
ਔਰਤ ਚਾਹੇ ਪਿੰਡ ਨਾਲ ਸਬੰਧਤ ਹੋਵੇ ਜਾਂ ਸ਼ਹਿਰ ਨਾਲ, ਹੁਣ ਤਕ ਉਸ ਨੇ ਬਹੁਤ ਦੁੱਖ ਸਹੇ ਹਨ ਅਤੇ ਤਕੜੇ ਸੰਘਰਸ਼ ਕੀਤੇ ਹਨ।
Rural women can change the destiny of the world: ਔਰਤ ਚਾਹੇ ਪਿੰਡ ਨਾਲ ਸਬੰਧਤ ਹੋਵੇ ਜਾਂ ਸ਼ਹਿਰ ਨਾਲ, ਹੁਣ ਤਕ ਉਸ ਨੇ ਬਹੁਤ ਦੁੱਖ ਸਹੇ ਹਨ ਅਤੇ ਤਕੜੇ ਸੰਘਰਸ਼ ਕੀਤੇ ਹਨ। ਬੇਸ਼ੱਕ 21ਵੀਂ ਸਦੀ ਵਿਚ ਵੀ ਔਰਤ ਨਾਲ ਵਿਤਕਰਾ, ਧੱਕਾ ਅਤੇ ਜ਼ੁਲਮ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਪਰ ਚੰਗੀ ਗੱਲ ਇਹ ਵੀ ਹੈ ਕਿ ਪੜ੍ਹਾਈ-ਲਿਖਾਈ ਦਾ ਮਿਆਰ ਵਧਣ ਨਾਲ ਔਰਤ ਦੀ ਸੋਚ ਤੇ ਸੰਘਰਸ਼ ਦੀ ਤਾਕਤ ਵੀ ਵਧੀ ਹੈ । ਉੱਚੀਆਂ ਪਦਵੀਆਂ ਤੇ ਦੁਨੀਆਂ ਦੇ ਵੱਡੇ ਇਨਾਮ-ਸਨਮਾਨ ਹਾਸਲ ਕਰ ਚੁੱਕੀ ਅਜੋਕੀ ਔਰਤ ਪੁਰਸ਼ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੱਧ ਯੋਗਦਾਨ ਪਾ ਕੇ ਪ੍ਰਵਾਰ, ਦੇਸ਼ ਅਤੇ ਸਮਾਜ ਨੂੰ ਅੱਗੇ ਵਧਾਉਣ ਦਾ ਵੱਡਾ ਕਾਰਜ ਕਰ ਰਹੀ ਹੈ। ਇਹ ਇਕ ਦਿਲਚਸਪ ਤੱਥ ਹੈ ਕਿ ਦੁਨੀਆਂ ਦੀ ਕੁਲ ਆਬਾਦੀ ਦਾ ਇਕ-ਚੌਥਾਈ ਹਿੱਸਾ ਉਨ੍ਹਾਂ ਪੇਂਡੂ ਔਰਤਾਂ ਦਾ ਹੈ ਜੋ ਖੇਤ ਜਾਂ ਖੇਤੀ ਖੇਤਰ ਨਾਲ ਜਾਂ ਤਾਂ ਸਿੱਧੇ ਤੌਰ ’ਤੇ ਜੁੜੀਆਂ ਹਨ ਜਾਂ ਫਿਰ ਖੇਤੀ ਆਧਾਰਤ ਸਨਅਤਾਂ ਵਿਚ ਕੰਮ ਕਰ ਕੇ ਰੋਜ਼ੀ-ਰੋਟੀ ਕਮਾਉਂਦੀਆਂ ਹਨ।
ਸਮੁੱਚੀ ਦੁਨੀਆਂ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ 20 ਫ਼ੀ ਸਦੀ ਤੋਂ ਘੱਟ ਹਿੱਸਾ ਔਰਤਾਂ ਦੇ ਨਾਂਅ ਹੈ ਅਤੇ ਪੇਂਡੂ ਇਲਾਕਿਆਂ ਵਿਚ ਖੇਤੀ ਖੇਤਰ ਦੀਆਂ ਦਿਹਾੜੀਦਾਰ ਔਰਤਾਂ ਦਾ ਮਿਹਨਤਾਨਾ ਪੁਰਸ਼ਾਂ ਦੇ ਮੁਕਾਬਲੇ 40 ਫ਼ੀ ਸਦੀ ਘੱਟ ਹੈ। ਵਿੱਤੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਬੰਧੂਆ ਮਜ਼ਦੂਰੀ ਅਤੇ ਪੁਰਸ਼-ਔਰਤ ਦੀਆਂ ਮਿਹਨਤਾਨਾ ਦਰਾਂ ਵਿਚਲੇ ਅੰਤਰ ਨੂੰ ਸੰਨ 2025 ਤਕ 25 ਫ਼ੀ ਸਦੀ ਵੀ ਘੱਟ ਕਰ ਲਿਆ ਜਾਵੇ ਤਾਂ ਦੁਨੀਆਂ ਦਾ ਜੀਡੀਪੀ 4 ਫ਼ੀ ਸਦੀ ਦੇ ਕਰੀਬ ਵੱਧ ਸਕਦਾ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੇਕਰ ਪੇਂਡੂ ਖੇਤਰ ਦੀਆਂ ਕਿਸਾਨੀ ਨਾਲ ਸਬੰਧਤ ਔਰਤਾਂ ਦੀ ਪਹੁੰਚ ਵਾਹੀਯੋਗ ਜ਼ਮੀਨ, ਸੰਦਾਂ, ਸਿਖਿਆ ਅਤੇ ਮਾਰਕੀਟਿੰਗ ਤਕ ਹੋ ਜਾਵੇ ਤਾਂ ਦੁਨੀਆਂ ਭਰ ਦੇ ਕੁਲ ਅੰਨ ਉਤਪਾਦਨ ਵਿਚ ਇੰਨਾ ਕੁ ਵਾਧਾ ਜ਼ਰੂਰ ਹੋ ਸਕਦਾ ਹੈ ਜਿਸ ਨਾਲ ਵਿਸ਼ਵ ਭਰ ਦੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਵਿਚੋਂ 100 ਤੋਂ 150 ਮਿਲੀਅਨ ਲੋਕਾਂ ਦੀ ਸੰਖਿਆ ਘੱਟ ਕੀਤੀ ਜਾ ਸਕਦੀ ਹੈ।
ਭਾਰਤ ਵਿਚ ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਹਰ ਸਾਲ ‘ਕੌਮੀ ਮਹਿਲਾ ਕਿਸਾਨ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਨ ਖੇਤੀ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ, ਸਲਾਹਿਆ ਤੇ ਸਨਮਾਨਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਭਾਰਤ ਦੇ ਜ਼ਿਆਦਾਤਰ ਖੇਤੀ ਜਾਂ ਵਿੱਤੀ ਮਾਹਰ ਇਹ ਮੰਨਦੇ ਹਨ ਕਿ ਭਾਰਤ ਵਿਚ ਖੇਤੀਬਾੜੀ ਖ਼ਿੱਤੇ ਅੰਦਰ ਮਹਿਲਾਵਾਂ ਪੱਖੀ ਵਿਚਾਰਧਾਰਾ ਦੀ ਬੜੀ ਵੱਡੀ ਘਾਟ ਹੈ ਅਤੇ ਇਸ ਖਿੱਤੇ ਵਿਚ ਔਰਤ ਦੇ ਯੋਗਦਾਨ ਨੂੰ ਬੜਾ ਹੀ ਘੱਟ ਪਛਾਣਿਆ ਤੇ ਸਲਾਹਿਆ ਜਾਂਦਾ ਹੈ ਜਦਕਿ ਸਿਵਾਏ ਹਲ ਵਾਹੁਣ ਦੇ, ਬਾਕੀ ਸਾਰੇ ਖੇਤੀ ਕਾਰਜ ਜਿਵੇਂ ਬੀਜ ਚੋਣ, ਬੀਜ ਦੀ ਸੰਭਾਲ, ਬਿਜਾਈ, ਨਦੀਨ ਪੁਟਣਾ, ਕਟਾਈ ਅਤੇ ਪਰਾਲੀ ਜਾਂ ਤੂੜੀ ਦੀ ਸਾਂਭ-ਸੰਭਾਲ ਵਿਚ ਔਰਤਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ।
ਤ੍ਰਾਸਦੀ ਇਹ ਹੈ ਕਿ ਮਹਿਲਾ ਵਰਗ ਨੂੰ ਖੇਤੀ ਨਾਲ ਸਬੰਧਤ ਅਤੇ ਘਰੇਲੂ ਕੰਮਾਂ, ਭਾਵ ਦੋਵਾਂ ਖੇਤਰਾਂ ਵਿਚ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ ਅਤੇ ਬਹੁਤੀ ਵਾਰ ਪ੍ਰਵਾਰ ਦੀ ਔਰਤ ਦਾ ਇਹ ਮਹੱਤਵਪੂਰਨ ਯੋਗਦਾਨ ਅਣਗੌਲਿਆ ਹੀ ਰਹਿ ਜਾਂਦਾ ਹੈ। ਇਕ ਸਰਵੇਖਣ ਅਨੁਸਾਰ ਭਾਰਤ ਜਿਹੇ ਹੋਰ ਵਿਕਾਸਸ਼ੀਲ ਮੁਲਕਾਂ ਵਿਚ ਜੇਕਰ ਖੇਤੀ ਖੇਤਰ ਨਾਲ ਜੁੜੀਆਂ ਔਰਤਾਂ ਦੀ ਪੁਰਸ਼ਾਂ ਵਾਂਗ ਸਾਰੇ ਸਰੋਤਾਂ ਤਕ ਬਰਾਬਰ ਦੀ ਪਹੰੁਚ ਹੁੰਦੀ ਤਾਂ ਇਨ੍ਹਾਂ ਮੁਲਕਾਂ ਦੀ ਖੇਤੀ ਉਪਜ ਵਿਚ 20 ਤੋਂ 30 ਫ਼ੀ ਸਦੀ ਤਕ ਵਾਧਾ ਹੋ ਜਾਂਦਾ ਜੋ ਕਿ ਇਨ੍ਹਾਂ ਮੁਲਕਾਂ ਅੰਦਰ ਪਸਰੀ ਭੁੱਖਮਰੀ ਨੂੰ ਖ਼ਤਮ ਕਰਨ ਦੇ ਕੰਮ ਆਉਂਦਾ। ਦੁਨੀਆਂ ਦੀ ਗੱਲ ਛੱਡ ਕੇ ਜੇਕਰ ਕੇਵਲ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪੇਂਡੂ ਖੇਤਰ ਦੀਆਂ 85 ਫ਼ੀ ਸਦੀ ਔਰਤਾਂ ਕਿਸਾਨੀ ਨਾਲ ਜੁੜੀਆਂ ਹਨ ਪਰ ਜ਼ਮੀਨ ਦੀ ਮਲਕੀਅਤ ਕੇਵਲ 5 ਫ਼ੀ ਸਦੀ ਔਰਤਾਂ ਦੇ ਨਾਂ ਹੈ। ਖੇਤੀ ਖੇਤਰ ਦੀਆਂ ਬੇਜ਼ਮੀਨ ਮਜ਼ਦੂਰ ਔਰਤਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਹੈ।