
ਕੋਰੋਨਾ ਵਾਇਰਸ (ਕੋਵਿਡ-19) ਨਾਲ ਇਸ ਸਮੇਂ ਪੂਰੀ ਦੁਨੀਆਂ ਜੂਝ ਰਹੀ ਹੈ
ਕੋਰੋਨਾ ਵਾਇਰਸ (ਕੋਵਿਡ-19) ਨਾਲ ਇਸ ਸਮੇਂ ਪੂਰੀ ਦੁਨੀਆਂ ਜੂਝ ਰਹੀ ਹੈ। ਇਹ ਖ਼ਤਰਨਾਕ ਮਹਾਂਮਾਰੀ ਸਿਹਤ ਸਬੰਧੀ ਦੂਜੀਆਂ ਕਈ ਗੰਭੀਰ ਸਮੱਸਿਆਵਾਂ ਦਾ ਵੀ ਕਾਰਨ ਬਣ ਰਹੀ ਹੈ। ਹੁਣ ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਹੈ ਕਿ ਆਈ.ਸੀ.ਯੂ. ਵਿਚ ਭਰਤੀ ਹੋਣ ਵਾਲੇ ਗੰਭੀਰ ਕੋਰੋਨਾ ਪੀੜਤਾਂ ਵਿਚ ਦਿਲ ਦੀ ਧੜਕਣ ਸਬੰਧੀ ਵਿਕਾਰਾਂ ਜਾਂ ਦਿਲ ਦੇ ਦੌਰੇ ਦਾ 10 ਗੁਣਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਇਸ ਅਧਿਐਨ ਤੋਂ ਗੰਭੀਰ ਰੋਗੀਆਂ ਨੂੰ ਇਸ ਤਰ੍ਹਾਂ ਦੇ ਜ਼ੋਖਮ ਤੋਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ।
University of Pennsylvania
ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ, ਕੋਰੋਨਾ ਦੇ ਕੁੱਝ ਰੋਗੀਆਂ ਨੂੰ ਦਿਲ ਦੇ ਦੌਰੇ ਅਤੇ ਬੇਨਿਯਮੀ ਧੜਕਣ ਦੀ ਸਮੱਸਿਆ ਨਾਲ ਜੂਝਣਾ ਪਿਆ। ਅਜਿਹਾ ਕੋਰੋਨਾ ਦੇ ਗੰਭੀਰ ਇਨਫ਼ੈਕਸ਼ਨ ਕਾਰਨ ਹੋ ਸਕਦਾ ਹੈ। ਇਹ ਸਿੱਟਾ ਹਸਪਤਾਲ ਵਿਚ ਭਰਤੀ ਕੀਤੇ ਗਏ ਕਰੀਬ 700 ਕੋਰੋਨਾ ਮਰੀਜ਼ਾਂ ਵਿਚ ਦਿਲ ਦੇ ਦੌਰੇ ਅਤੇ ਬੇਨਿਯਮੀ ਧੜਕਣ ਦੇ ਖ਼ਤਰੇ ਦੀ ਸਮੀਖਿਆ ਦੇ ਆਧਾਰ 'ਤੇ ਕਢਿਆ ਗਿਆ ਹੈ।
Corona virus
ਹਾਰਟ ਰਿਦਮ ਪੱਤਰਕਾ ਵਿਚ ਪ੍ਰਕਾਸ਼ਤ ਹੋਏ ਸਿੱਟੇ ਅਤੇ ਪਹਿਲਾਂ ਕੀਤੇ ਗਏ ਅਧਿਐਨਾਂ ਵਿਚਕਾਰ ਅੰਤਰ ਪਾਇਆ ਗਿਆ ਹੈ। ਪਹਿਲੇ ਅਧਿਐਨਾਂ ਵਿਚ ਕੋਰੋਨਾ ਰੋਗੀਆਂ ਵਿਚ ਬੇਨਿਯਮੀ ਧੜਕਣ ਦੇ ਉੱਚ ਪੱਧਰ 'ਤੇ ਮਾਮਲੇ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਖੋਜੀਆਂ ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਦਿਲ ਦੀ ਬੇਨਿਯਮੀ ਧੜਕਣ ਵਰਗੀਆਂ ਸਮੱਸਿਆਵਾਂ ਵਿਚ ਕੋਰੋਨਾ ਵਾਇਰਸ ਦੀ ਭੂਮਿਕਾ ਬਾਰੇ ਜ਼ਿਆਦਾ ਸਪੱਸ਼ਟ ਜਾਣਕਾਰੀ ਮੁਹਈਆ ਹੁੰਦੀ ਹੈ।
Heart
ਪੈਨਸਿਲਵੇਨੀਆ ਯੂਨੀਵਰਸਿਟੀ ਦੇ ਸੀਨੀਅਰ ਖੋਜੀ ਰਜਤ ਦੇਵ ਨੇ ਕਿਹਾ ਕਿ ਇਹ ਸਮਝਣਾ ਸਾਡੇ ਲਈ ਮਹੱਤਵਪੂਰਣ ਹੈ ਕਿ ਇਹ ਇਨਫ਼ੈਕਸ਼ਨ ਦਿਲ ਦੀ ਧੜਕਣ ਸਮੇਤ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕਰਦਾ ਹੈ। ਹਾਲ ਹੀ ਦੇ ਅਧਿਐਨ ਤੋਂ ਇਹ ਜ਼ਾਹਰ ਹੋ ਚੁਕਾ ਹੈ ਕਿ ਇਸ ਖ਼ਤਰਨਾਕ ਵਾਇਰਸ ਕਾਰਨ ਡਾਇਬਟੀਜ਼ ਅਤੇ ਦਿਲ ਦੇ ਰੋਗ ਸਣੇ ਨਰਵਸ ਸਿਸਟਮ ਸਬੰਧੀ ਕਈ ਗੰਭੀਰ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ।