
Punjab Culture: ਪੰਜਾਬ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਜਿਥੇ ਕਈ ਤਰ੍ਹਾਂ ਦੇ ਤਿਉਹਾਰ, ਰੀਤੀ ਰਿਵਾਜ ਤੇ ਅਪਣਾ ਸਭਿਆਚਾਰ
Bringing beds from home has disappeared Punjab Culture: ਪੰਜਾਬ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ ਜਿਥੇ ਕਈ ਤਰ੍ਹਾਂ ਦੇ ਤਿਉਹਾਰ, ਰੀਤੀ ਰਿਵਾਜ ਤੇ ਅਪਣਾ ਸਭਿਆਚਾਰ ਹੈ। ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡਾਂ ਵਿਚ ਵਿਆਹ ਹੁੰਦੇ ਸੀ। ਵਿਆਹ ਤੋਂ ਪਹਿਲਾ ਸਾਲ ਕੁ ਵਕਫ਼ੇ ਤੇ ਛੁਹਾਰਾ ਲਗਦਾ ਸੀ। ਕਈ ਕਈ ਦਿਨ ਸਪੀਕਰ ਦੋ ਮੰਜਿਆਂ ਨਾਲ ਬੰਨ੍ਹ ਵਜਾਇਆ ਜਾਂਦਾ ਸੀ। ਸਾਡੇ ਇਲਾਕੇ ਵਿਚ ਤੋਕੀ ਵਾਜੇ ਵਾਲਾ ਮਸ਼ਹੂਰ ਸੀ।ਜੋ ਸੂਈਆਂ ਬਦਲ ਬਦਲ ਨਵੇਂ ਨਵੇਂ ਉਸ ਵੇਲੇ ਦੇ ਨਾਮੀ ਕਲਾਕਾਰਾਂ ਦੇ ਰਿਕਾਰਡ ਲਾਉਂਦਾ ਸੀ।
ਸਾਡੇ ਮੁੰਡਿਆਂ ਦਾ ਡੇਰਾ ਉਥੇ ਲੱਗਾ ਰਹਿੰਦਾ ਸੀ। ਇਕ ਵਾਰੀ ਬਰਾਤ ਸਾਡੇ ਪਿੰਡ ਆਈ ਸੀ ਜੋ ਰੱਜੀ ਜਾਝੀਆਂ ਦੀ ਬਰਾਤ ਸ਼ਰਾਬ ਨਾਲ ਸਾਰੀ ਰਾਤ ਤੋਕੀ ਵਾਜੇ ਵਾਲੇ ਦੇ ਸਪੀਕਰ ਤੇ ਗਾਣੇ ਸੁਣਦੇ ਰਹੀ। ਇਤਫ਼ਾਕ ਨਾਲ ਉਸ ਰਾਤ ਸਾਡੇ ਪਿੰਡ ਪੁਲਿਸ ਆਈ ਸੀ ਜੋ ਸਰਪੰਚ ਦੀ ਬੈਠਕ ਵਿਚ ਠਹਿਰੇ ਸੀ। ਸਵੇਰੇ ਤੋਕੀ ਵਾਜੇ ਵਾਲੇ ਨੂੰ ਥਾਣੇਦਾਰ ਨੇ ਬੁਲਾ ਕੇ ਤੂੰ ਸਪੀਕਰ ਵਜਾ ਸਾਰੀ ਰਾਤ ਸੌਣ ਨਹੀਂ ਦਿਤਾ ਉਹ ਛਿੱਤਰ ਪਰੇਡ ਕੀਤੀ ਤੋਕੀ ਦਾ ਪਜਾਮੇ ਵਿਚ ਪਿਸ਼ਾਬ ਨਿਕਲ ਗਿਆ। ਬਰਾਤ ਆਉਣ ਤੇ ਪਿੰਡ ਵਿਚ ਚਹਿਲ ਬਹਿਲ ਹੁੰਦੀ ਸੀ ਜਿਸ ਤਰ੍ਹਾਂ ਉਨ੍ਹਾਂ ਦੇ ਘਰ ਵਿਚ ਹੀ ਵਿਆਹ ਹੋ ਰਿਹਾ ਹੋਵੇ।
ਛੁਹਾਰੇ ਤੋਂ ਸਾਲ ਕੁ ਬਾਅਦ ਵਿਆਹ ਹੁੰਦਾ ਸੀ। ਕਈ ਕਈ ਦਿਨ ਬਰਾਤਾਂ ਠਹਿਰਦੀਆਂ ਸਨ। ਸਾਰਾ ਪਿੰਡ ਵਿਆਹ ਵਾਲੇ ਘਰ ਸ਼ਰੀਕ ਹੁੰਦਾ ਸੀ। ਵਿਆਹ ਤਕ ਰੋਟੀ ਵਿਆਹ ਵਾਲੇ ਘਰ ਹੀ ਹੁੰਦੀ ਸੀ। ਸਾਦਾ ਵਿਆਹ ਥੋੜਿ੍ਹਆਂ ਪੈਸਿਆ ਨਾਲ ਵੀ ਹੋ ਜਾਂਦਾ ਸੀ। ਸਾਰੇ ਲੋਕ ਅਪਣਾ ਧੀ ਪੁੱਤ ਸਮਝ ਵਿਆਹ ਦੀਆਂ ਰਸਮਾਂ ਵਿਚ ਸ਼ਾਮਲ ਹੁੰਦੇ ਸੀ। ਦੁੱਧ ਤੇ ਹੋਰ ਵਿਆਹ ਦੀਆਂ ਜ਼ਰੂਰੀ ਵਸਤਾਂ ਇਕੱਠੀਆਂ ਪਿੰਡ ਵਿਚੋਂ ਘਰ ਵਿਆਹ ਵਾਲੇ ਘਰ ਦੀ ਆਰਥਕ ਮਦਦ ਕਰਦੇ ਸੀ। ਭਾਜੀ ਦੇਣ ਵਾਸਤੇ ਹਲਵਾਈ ਕਿੰਨੇ ਦਿਨ ਪਹਿਲਾ ਲਗਾ ਦਿਤੇ ਜਾਂਦੇ ਸੀ। ਮੈਂ ਇਥੇ ਗੱਲ ਮੰਜੇ ਬਿਸਤਰਿਆਂ ਦੀ ਕਰ ਰਿਹਾ ਹਾਂ।
ਬਰਾਤੀਆਂ ਦੇ ਸੋਣ ਵਾਸਤੇ ਮੰਜੇ ਬਿਸਤਰਿਆਂ ਦਾ ਇੰਤਜ਼ਾਮ ਕਈ ਕਈ ਦਿਨ ਪਹਿਲਾ ਕਰਨਾ ਪੈਦਾ ਸੀ। ਅਸੀ ਬੱਚੇ ਲੋਕ ਇਸ ਕੰਮ ਵਿਚ ਮੋਹਰੀ ਹੁੰਦੇ ਸੀ। ਘਰ ਘਰ ਜਾ ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨ। ਗਰਮੀਆਂ ਵਿਚ ਮੰਜੇ ਦੇ ਨਾਲ ਨਾਲ ਦਰੀ, ਖੇਸ, ਸਰਹਾਣਾ, ਸਿਆਲ ਵਿਚ ਤਲਾਈ, ਚਾਦਰ, ਰਜਾਈ, ਸਰਹਾਣਾ ਹੁੰਦਾ ਸੀ। ਬਕਾਇਦਾ ਰਜਿਸਟਰ ਵਿਚ ਸੀਰੀਅਲ ਨੰਬਰ, ਨਾਂ ਲਿਖ ਕਪੜਿਆਂ ਦੀ ਗਿਣਤੀ ਲਿਖ ਉਸ ਦਾ ਨੰਬਰ ਕਲਮ ਸ਼ਾਹੀ ਨਾਲ ਮੰਜੇ ਬਿਸਤਰੇ ’ਤੇ ਲਗਾਇਆ ਜਾਂਦਾ ਸੀ ਤਾਂ ਜੋ ਮੰਜੇ ਬਿਸਤਰਿਆਂ ਦੀ ਸ਼ਨਾਖ਼ਤ ਰਹੇ। ਲੋਕੀਂ ਵੀ ਜਾਝੀਆਂ ਵਾਸਤੇ ਉਨ੍ਹਾਂ ਦੀ ਆਉ ਭਗਤ ਵਾਸਤੇ ਨਵੇਂ ਮੰਜੇ ਬਿਸਤਰੇ ਰੰਗਦਾਰ ਬੂਟੀਆਂ ਵਾਲੇ ਰਖਦੇ ਸੀ। ਜੇ ਕਿਤੇ ਬਰਾਤੀਆਂ ਵਲੋਂ ਮੰਜਾ ਬਿਸਤਰਾ ਖ਼ਰਾਬ ਵੀ ਹੋ ਜਾਂਦਾ ਸੀ ਧਿਆਨ ਨਹੀਂ ਦਿੰਦੇ ਸੀ। ਜੰਝ ਦੀ ਆਮਦ ਗੁਰਦਵਾਰੇ ਜਾਂ ਜੰਝ ਘਰਾਂ ਵਿਚ ਹੁੰਦੀ ਸੀ। ਮੰਜੇ ਬਿਸਤਰੇ ਵਿਛਾ ਦਿਤੇ ਜਾਂਦੇ ਸੀ। ਸਰਹਾਣੇ ਪੱਖੀ ਹਵਾ ਝੱਲਣ ਲਈ ਰੱਖ ਦਿਤੀ ਜਾਂਦੀ ਸੀ।
ਬਰਾਤ ਦੇ ਆਉਂਦਿਆਂ ਪਹਿਲਾ ਸਟੀਲ ਦੇ ਗਲਾਸ ਵਿਚ ਚਾਹ ਨਾਲ ਬੂੰਦੀ, ਮੱਠੀ ਦਿਤੀ ਜਾਂਦੀ ਸੀ। ਕਮਾਲ ਦੀ ਗੱਲ ਇਹ ਸੀ ਜਾਂਝੀ ਸਾਰੇ ਪਿੰਡ ਵਿਚ ਆਪੋ ਅਪਣੀ ਸਾਂਝ ਵਾਲੇ ਘਰ ਚਲੇ ਜਾਂਦੇ ਸੀ, ਜਾਝੀ ਜਿਹੜੇ ਵੀ ਘਰ ਵਿਚ ਚਲੇ ਜਾਂਦੇ ਸੀ ਉਨ੍ਹਾਂ ਦੀ ਖ਼ਾਤਰਦਾਰੀ ਪੂਰੀ ਕੀਤੀ ਜਾਂਦੀ ਸੀ। ਬਰਾਤ ਵਾਪਸ ਜਾਣ ’ਤੇ ਬਿਸਤਰੇ ਘਰ ਘਰ ਵੰਡ ਦਿਤੇ ਜਾਂਦੇ ਸਨ ਜਿਥੇ ਬਰਾਤਾਂ ਕਈ ਕਈ ਦਿਨ ਠਹਿਰਦੀਆਂ ਸਨ, ਹੁਣ ਵਿਆਹ ਮਹਿੰਗੇ ਪੈਲੇਸਾਂ ਵਿਚ ਤਿੰਨ ਚਾਰ ਘੰਟੇ ਸਿਮਟ ਕੇ ਰਹਿ ਗਿਆ ਹੈ। ਨਾ ਉਹ ਪਿਆਰ ਤੇ ਨਾ ਹੀ ਉਹ ਸਾਂਝ ਰਹੀ ਹੈ। ਨਾ ਹੀ ਮੰਜੇ ਬਿਸਤਰੇ ਰਹੇ ਹਨ ਅਤੇ ਨਾ ਹੀ ਮੰਜੇ ਇਕੱਠੇ ਕਰਨ ਵਾਲੇ। ਦਿਲ ਕਰਦਾ ਹੈ ਫਿਰ ਪਿਛਲੀ ਦੁਨੀਆਂ ਵਿਚ ਜਾ ਮੰਜੇ ਬਿਸਤਰੇ ਇਕੱਠੇ ਕਰ ਤੋਕੀ ਵਾਜੇ ਵਾਲੇ ਦਾ ਸਪੀਕਰ ਸੁਣੀਏ ਜਿਸ ਤੋਂ ਨੌਜਵਾਨ ਪੀੜ੍ਹੀ ਅਨਜਾਣ ਹੈ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁੱਕਤ ਇੰਸਪੈਕਟਕ ਪੰਜਾਬ ਪੁਲਿਸ। 9878600221