੇ ਗੀਤਨੁਮਾ ਸਵਾਲ ਪੁਛਦੀਆਂ ਜਾਂਦੀਆਂ ਹਨ ਅਤੇ ਮਛਲੀ ਬਣੀ ਕੁੜੀ ਪੈਰਾਂ ਤੋਂ ਸ਼ੁਰੂ ਕਰ ਕੇ ਡੁੱਬ ਜਾਣ ਤਕ ਗੀਤਨੁਮਾ ਜਵਾਬ ਦਿੰਦੀ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਅੱਗੇ ਚਲਦੀ ਰਹਿੰਦੀ ਹੈ।
ਸੱਟ ਫੇਟ ਪੱਖੋਂ ਪੂਰੀ ਤਰ੍ਹਾਂ ਸੁਰੱਖਿਅਤ ਇਸ ਖੇਡ ਦੌਰਾਨ ਕੁੜੀਆਂ ਬਚਪਨ ਵਿਚ ਹੀ ਮੁਸ਼ਕਿਲ ਸਮੇਂ ਦੂਜਿਆਂ ਦੀ ਮਦਦ ਕਰਨ ਦਾ ਸਬਕ ਲੈ ਲੈਂਦੀਆਂ ਹਨ। ਕੁੜੀਆਂ ਦੇ ਇਹ ਖੇਡ ਰਚਾਉਣ ਸਮੇਂ ਘਰਾਂ ਦੀਆਂ ਵੱਡੀਆਂ ਔਰਤਾਂ ਵੀ ਕੋਲ ਹੀ ਮੌਜੂਦ ਹੁੰਦੀਆਂ ਸਨ। ਇਨ੍ਹਾਂ ਖੇਡਾਂ ਤੋਂ ਦੂਰ ਹੋ ਕੇ ਮੋਬਾਈਲਾਂ ਦੇ ਸਮੁੰਦਰ ਵਿਚ ਡੁੱਬ ਰਿਹਾ ਬਚਪਨ ਸੱਚਮੁਚ ਹੀ ਚਿੰਤਾ ਦਾ ਵਿਸ਼ਾ ਹੈ।
ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਅਸੀਂ ਲੋਕਾਂ ਨੇ ਜ਼ਰੂਰਤ ਸਮੇਂ ਕੰਮ ਆਉਣ ਵਾਲੇ ਮੋਬਾਈਲ ਨੂੰ ਖੇਡ ਹੀ ਬਣਾ ਲਿਆ ਹੈ। ਹੁਣ ਤਾਂ ਮੋਬਾਈਲ ਛੋਟੇ ਬੱਚੇ ਨੂੰ ਰੋਣ ਤੋਂ ਚੁੱਪ ਕਰਵਾਉਣ ਦਾ ਜ਼ਰੀਆ ਵੀ ਬਣ ਗਿਆ ਹੈ। ਸ਼ਾਇਦ ਮਾਪਿਆਂ ਨੂੰ ਇਸ ਮੋਬਾਈਲ ਨਾਲ ਬੱਚੇ ਦੇ ਪੈਦਾ ਹੋ ਰਹੇ ਲਗਾਅ ਦੇ ਨੁਕਸਾਨਾਂ ਦਾ ਇਲਮ ਨਹੀਂ। ਮਾਪਿਆਂ ਨੂੰ ਚਾਹੀਦਾ ਹੈ ਕਿ ਆਪੋ ਅਪਣੇ ਬੱਚਿਆਂ ਨੂੰ ਮੋਬਾਈਲ ਦੇ ਗ਼ੁਲਾਮ ਬਣਨ ਤੋਂ ਰੋਕਣ ਲਈ ਲਗਾਤਾਰ ਉਪਰਾਲੇ ਕਰਦੇ ਰਹਿਣ।
-ਬਿੰਦਰ ਸਿੰਘ ਖੁੱਡੀ ਕਲਾਂ, ਸੰਪਰਕ : 98786-05965