ਹਮੇਸ਼ਾ ਉਬਲੇ ਹੋਏ ਜਾਂ ਥੋੜ੍ਹੇ ਭੁੰਨੇ ਹੋਏ ਆਲੂ ਖਾਉ
ਮੁਹਾਲੀ: ਆਲੂ ਖਾਣ ਵਿਚ ਨਾ ਸਿਰਫ਼ ਸਵਾਦੀ ਹੁੰਦੇ ਹਨ ਬਲਕਿ ਪੌਸ਼ਟਿਕ ਤੱਤ ਨਾਲ ਭਰਪੂਰ ਆਲੂ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਪਰ ਸ਼ੂਗਰ ਦੇ ਮਰੀਜ਼ ਅਕਸਰ ਆਲੂ ਖਾਣ ਤੋਂ ਪ੍ਰਹੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸ਼ੂਗਰ ਲੈਵਲ ਵਧ ਸਕਦਾ ਹੈ। ਆਉ ਜਾਣਦੇ ਹਾਂ ਕਿ ਸ਼ੂਗਰ ਦੇ ਮਰੀਜ਼ ਆਲੂ ਖਾ ਸਕਦੇ ਹਨ ਜਾਂ ਨਹੀਂ:
ਸ਼ੂਗਰ ਦੇ ਮਰੀਜ਼ ਪੌਸ਼ਟਿਕ ਅਤੇ ਸਵਾਦ ਆਲੂ ਖਾ ਸਕਦੇ ਹਨ ਪਰ ਲਿਮਿਟ ਅਤੇ ਸਹੀ ਤਰੀਕੇ ਨਾਲ। ਦਰਅਸਲ ਇਨ੍ਹਾਂ ਵਿਚ ਕਾਰਬਜ਼ ਹੁੰਦੇ ਹਨ ਜਿਸ ਨਾਲ ਸ਼ੂਗਰ ਲੈਵਲ ਵੱਧ ਸਕਦਾ ਹੈ। ਅਜਿਹੇ ਵਿਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਦੇ ਸਮੇਂ ਕੱੁਝ ਸਾਵਧਾਨੀ ਵਰਤਣੀ ਚਾਹੀਦੀ ਹੈ। ਜਦੋਂ ਤੁਸੀਂ ਕੁੱਝ ਖਾਂਦੇ ਹੋ ਤਾਂ ਸਰੀਰ ਉਸ ਕਾਰਬਜ਼ ਨੂੰ ਸਿੰਪਲ ਕਾਰਬੋਹਾਈਡਰੇਟ ਵਿਚ ਬਦਲ ਦਿੰਦਾ ਹੈ ਜਿਸ ਨੂੰ ਗਲੂਕੋਜ਼ ਕਿਹਾ ਜਾਂਦਾ ਹੈ। ਜਦੋਂ ਇਹ ਗਲੂਕੋਜ਼ ਖ਼ੂਨ ਵਿਚ ਮਿਲਦਾ ਹੈ ਤਾਂ ਸ਼ੂਗਰ ਲੈਵਲ ਵੱਧ ਜਾਂਦਾ ਹੈ।
ਜੇਕਰ ਤੁਸੀਂ ਆਲੂ ਖਾਣੇ ਹੀ ਹਨ ਤਾਂ ਉਬਲੇ ਹੋਏ ਜਾਂ ਬੇਕਡ ਆਲੂ ਖਾਉ, ਤਲੇ ਹੋਏ, ਚਿਪਸ ਜਾਂ ਫ਼ਰੈਂਚ ਫ਼ਰਾਈ ਨਹੀਂ। ਬਿਨਾਂ ਨਮਕ ਦੇ ਛਿਲਕੇ ਦੇ ਨਾਲ ਉਬਲੇ ਹੋਏ 2/3 ਕੱਪ (100 ਗ੍ਰਾਮ) ਆਲੂ ਵਿਚ 87 ਕੈਲੋਰੀ, 77 ਫ਼ੀ ਸਦੀ ਪਾਣੀ, 1.9 ਗ੍ਰਾਮ ਪ੍ਰੋਟੀਨ, 20.1 ਗ੍ਰਾਮ ਕਾਰਬਜ਼, 0.9 ਗ੍ਰਾਮ ਸ਼ੂਗਰ, 1.8 ਗ੍ਰਾਮ ਫ਼ਾਈਬਰ ਅਤੇ 0.1 ਗ੍ਰਾਮ ਫ਼ੈਟ ਹੁੰਦਾ ਹੈ। ਆਲੂ ਦੀ ਬਜਾਏ ਤੁਸੀਂ ਅਪਣੀ ਡਾਇਟ ਵਿਚ ਸ਼ਕਰਕੰਦੀ ਵੀ ਸ਼ਾਮਲ ਕਰ ਸਕਦੇ ਹੋ, ਜੋ ਸਰਦੀਆਂ ਵਿਚ ਖਾਧੀ ਜਾਂਦੀ ਹੈ। ਇਸ ਦਾ ਸਵਾਦ ਲਗਭਗ ਆਲੂ ਦੀ ਤਰ੍ਹਾਂ ਹੀ ਹੁੰਦਾ ਹੈ ਪਰ ਇਸ ਵਿਚ ਆਲੂ ਨਾਲੋਂ ਜ਼ਿਆਦਾ ਪੌਸਟਿਕ ਤੱਤ ਹੁੰਦੇ ਹਨ।
ਹਮੇਸ਼ਾ ਉਬਲੇ ਹੋਏ ਜਾਂ ਥੋੜ੍ਹੇ ਭੁੰਨੇ ਹੋਏ ਆਲੂ ਖਾਉ। ਨਾਲ ਹੀ ਇਨ੍ਹਾਂ ਨੂੰ ਸੇਮ, ਗਾਜਰ, ਮਟਰਾਂ ਜਿਹੀਆਂ ਸਬਜ਼ੀਆਂ ਨਾਲ ਪਕਾ ਕੇ ਖਾਉ। ਆਲੂ ਦੀ ਬਜਾਏ ਤੁਸੀਂ ਅਪਣੀ ਡਾਇਟ ਵਿਚ ਹੋਰ ਹੈਲਥੀ ਵਿਕਲਪ ਅਤੇ ਨਾਨ-ਸਟਾਰਚ ਸਬਜ਼ੀਆਂ ਜਿਵੇਂ ਸ਼ਕਰਕੰਦੀ, ਬ੍ਰੋਕਲੀ, ਗਾਜਰ, ਸ਼ਿਮਲਾ ਮਿਰਚ, ਪਾਲਕ, ਸਾਗ, ਟਮਾਟਰ, ਚੁਕੰਦਰ ਸ਼ਾਮਲ ਕਰੋ।