
ਮਾਰਚ 2025 ਦੌਰਾਨ ਘਰੇਲੂ ਏਅਰਲਾਈਨਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 145.42 ਲੱਖ ਸੀ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ 133.68 ਲੱਖ ਸੀ।
ਨਵੀਂ ਦਿੱਲੀ : ਦੇਸ਼ ’ਚ ਮਾਰਚ ’ਚ 1.45 ਕਰੋੜ ਲੋਕਾਂ ਨੇ ਘਰੇਲੂ ਏਅਰਲਾਈਨਾਂ ਰਾਹੀਂ ਯਾਤਰਾ ਕੀਤੀ। ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਨਾਲੋਂ 8.79 ਪ੍ਰਤੀਸ਼ਤ ਵੱਧ ਹੈ। ਇਹ ਜਾਣਕਾਰੀ ਸਨਿਚਵਾਰ ਨੂੰ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਵਿਚ ਦਿਤੀ ਗਈ ਹੈ। ਪਿਛਲੇ ਸਾਲ ਮਾਰਚ ਵਿਚ ਕੁੱਲ 1.33 ਕਰੋੜ ਲੋਕਾਂ ਨੇ ਭਾਰਤੀ ਏਅਰਲਾਈਨ ਕੰਪਨੀਆਂ ਰਾਹੀਂ ਯਾਤਰਾ ਕੀਤੀ ਸੀ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਅਪਣੀ ਮਾਸਿਕ ਘਰੇਲੂ ਯਾਤਰੀ ਆਵਾਜਾਈ ਰਿਪੋਰਟ ਵਿਚ ਕਿਹਾ,‘‘ਮਾਰਚ 2025 ਦੌਰਾਨ ਘਰੇਲੂ ਏਅਰਲਾਈਨਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 145.42 ਲੱਖ ਸੀ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ 133.68 ਲੱਖ ਸੀ।
ਪਿਛਲੇ ਮਹੀਨੇ ਇੰਡੀਗੋ ਰਾਹੀਂ ਕੁੱਲ 93.1 ਲੱਖ ਲੋਕਾਂ ਨੇ ਯਾਤਰਾ ਕੀਤੀ, ਜਿਸ ਨਾਲ ਇਸ ਨੂੰ 64 ਪ੍ਰਤੀਸ਼ਤ ਦਾ ਬਾਜ਼ਾਰ ਹਿੱਸਾ ਮਿਲਿਆ। ਦੋ ਹੋਰ ਵੱਡੀਆਂ ਏਅਰਲਾਈਨਾਂ- ਅਕਾਸਾ ਏਅਰ ਅਤੇ ਸਪਾਈਸਜੈੱਟ - ਨੇ ਇਸ ਸਾਲ ਮਾਰਚ ਵਿਚ ਕ੍ਰਮਵਾਰ 7.2 ਲੱਖ ਅਤੇ 4.8 ਲੱਖ ਯਾਤਰੀਆਂ ਨੂੰ ਸਫਰ ਕਰਾਇਆ। ਪ੍ਰਮੁੱਖ ਹਵਾਈ ਅੱਡਿਆਂ - ਬੈਂਗਲੁਰੂ, ਦਿੱਲੀ, ਹੈਦਰਾਬਾਦ ਅਤੇ ਮੁੰਬਈ ਲਈ ਉਡਾਣਾਂ ਸਮੇਂ ਸਿਰ ਰਵਾਨਗੀ ਜਾਂ ਸਮੇਂ ਸਿਰ ਪਹੁੰਚਣ ਦੀ ਗਣਨਾ ਕੀਤੀ ਗਈ ਹੈ। (ਏਜੰਸੀ)