
ਅਜਿਹਾ ਠੰਢੇ ਪਾਣੀ ਵਿਚ ਕੰਮ ਕਰਨ ’ਤੇ ਵੀ ਹੁੰਦਾ ਹੈ।
ਲੋਕਾਂ ’ਚ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਆਮ ਦੇਖੀ ਜਾਂਦੀ ਹੈ। ਉਂਝ ਤਾਂ ਇਹ ਆਮ ਸਮੱਸਿਆ ਹੈ ਪਰ ਜ਼ਿਆਦਾ ਦੇਰ ਤਕ ਸੁੰਨਾਪਨ ਰਹਿਣ ਕਾਰਨ ਸੋਜ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸਲ ਵਿਚ ਜਦੋਂ ਹੱਥ-ਪੈਰ ਬਾਹਰੀ ਮੌਸਮ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਬਲੱਡ ਸਰਕੁਲੇਸ਼ਨ ਘੱਟ ਹੋਣ ਲਗਦਾ ਹੈ। ਘਟਦਾ ਬਲੱਡ ਸਰਕੁਲੇਸ਼ਨ ਖ਼ੂਨ ਜੰਮਣ ਕਾਰਨ ਬਣਦਾ ਹੈ ਅਤੇ ਇਸ ਨਾਲ ਹੱਥ-ਪੈਰ ਸੁੰਨ ਹੋਣ ਲਗਦੇ ਹਨ ਜਿਸ ਨਾਲ ਚੀਜ਼ਾਂ ਦੀ ਪਕੜ ਘੱਟ ਹੋਣ ਦੇ ਨਾਲ-ਨਾਲ ਕੰਮ ਕਰਨ ਦੀ ਸਮਰੱਥਾ ਵੀ ਘਟਦੀ ਹੈ। ਅਜਿਹਾ ਠੰਢੇ ਪਾਣੀ ਵਿਚ ਕੰਮ ਕਰਨ ’ਤੇ ਵੀ ਹੁੰਦਾ ਹੈ।
ਸੁੰਨ ਹੋਏ ਹੱਥ-ਪੈਰ ਵਿਚ ਝਨਝਨਾਹਟ, ਦਰਦ ਅਤੇ ਕਮਜ਼ੋਰੀ ਦੇ ਲੱਛਣ ਦਿਖਾਈ ਦਿੰਦੇ ਹਨ। ਅਜਿਹਾ ਥਕਾਵਟ, ਨਾੜੀ ਦੇ ਦੱਬਣ, ਸਰੀਰ ਵਿਚ ਵਿਟਾਮਿਨਜ਼ ਅਤੇ ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਹੁੰਦਾ ਹੈ। ਜਦੋਂ ਬਲੱਡ ਸਰਕੁਲੇਸ਼ਨ ਘੱਟ ਹੋਣ ਕਾਰਨ ਸਰੀਰ ਦੇ ਅੰਗਾਂ ਵਿਚ ਆਕਸੀਜਨ ਦੀ ਆਪੂਰਤੀ ਹੋਣ ਲਗਦੀ ਹੈ ਤਾਂ ਸੁੰਨਾਪਨ ਮਹਿਸੂਸ ਹੁੰਦਾ ਹੈ।
ਹੱਥਾਂ-ਪੈਰਾਂ ਨੂੰ ਸੁੰਨ ਹੋਣ ਤੋਂ ਬਚਾਉਣ ਲਈ ਗਰਮ ਪਾਣੀ ਦੀ ਬੋਤਲ ਨਾਲ ਸਿੰਕਾਈ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲਗੇਗਾ ਅਤੇ ਨਾੜੀਆਂ ਨੂੰ ਵੀ ਆਰਾਮ ਮਿਲਦਾ ਹੈ। ਕੁੱਝ ਦੇਰ ਲਈ ਪੈਰਾਂ ਨੂੰ ਕੋਸੇ ਪਾਣੀ ਵਿਚ ਭਿਉਂ ਕੇ ਵੀ ਰੱਖ ਸਕਦੇ ਹੋ। ਇਸ ਨਾਲ ਬਹੁਤ ਆਰਾਮ ਮਿਲੇਗਾ। ਹੱਥ-ਪੈਰ ਸੁੰਨ ਹੋਣ ’ਤੇ ਸਰ੍ਹੋਂ ਦੇ ਕੋਸੇ ਤੇਲ ਨਾਲ ਮਸਾਜ ਕਰਨਾ ਸ਼ੁਰੂ ਕਰ ਦਿਉ। ਇਸ ਨਾਲ ਬਲੱਡ ਸਰਕੁਲੇਸ਼ਨ ਵਧਣ ਲੱਗੇਗਾ ਅਤੇ ਤੁਸੀਂ ਗਰਮਾਹਟ ਮਹਿਸੂਸ ਕਰੋਗੇ। ਖਾਣੇ ਵਿਚ ਸਿਹਤਮੰਦ ਖ਼ੁਰਾਕ ਸ਼ਾਮਲ ਕਰੋ। ਹਲਦੀ ਕੁਦਰਤੀ ਐਂਟੀ-ਆਕਸੀਡੈਂਟ ਹੈ ਜੋ ਬਲੱਡ ਸਰਕੁਲੇਸ਼ਨ ਵਧਾਉਂਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਗਰਮ ਦੁੱਧ ਵਿਚ ਅੱਧਾ ਛੋਟਾ ਚਮਚਾ ਹਲਦੀ ਪਾਊਡਰ ਪਾਉ। ਇਸ ਨਾਲ ਬਹੁਤ ਫ਼ਾਇਦਾ ਮਿਲੇਗਾ।
ਰੋਜ਼ਾਨਾ 30 ਮਿੰਟ ਕਸਰਤ ਜ਼ਰੂਰ ਕਰੋ। ਇਸ ਨਾਲ ਸਰੀਰ ਵਿਚ ਆਕਸੀਜਨ ਦੀ ਮਾਤਰਾ ਵਧਣ ਲਗਦੀ ਹੈ। ਯੋਗ ਅਤੇ ਐਰੋਬਿਕਸ ਵੀ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨਾਲ ਹੌਲੀ-ਹੌਲੀ ਪ੍ਰੇਸ਼ਾਨੀ ਘੱਟ ਹੋਣ ਲਗਦੀ ਹੈ। ਅਪਣੀ ਖ਼ੁਰਾਕ ਵਿਚ ਵਿਟਾਮਿਨ ਬੀ, ਬੀ6, ਬੀ12 ਨੂੰ ਜ਼ਰੂਰ ਸ਼ਾਮਲ ਕਰੋ। ਇਸ ਲਈ ਆਂਡਾ, ਦੁੱਧ, ਮੀਟ, ਕੇਲਾ, ਬੀਨਸ, ਮੱਛੀ, ਦਹੀਂ, ਡਰਾਈ ਫ਼ਰੂਟ, ਸਬਜ਼ੀਆਂ, ਫਲ ਆਦਿ ਖਾਉ। ਇਸ ਸਮੱਸਿਆ ਤੋਂ ਨਿਜਾਤ ਪਾਉਣ ਦਾਲਚੀਨੀ ਪਾਊਡਰ ਵੀ ਸੱਭ ਤੋਂ ਵਧੀਆ ਹੈ। 1 ਚਮਚਾ ਸ਼ਹਿਦ ਦੇ ਨਾਲ ਦਾਲਚੀਨੀ ਪਾਊਡਰ ਦਾ ਸੇਵਨ ਕਰੋ। ਇਸ ਤੋਂ ਬਾਅਦ ਗਰਮ ਦੁੱਧ ਪੀ ਲਉ।
ਸਰੀਰ ਦਾ ਜੋ ਹਿੱਸਾ ਸੁੰਨ ਪੈ ਰਿਹਾ ਹੈ ਉਸ ਨੂੰ ਲਟਕਾ ਕੇ ਨਾ ਰੱਖੋ। ਇਸ ਨਾਲ ਬਲੱਡ ਸਰਕੁਲੇਸ਼ਨ ਬਹੁਤ ਪ੍ਰਭਾਵਤ ਹੁੰਦਾ ਹੈ। ਪੈਰਾਂ ਨੂੰ ਟੇਬਲ ’ਤੇ ਰੱਖੋ। ਲੇਟਦੇ ਸਮੇਂ ਪੈਰਾਂ ਨੂੰ ਉੱਚੇ ਸਿਰਹਾਣੇ ’ਤੇ ਰੱਖੋ। ਹੱਥਾਂ ਨੂੰ ਵਿਚ-ਵਿਚ ਉਪਰ ਵਲ ਨੂੰ ਚੁਕਦੇ ਰਹੋ।