Punjabi culture: ਭਾਈਚਾਰਕ ਸਾਂਝ ਦੀ ਗਵਾਹੀ ਭਰਦੀ ‘ਨਿਉਂਦਾ ਪਾਉਣ’ ਦੀ ਰਸਮ
Published : Aug 21, 2024, 10:01 am IST
Updated : Aug 21, 2024, 10:01 am IST
SHARE ARTICLE
The ritual of 'putting to sleep' is a testimony of brotherhood
The ritual of 'putting to sleep' is a testimony of brotherhood

Punjabi culture: ਵਿਸ਼ਵ ਦੇ ਬਾਕੀ ਸਮਾਜਾਂ ਨਾਲੋਂ ਸਾਡਾ ਸਮਾਜ ਕਈ ਪੱਖਾਂ ਤੋਂ ਵਿਲੱਖਣ ਅਤੇ ਵਿਸ਼ੇਸ਼ ਹੈ।

 

Punjabi culture: ਵਿਸ਼ਵ ਦੇ ਬਾਕੀ ਸਮਾਜਾਂ ਨਾਲੋਂ ਸਾਡਾ ਸਮਾਜ ਕਈ ਪੱਖਾਂ ਤੋਂ ਵਿਲੱਖਣ ਅਤੇ ਵਿਸ਼ੇਸ਼ ਹੈ। ਸਾਡੇ ਅਮੀਰ ਸਭਿਆਚਾਰ ਅਤੇ ਵਿਰਸੇ ਦਾ ਅਟੁੱਟ ਅੰਗ ਬਣੇ ਸਮਾਜਕ ਰਸਮੋ ਰਿਵਾਜਾਂ ਨੂੰ ਸਾਡੇ ਪੁਰਖਿਆਂ ਵਲੋਂ ਬੜੀ ਹੀ ਸੂਝ ਅਤੇ ਸਿਆਣਪ ਨਾਲ ਇਸ ਤਰ੍ਹਾਂ ਦਾ ਰੂਪ ਦਿਤਾ ਗਿਆ ਹੈ ਕਿ ਇਹ ਭਾਈਚਾਰੇ ਦੀ ਪ੍ਰਸਪਰ ਸ਼ਮੂਲੀਅਤ ਨਾਲ ਹੀ ਨੇਪਰੇ ਚੜ੍ਹਦੇ ਹਨ। ਭਾਈਚਾਰੇ ਦੀ ਸ਼ਮੂਲੀਅਤ ਨਾਲ ਨੇਪਰੇ ਚੜ੍ਹਨ ਵਾਲੇ ਰਸਮੋ ਰਿਵਾਜ ਭਾਈਚਾਰਕ ਸਾਂਝਾਂ ਦੀ ਮਜ਼ਬੂਤੀ ਦਾ ਸਬੱਬ ਬਣਦੇ ਹਨ। ਸੁੱਖ ਦੁੱਖ ਵਿਚ ਭਾਈਚਾਰੇ ਦੀ ਆਮਦ ਨੂੰ ਬੜੇ ਹੀ ਮਾਣਮੱਤੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਇਹ ਆਮਦ ਸਮਾਜ ਵਿਚ ਪ੍ਰਵਾਰ ਦੀ ਸਥਿਤੀ ਨੂੰ ਵੀ ਨਿਰਧਾਰਤ ਕਰਦੀ ਹੈ। ਖ਼ੁਸ਼ੀ ਗ਼ਮੀ ਵਿਚ ਭਾਈਚਾਰੇ ਦੀ ਸ਼ਮੂਲੀਅਤ ਸੁੱਖ ਨੂੰ ਵਧਾਉਣ ਅਤੇ ਦੁੱਖ ਨੂੰ ਘਟਾਉਣ ਦਾ ਵੀ ਸਬੱਬ ਬਣਦੀ ਹੈ।

ਸਾਡੇ ਸਮਾਜ ਦੀਆਂ ਮਜ਼ਬੂਤ ਭਾਈਚਾਰਕ ਸਾਂਝਾਂ ਦੀ ਗਵਾਹੀ ਭਰਦੇ ਬਹੁਤ ਸਾਰੇ ਰਸਮੋ ਰਿਵਾਜਾਂ ਵਿਚੋਂ ਇਕ ਹੈ ਨਿਉਂਦਾ ਪਾਉਣ ਦੀ ਰਸਮ। ਇਹ ਰਸਮ ਵਿਆਹ ਸਮੇਂ ਨਿਭਾਈ ਜਾਂਦੀ ਹੈ। ਰਸਮ ਦਾ ਮੁੱਖ ਮਨੋਰਥ ਇਕ ਦੂਜੇ ਨੂੰ ਆਰਥਕ ਮਦਦ ਦੇਣਾ ਸੀ। ਬਜ਼ੁਰਗਾਂ ਦੇ ਦਸਣ ਅਨੁਸਾਰ ਹਰ ਪ੍ਰਵਾਰ ਵਲੋਂ ਇਹ ਰਸਮ ਨਿਭਾਈ ਜਾਂਦੀ ਸੀ। ਮੁੰਡੇ ਅਤੇ ਕੁੜੀ ਦੋਹਾਂ ਦੇ ਵਿਆਹ ਸਮੇਂ ਇਹ ਰਸਮ ਨਿਭਾਈ ਜਾਂਦੀ ਸੀ। ਇਸ ਰਸਮ ਦੌਰਾਨ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਲੋਕਾਂ ਵਲੋਂ ਵਿਆਹ ਵਾਲੇ ਪ੍ਰਵਾਰ ਨੂੰ ਰੁਪਏ ਦਿਤੇ ਜਾਂਦੇ ਹਨ। ਪੰਜਾਬੀ ਦੇ ਲੋਕ ਸਾਹਿਤ ਵਿਚ ਵੀ ਇਨ੍ਹਾਂ ਰਸਮਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਤੂਤੀ ਬੋਲਦੀ ਰਹਿੰਦੀ ਹੈ। ਬਹੁਤ ਸਾਰੇ ਮੁਹਾਵਰੇ ਜਿਵੇਂ ਕਿ ‘ਨਿਉਂਦਾ ਪਾਉਣਾ ਜਾਂ ਭਾਜੀ ਮੋੜਨੀ’ ਇਨ੍ਹਾਂ ਰਸਮਾਂ ’ਤੇ ਹੀ ਆਧਾਰਤ ਹਨ।

ਪੁਰਾਤਨ ਸਮਿਆਂ ਵਿਚ ਆਮ ਤੌਰ ’ਤੇ ਵਿਆਹ ਤਿੰਨ ਚਾਰ ਦਿਨ ਚਲਦਾ ਸੀ। ਪਹਿਲੇ ਦਿਨ ਹਲਵਾਈ ਦੀ ਆਮਦ ਨਾਲ ਕੜਾਹੀ ਚੜ੍ਹਾਉਣ ਨਾਲ ਲੱਡੂ ਅਤੇ ਹੋਰ ਪਕਵਾਨ ਬਣਾਉਣ ਦੀ ਸ਼ੁਰੂਆਤ ਕੀਤੀ ਜਾਂਦੀ ਸੀ। ਇਸ ਦਿਨ ਭਾਈਚਾਰੇ ਦੇ ਲੋਕ ਖ਼ੁਦ ਹਲਵਾਈ ਨਾਲ ਸਾਰਾ ਕੰਮ ਕਾਰ ਕਰਵਾਉਂਦੇ ਸਨ ਅਤੇ ਲੱਡੂ ਵੱਟਣ ਲਈ ਆਂਢ ਗੁਆਂਢ ਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਜਾਂਦਾ ਸੀ। ਦੂਜੇ ਦਿਨ ਨੂੰ ਰੋਟੀ ਵਾਲਾ ਦਿਨ ਕਿਹਾ ਜਾਂਦਾ ਸੀ ਅਤੇ ਤੀਜੇ ਦਿਨ ਬਰਾਤ ਚੜ੍ਹਦੀ ਸੀ ਅਤੇ ਇਸੇ ਦਿਨ ਹੀ ਆਨੰਦ ਕਾਰਜਾਂ ਦੀ ਰਸਮ ਨਿਭਾਈ ਜਾਂਦੀ ਸੀ। ਨਿਉਂਦਾ ਪਾਉਣ ਦੀ ਰਸਮ ਰੋਟੀ ਵਾਲੇ ਦਿਨ ਕੀਤੀ ਜਾਂਦੀ ਸੀ। ਰੋਟੀ ਵਾਲੇ ਦਿਨ ਸ਼ਾਮ ਦੇ ਸਮੇਂ ਵਿਆਹ ਵਾਲੇ ਘਰ ਵਿਹੜੇ ਵਿਚ ਦਰੀ ਵਿਛਾ ਕੇ ਰਿਸ਼ਤੇਦਾਰ ਅਤੇ ਭਾਈਚਾਰੇ ਦੇ ਲੋਕ ਬੈਠ ਜਾਂਦੇ ਸਨ। ਉਨ੍ਹਾਂ ਦਿਨਾਂ ਵਿਚ ਆਮ ਪ੍ਰਵਾਰਾਂ ਵਿਚ ਪੜ੍ਹਾਈ ਨੂੰ ਬਹੁਤਾ ਮਹੱਤਵ ਨਹੀਂ ਸੀ ਦਿਤਾ ਜਾਂਦਾ। ਲਿਖਤ ਪੜ੍ਹਤ ਦਾ ਕੰਮ ਪਿੰਡ ਦੇ ਮਹਾਜਨ ਹੀ ਕਰਦੇ ਸਨ। ਨਿਉਂਦਾ ਲਿਖਣ ਲਈ ਵੀ ਮਹਾਜਨ ਨੂੰ ਹੀ ਬੁਲਾਇਆ ਜਾਂਦਾ ਸੀ। ਹਰ ਪ੍ਰਵਾਰ ਵਲੋਂ ਮਹਾਜਨਾਂ ਦੀ ਵਹੀ ਵਰਗੀ ਲਾਲ ਵਹੀ ਉਪਰ ਬਕਾਇਦਾ ਨਿਉਂਦੇ ਦਾ ਹਿਸਾਬ ਕਿਤਾਬ ਰਖਿਆ ਜਾਂਦਾ ਸੀ। ਨਿਉਂਦੇ ਦੀ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਭਾਈਚਾਰੇ ਨੂੰ ਸਪੀਕਰ ਰਾਹੀਂਂ ਅਨਾਊਸਮੈਂਟ ਕਰ ਕੇ ਜਾਂ ਫਿਰ ਸੁਨੇਹਾ ਭੇਜ ਕੇ ਸੂਚਿਤ ਕੀਤਾ ਜਾਂਦਾ ਸੀ।

ਹਰ ਪ੍ਰਵਾਰ ਦੀ ਨਿਉਂਦੇ ਵਾਲੀ ਵਹੀ ਉਪਰ ਉਸ ਪ੍ਰਵਾਰ ਨੂੰ ਪਏ ਨਿਉਂਦੇ ਦੀ ਲਿਖਤ ਕੀਤੀ ਜਾਂਦੀ ਸੀ। ਨਿਉਂਦਾ ਪਵਾਉਣ ਆਇਆ ਮਹਾਜਨ ਪ੍ਰਵਾਰ ਦੇ ਮੋਢੀ ਨੂੰ ਕੋਲ ਬਿਠਾ ਕੇ ਦਸਦਾ ਜਾਂਦਾ ਸੀ ਕਿ ਇਸ ਪ੍ਰਵਾਰ ਵਲ ਤੁਹਾਡੀ ਨਿਉਂਦੇ ਦੀ ਕਿੰਨੀ ਰਕਮ ਹੈ। ਆਮ ਤੌਰ ’ਤੇ ਨਿਉਂਦਾ ਵਾਧੇ ਨਾਲ ਹੀ ਪਾਇਆ ਜਾਂਦਾ ਸੀ। ਇਹ ਵਾਧਾ ਨਿਉਂਦਾ ਲੈਣ ਵਾਲੇ ਪ੍ਰਵਾਰ ਅਤੇ ਨਿਉਂਦਾ ਪਾਉਣ ਵਾਲੇ ਸਬੰਧਤ ਰਿਸ਼ਤੇਦਾਰ ਜਾਂ ਭਾਈਚਾਰੇ ਦੇ ਪ੍ਰਵਾਰ ਦੀ ਆਪਸੀ ਸਹਿਮਤੀ ਨਾਲ ਹੀ ਹੁੰਦਾ ਸੀ ਕਿਉਂਕਿ ਨਿਉਂਦਾ ਲੈਣ ਵਾਲੇ ਪ੍ਰਵਾਰ ਨੂੰ ਇਹ ਭਲੀਭਾਂਤ ਪਤਾ ਹੁੰਦਾ ਸੀ ਕਿ ਭਵਿੱਖ ਵਿਚ ਇਹ ਸਾਰੀ ਰਕਮ ਨਿਉਂਦੇ ਦੇ ਰੂਪ ਵਿਚ ਵਾਪਸ ਵੀ ਕਰਨੀ ਹੈ। ਜੇਕਰ ਭਾਈਚਾਰੇ ਦਾ ਕੋਈ ਪ੍ਰਵਾਰ ਜਾਂ ਰਿਸ਼ਤੇਦਾਰ ਨਿਉਂਦੇ ਦਾ ਵਰਤਾਅ ਬੰਦ ਕਰਨਾ ਚਾਹੇ ਤਾਂ ਪੂਰਾ ਨਿਉਂਦਾ ਪਾ ਕੇ ਹਿਸਾਬ ਬਰਾਬਰ ਵੀ ਕਰ ਸਕਦਾ ਸੀ। ਇਸੇ ਤਰ੍ਹਾਂ ਹੀ ਜੇਕਰ ਕੋਈ ਪ੍ਰਵਾਰ ਜਾਂ ਰਿਸ਼ਤੇਦਾਰ ਨਿਉਂਦੇ ਦਾ ਨਵਾਂ ਵਰਤਾਅ ਸ਼ੁਰੂ ਕਰਨਾ ਚਾਹੇ ਤਾਂ ਸ਼ੁਰੂ ਵੀ ਕਰ ਸਕਦਾ ਸੀ। ਇਸ ਤਰ੍ਹਾਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਵਲੋਂ ਨਿਉਂਦੇ ਦੇ ਰੂਪ ਵਿਚ ਆਈ ਰਕਮ ਸਬੰਧਤ ਪ੍ਰਵਾਰ ਦੀ ਆਰਥਕ ਸਹਾਇਤਾ ਦਾ ਸਬੱਬ ਬਣਦੀ ਸੀ।

ਸਮੂਹ ਭਾਈਚਾਰੇ ਅਤੇ ਰਿਸ਼ਤੇਦਾਰਾਂ ਵਲੋਂ ਥੋੜ੍ਹੀ ਥੋੜ੍ਹੀ ਰਾਸ਼ੀ ਨਾਲ ਵਿਆਹ ਵਾਲੇ ਘਰ ਨੂੰ ਆਰਥਕ ਮਦਦ ਦੇਣ ਦੀ ਇਹ ਰਸਮ ਨਾ ਕੇਵਲ ਸਬੰਧਤ ਪ੍ਰਵਾਰ ਦੀ ਆਰਥਕ ਮਦਦ ਦਾ ਸਬੱਬ ਬਣਦੀ ਸੀ ਸਗੋਂ ਭਾਈਚਾਰਕ ਸਾਂਝਾਂ ਨੂੰ ਵੀ ਮਜ਼ਬੂਤ ਕਰਦੀ ਸੀ। ਪਰ ਸਮੇਂ ਦੀ ਤਬਦੀਲੀ ਨਾਲ ਨਿਉਂਦਾ ਪਾਉਣ ਦੀ ਰਸਮ ਸਾਡੇ ਸਮਾਜ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ। ਨਿਉਂਦਾ ਪਾਉਣ ਦੀ ਰਸਮ ਦੇ ਖ਼ਾਤਮੇ ਨਾਲ ਹੀ ਭਾਈਚਾਰਕ ਸਾਂਝਾਂ ਵੀ ਖ਼ਾਤਮੇ ਦੀ ਕਾਗਾਰ ’ਤੇ ਆਣ ਖੜੀਆਂ ਹਨ। ਅਜੋਕੇ ਇਨਸਾਨ ਦੀਆਂ ਮਾਨਸਕ ਸਮੱਸਿਆਵਾਂ ਵਿਚ ਆ ਰਹੀ ਜਟਿਲਤਾ ਦੀ ਵਜ੍ਹਾ ਵੀ ਸ਼ਾਇਦ ਖ਼ਤਮ ਹੋ ਰਹੀਆਂ ਭਾਈਚਾਰਕ ਸਾਂਝਾਂ ਹੀ ਹਨ। ਪੁਰਾਤਨ ਸਮਿਆਂ ਵਿਚ ਇਨਸਾਨ ਦੇ ਮਨੋਬਲ ਨੂੰ ਮਜ਼ਬੂਤ ਕਰਨ ਅਤੇ ਇਕੱਲਤਾ ਦੂਰ ਕਰਨ ਵਿਚ ਇਨ੍ਹਾਂ ਭਾਈਚਾਰਕ ਸਾਂਝਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। 
-ਬਿੰਦਰ ਸਿੰਘ ਖੁੱਡੀ ਕਲਾਂ
98786-05965

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement