ਪ੍ਰਧਾਨ ਮੰਤਰੀ ਮੋਦੀ ਅਪਣੀ ਸਰਕਾਰੀ ਰਿਹਾਇਸ਼ ’ਤੇ ਸੈਮੀਕੰਡਕਟਰ ਸੈਕਟਰ ਦੇ ਚੋਟੀ ਦੇ ਅਧਿਕਾਰੀਆਂ ਅਤੇ ਮਾਹਰਾਂ ਦੀ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਵੰਨ-ਸੁਵੰਨੀ ਸੈਮੀਕੰਡਕਟਰ ਸਪਲਾਈ ਚੇਨ ’ਚ ਭਰੋਸੇਮੰਦ ਖਿਡਾਰੀ ਬਣਨ ਦੀ ਸਮਰੱਥਾ ਹੈ ਅਤੇ ਸਰਕਾਰ ਅਨੁਕੂਲ ਅਤੇ ਸਥਿਰ ਨੀਤੀ ਪ੍ਰਣਾਲੀ ਦੀ ਪਾਲਣਾ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਅਪਣੀ ਸਰਕਾਰੀ ਰਿਹਾਇਸ਼ ’ਤੇ ਸੈਮੀਕੰਡਕਟਰ ਸੈਕਟਰ ਦੇ ਚੋਟੀ ਦੇ ਅਧਿਕਾਰੀਆਂ ਅਤੇ ਮਾਹਰਾਂ ਦੀ ਗੋਲਮੇਜ਼ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਗੀਦਾਰਾਂ ਦੇ ਵਿਚਾਰ ਨਾ ਸਿਰਫ ਉਨ੍ਹਾਂ ਦੇ ਕਾਰੋਬਾਰ ਨੂੰ ਆਕਾਰ ਦੇਣਗੇ ਬਲਕਿ ਭਾਰਤ ਦੇ ਭਵਿੱਖ ਨੂੰ ਵੀ ਆਕਾਰ ਦੇਣਗੇ।
ਆਉਣ ਵਾਲੇ ਸਮੇਂ ਨੂੰ ਤਕਨਾਲੋਜੀ ਅਧਾਰਤ ਦੱਸਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੈਮੀਕੰਡਕਟਰ ਡਿਜੀਟਲ ਯੁੱਗ ਦੀ ਨੀਂਹ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਸੈਮੀਕੰਡਕਟਰ ਉਦਯੋਗ ਬੁਨਿਆਦੀ ਜ਼ਰੂਰਤਾਂ ਦੀ ਨੀਂਹ ਵੀ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਅਤੇ ਤਕਨਾਲੋਜੀ ਮਿਲ ਕੇ ਮਨੁੱਖਤਾ ਦੀ ਭਲਾਈ ਨੂੰ ਯਕੀਨੀ ਬਣਾ ਸਕਦੇ ਹਨ ਅਤੇ ਭਾਰਤ ਸੈਮੀਕੰਡਕਟਰ ਖੇਤਰ ’ਚ ਅਪਣੀ ਗਲੋਬਲ ਜ਼ਿੰਮੇਵਾਰੀ ਨੂੰ ਮਾਨਤਾ ਦਿੰਦੇ ਹੋਏ ਇਸ ਰਾਹ ’ਤੇ ਚੱਲ ਰਿਹਾ ਹੈ।
ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ’ਚ ਵੰਨ-ਸੁਵੰਨੀ ਸੈਮੀਕੰਡਕਟਰ ਸਪਲਾਈ ਚੇਨ ’ਚ ਭਰੋਸੇਮੰਦ ਭਾਈਵਾਲ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਉਪਲਬਧਤਾ ਲਈ ਭਾਰਤ ’ਚ ਪ੍ਰਤਿਭਾ ਦੀ ਮੌਜੂਦਗੀ ਅਤੇ ਹੁਨਰ ’ਤੇ ਸਰਕਾਰ ਦੇ ਧਿਆਨ ਕੇਂਦਰਿਤ ਕਰਨ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਭਾਰਤ ਦਾ ਧਿਆਨ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਉਤਪਾਦਾਂ ਨੂੰ ਵਿਕਸਤ ਕਰਨ ’ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਉੱਚ ਤਕਨਾਲੋਜੀ ਬੁਨਿਆਦੀ ਢਾਂਚੇ ’ਚ ਨਿਵੇਸ਼ ਲਈ ਇਕ ਵੱਡਾ ਬਾਜ਼ਾਰ ਹੈ ਅਤੇ ਸੈਮੀਕੰਡਕਟਰ ਸੈਕਟਰ ਦੀਆਂ ਦਿੱਗਜ ਕੰਪਨੀਆਂ ਦਾ ਉਤਸ਼ਾਹ ਸਰਕਾਰ ਨੂੰ ਇਸ ਖੇਤਰ ਲਈ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਸੈਮੀਕੰਡਕਟਰ ਸੈਕਟਰ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਤਾ ਕਿ ਸਰਕਾਰ ਅਨੁਕੂਲ ਅਤੇ ਸਥਿਰ ਨੀਤੀ ਪ੍ਰਣਾਲੀ ਦੀ ਪਾਲਣਾ ਕਰੇਗੀ। ‘ਮੇਕ ਇਨ ਇੰਡੀਆ’ ਅਤੇ ‘ਮੇਕ ਫਾਰ ਦਿ ਵਰਲਡ’ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਸਰਕਾਰ ਹਰ ਕਦਮ ’ਤੇ ਉਦਯੋਗ ਦਾ ਸਮਰਥਨ ਕਰਨਾ ਜਾਰੀ ਰੱਖੇਗੀ।
ਮੀਟਿੰਗ ’ਚ ਸ਼ਾਮਲ ਹੋਏ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਸੈਮੀਕੰਡਕਟਰ ਸੈਕਟਰ ਦੇ ਵਿਕਾਸ ਲਈ ਭਾਰਤ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਸੈਮੀਕੰਡਕਟਰ ਉਦਯੋਗ ਦੇ ਵਿਸ਼ਾਲ ਵਿਕਾਸ ਅਤੇ ਭਵਿੱਖ ਦੇ ਦਾਇਰੇ ਬਾਰੇ ਗੱਲ ਕੀਤੀ।
ਸੈਮੀਕੰਡਕਟਰ ਸੈਕਟਰ ਦੇ ਸੀ.ਈ.ਓ. ਨੇ ਕਿਹਾ ਕਿ ਉਦਯੋਗ ਦੀ ਗੰਭੀਰਤਾ ਭਾਰਤ ਵਲ ਬਦਲਣੀ ਸ਼ੁਰੂ ਹੋ ਗਈ ਹੈ ਅਤੇ ਇੱਥੇ ਅਨੁਕੂਲ ਵਾਤਾਵਰਣ ਨੇ ਭਾਰਤ ਨੂੰ ਸੈਮੀਕੰਡਕਟਰ ਸੈਕਟਰ ’ਚ ਵਿਸ਼ਵ ਦੇ ਨਕਸ਼ੇ ’ਤੇ ਲਿਆ ਦਿਤਾ ਹੈ।
ਮੀਟਿੰਗ ’ਚ ਮੁੱਖ ਮੰਤਰੀ, ਮਾਈਕ੍ਰੋਨ, ਐਨਐਕਸਪੀ, ਪੀ.ਐਸ.ਐਮ.ਸੀ., ਆਈ.ਐਮ.ਈ.ਸੀ., ਰੇਨੇਸਸ, ਟੀ.ਈ.ਪੀ.ਐਲ., ਟੋਕੀਓ ਇਲੈਕਟ੍ਰੋਨ ਲਿਮਟਿਡ, ਟਾਵਰ, ਸਿਨੋਪਸਿਸ, ਕੈਡੈਂਸ, ਰੈਪਿਡਸ, ਜੈਕਬਸ, ਜੇ.ਐਸ.ਆਰ., ਇਨਫੀਨੀਅਨ, ਐਡਵਾਂਟੇਜ, ਟੇਰਾਡਾਇਨ, ਅਪਲਾਈਡ ਮੈਟੀਰੀਅਲਜ਼, ਲੈਮ ਰੀਸਰਚ, ਮਰਕ, ਸੀ.ਜੀ. ਪਾਵਰ ਅਤੇ ਕੇਨਜ਼ ਟੈਕਨੋਲੋਜੀ ਸਮੇਤ ਵੱਖ-ਵੱਖ ਸੰਗਠਨਾਂ ਦੇ ਸੀ.ਈ.ਓ., ਮੁਖੀ ਅਤੇ ਨੁਮਾਇੰਦੇ ਸ਼ਾਮਲ ਹੋਏ।
ਸਟੈਨਫੋਰਡ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ ਸੈਨ ਡਿਏਗੋ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਭੁਵਨੇਸ਼ਵਰ ਦੇ ਪ੍ਰੋਫੈਸਰ ਵੀ ਮੀਟਿੰਗ ’ਚ ਮੌਜੂਦ ਸਨ।